ਟਿਕਟ ਚੈਕਿੰਗ ਸਟਾਫ਼ ਨੇ ਨਾਬਾਲਗ ਬੱਚਾ ਆਰਪੀਐੱਫ ਹਵਾਲੇ ਕੀਤਾ
ਟਿਕਟ ਚੈਕਿੰਗ ਸਟਾਫ਼ ਨੇ ਨਾਬਾਲਗ ਬੱਚੇ ਨੂੰ ਮਾਪਿਆਂ ਤੱਕ ਪਹੁੰਚਾਉਣ ਲਈ ਆਰਪੀਐੱਫ ਦੇ ਹਵਾਲੇ ਕੀਤਾ
Publish Date: Mon, 12 Jan 2026 03:29 PM (IST)
Updated Date: Mon, 12 Jan 2026 03:30 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਰੇਲਵੇ ਦੇ ਟਿਕਟ ਚੈਕਿੰਗ ਸਟਾਫ਼ ਦੀ ਚੌਕਸੀ ਅਤੇ ਇਨਸਾਨੀਅਤ ਸਦਕਾ ਇਕ ਨਾਬਾਲਗ ਬੱਚੇ ਨੂੰ ਸੁਰੱਖਿਅਤ ਉਸਦੇ ਪਰਿਵਾਰ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਬੀਤੇ ਦਿਨ ਰੇਲ ਗੱਡੀ ਸੰਖਿਆ 04652 (ਅੰਮ੍ਰਿਤਸਰ-ਜੈਨਗਰ ਕਲੋਨ ਸਪੈਸ਼ਲ) ਵਿੱਚ ਡਿਊਟੀ ’ਤੇ ਤਾਇਨਾਤ ਟਿਕਟ ਚੈਕਿੰਗ ਸਟਾਫ਼ ਪੰਕਜ ਕੁਮਾਰ ਅਤੇ ਬਾਲ ਕ੍ਰਿਸ਼ਨ, ਜਿਨ੍ਹਾਂ ਦਾ ਮੁੱਖ ਦਫ਼ਤਰ ਅੰਮ੍ਰਿਤਸਰ ਹੈ, ਕੋਚ ਨੰਬਰ 2-9 ਵਿਚ ਟਿਕਟਾਂ ਦੀ ਜਾਂਚ ਕਰ ਰਹੇ ਸਨ। ਕਰਨਾਲ ਸਟੇਸ਼ਨ ਦੇ ਨੇੜੇ ਜਾਂਚ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਇੱਕ 9-10 ਸਾਲ ਦਾ ਬੱਚਾ ਇਕੱਲਾ ਸਫ਼ਰ ਕਰ ਰਿਹਾ ਸੀ। ਦੋਵਾਂ ਟਿਕਟ ਚੈਕਿੰਗ ਮੁਲਾਜ਼ਮਾਂ ਨੇ ਚੌਕਸੀ ਅਤੇ ਮਾਨਵੀ ਸੰਵੇਦਨਸ਼ੀਲਤਾ ਦਾ ਸਬੂਤ ਦਿੰਦਿਆਂ ਬੱਚੇ ਕੋਲੋਂ ਉਸ ਦੇ ਪਰਿਵਾਰ ਅਤੇ ਪਤੇ ਬਾਰੇ ਜਾਣਕਾਰੀ ਲੈਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਜਦੋਂ ਬੱਚੇ ਕੋਲੋਂ ਕੋਈ ਪੁਖਤਾ ਜਾਣਕਾਰੀ ਨਾ ਮਿਲ ਸਕੀ, ਤਾਂ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਨ੍ਹਾਂ ਨੇ ਤੁਰੰਤ ਕਮਰਸ਼ੀਅਲ ਕੰਟਰੋਲ ਰੂਮ, ਨਵੀਂ ਦਿੱਲੀ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਬੱਚੇ ਨੂੰ ਪੂਰੀ ਸੁਰੱਖਿਆ ਦੇ ਨਾਲ ਰੇਲਵੇ ਸੁਰੱਖਿਆ ਬਲ, ਦਿੱਲੀ ਦੇ ਹਵਾਲੇ ਕਰ ਦਿੱਤਾ ਗਿਆ ਤਾਂ ਜੋ ਬੱਚੇ ਨੂੰ ਸੁਰੱਖਿਅਤ ਉਸਦੇ ਪਰਿਵਾਰ ਤੱਕ ਪਹੁੰਚਾਇਆ ਜਾ ਸਕੇ। ਇਸ ਪੂਰੇ ਮਾਮਲੇ ਵਿਚ ਰੇਲਵੇ ਸਟਾਫ਼ ਨੇ ਬਹੁਤ ਹੀ ਜ਼ਿੰਮੇਵਾਰੀ, ਚੌਕਸੀ ਅਤੇ ਇਨਸਾਨੀਅਤ ਦਾ ਪ੍ਰਦਰਸ਼ਨ ਕੀਤਾ ਹੈ। ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਟਿਕਟ ਚੈਕਿੰਗ ਸਟਾਫ਼ ਦੀ ਤੁਰੰਤ ਕਾਰਵਾਈ ਅਤੇ ਚੌਕਸੀ ਦੇ ਨਤੀਜੇ ਵਜੋਂ ਇਕ ਨਾਬਾਲਗ ਬੱਚੇ ਨੂੰ ਸੁਰੱਖਿਅਤ ਉਸਦੇ ਪਰਿਵਾਰ ਨਾਲ ਮਿਲਾਉਣ ਦਾ ਪ੍ਰਬੰਧ ਕੀਤਾ ਗਿਆ।