ਤਿੰਨ ਰੋਜ਼ਾ ਪੰਜਾਬ ਸਖੀ ਸ਼ਕਤੀ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ
ਤਿੰਨ ਰੋਜ਼ਾ ਪੰਜਾਬ ਸਖੀ ਸ਼ਕਤੀ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ
Publish Date: Mon, 09 Mar 2026 04:06 PM (IST)
Updated Date: Mon, 09 Mar 2026 04:09 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਸਰਕਾਰ ਦੇ ਨਿਰਦੇਸ਼ਾਂ ਹੇਠ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਵੱਲੋਂ ਮੇਲਾ ਗਰਾਉਂਡ ਸਾਹਮਣੇ ਸ਼ੀਤਲਾ ਮਾਤਾ ਮੰਦਿਰ ਫਿਰੋਜ਼ਪੁਰ ਛਾਉਣੀ ਵਿਖ਼ੇ ਕਰਵਾਇਆ ਗਿਆ 3 ਰੋਜ਼ਾ ਪੰਜਾਬ ਸਖੀ ਸ਼ਕਤੀ ਮੇਲਾ ਅਮਿੱਟ ਯਾਦਾਂ ਛੱਡਦਿਆਂ ਸੰਪੰਨ ਹੋ ਗਿਆ ਹੈ। ਇਸ ਤਿੰਨ ਰੋਜ਼ਾ ਪੰਜਾਬ ਸਖੀ ਸ਼ਕਤੀ ਮੇਲੇ ਦਾ ਮੁੱਖ ਮਕਸਦ ਪੰਜਾਬ ਸਰਕਾਰ ਵੱਲੋਂ ਸਵੈ ਸਹਾਇਤਾ ਸਮੂਹਾਂ ਖਾਸ ਕਰਕੇ ਉੱਦਮੀ ਔਰਤਾਂ ਦੀ ਮਦਦ ਕਰਨ ਤੇ ਉਨ੍ਹਾਂ ਨੂੰ ਇਕ ਮੰਚ ਮੁਹੱਈਆ ਕਰਵਾਉਣਾ ਹੈ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕ੍ਰਿਸ਼ਨਾ ਪਾਲ ਰਾਜਪੂਤ ਨੇ ਮੇਲੇ ਵਿਚ ਸ਼ਿਰਕਤ ਕਰਨ ਲਈ ਆਏ ਵੱਖ-ਵੱਖ ਮਹਿਮਾਨਾਂ ਤੇ ਲੋਕਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਉੱਦਮੀ ਔਰਤਾਂ ਤੇ ਸ਼ਿਲਪਕਾਰਾਂ ਵੱਲੋਂ ਬਣਾਈਆਂ ਵਸਤਾਂ ਨੂੰ ਇੱਕੋ ਮੰਚ ਮੁਹੱਈਆ ਕਰਵਾਉਣ ਲਈ ਪੰਜਾਬ ਸਖੀ ਸ਼ਕਤੀ ਮੇਲਾ ਚੱਲ ਰਿਹਾ ਸੀ ਤੇ ਅੱਜ ਇਸ ਮੇਲੇ ਦਾ ਆਖਰੀ ਦਿਨ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੀਪਸਿਖ਼ਾ ਸ਼ਰਮਾ ਦੀ ਅਗਵਾਈ ਹੇਠ ਆਯੋਜਿਤ ਇਸ ਮੇਲੇ ਦੇ ਆਖ਼ਰੀ ਦਿਨ ਵੱਖ-ਵੱਖ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਅਤੇ ਲੋਕ ਗਾਇਕਾਂ ਵੱਲੋਂ ਸ਼ਬਦ ਗਾਇਨ, ਪੰਜਾਬੀ ਲੋਕ ਨਾਚ, ਗਿੱਧਾ, ਭੰਗੜਾ, ਗੀਤ, ਕਵਿਤਾਵਾਂ ਤੇ ਨਾਟਕ ਆਦਿ ਦੀ ਪੇਸ਼ਕਾਰੀ ਨੇ ਖੂਬ ਰੰਗ ਬੰਨਿ੍ਹਆ। ਇਸ ਮੇਲੇ ਵਿਚ ਨੌਰਥ ਜੋਨ ਕਲਚਰ ਸੈਂਟਰ ਵੱਲੋਂ ਵੱਖ-ਵੱਖ ਅੱਠ ਸੂਬਿਆਂ ਦੇ ਡਾਂਸ ਪਰਫੋਰਮੈਂਸ ਕੀਤੀ ਗਈ੍ਟ ਇਸ ਦੌਰਾਨ ਵੱਖ-ਵੱਖ ਕਾਲਜਾਂ ਅਤੇ ਹੋਰਨਾਂ ਸਟੇਟਾਂ ਤੋਂ ਆਈਆਂ ਟੀਮਾਂ ਵੱਲੋਂ ਸੋਲੋ ਲੋਕ ਗੀਤ, ਗਰੁੱਪ ਡਾਂਸ, ਨੁੱਕੜ ਨਾਟਕ, ਭੰਗੜਾ ਆਦਿ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ। ਮੇਲੇ ਵਿਚ ਜਿੱਥੇ ਵੱਖ-ਵੱਖ ਕਲਾਕਾਰਾਂ ਨੇ ਰੰਗ ਬੰਨਿ੍ਹਆ, ਉਥੇ ਵਿਸ਼ੇਸ਼ ਤੌਰ ’ਤੇ ਪੰਜਾਬੀ ਲੋਕ ਗਾਇਕਾ ਅਮਨ ਰੋਜ਼ੀ ਨੇ ਆਪਣੇ ਗੀਤਾਂ ਰਾਹੀਂ ਸਮੂਹ ਹਾਜ਼ਰੀਨ ਨੂੰ ਝੂਮਣ ਲਾਇਆ। ਇਸ ਮੇਲੇ ਵਿਚ ਵੱਖ ਵੱਖ ਜ਼ਿਲ੍ਹੇ ਦੇ ਪਿੰਡਾਂ ਤੋਂ ਉੱਦਮੀ ਆਪਣੇ ਉਤਪਾਦ ਲੈ ਕੇ ਪੁੱਜੇ ਤੇ ਮੇਲੇ ਵਿਚ ਵੱਖ ਵੱਖ ਤਰ੍ਹਾਂ ਦੇ ਪਕਵਾਨਾਂ, ਸ਼ਿਲਪਕਾਰੀ ਵਸਤਾਂ, ਪੌਦਿਆਂ ਦੀ ਸਟਾਲ, ਹੱਥੀ ਬਣੇ ਸਾਜੋ ਸਮਾਨ, ਸੁੰਦਰਤਾ ਉਤਪਾਦ, ਵੱਖ ਵੱਖ ਤਰ੍ਹਾਂ ਦੇ ਅਚਾਰ, ਮੁਰੱਬੇ ਆਦਿ ਦੀਆਂ ਸਟਾਲਾਂ ਅਤੇ ਬੱਚਿਆਂ ਦੇ ਮਨੋਰੰਜਨ ਲਈ ਵੱਖ ਵੱਖ ਝੂਲੇ ਲਗਾਏ ਗਏ। ਜਿੱਥੇ ਆਮ ਲੋਕਾਂ ਵੱਲੋਂ ਮੇਲੇ ਵਿਚ ਭਰਵੀਂ ਸ਼ਮੂਲੀਅਤ ਕੀਤੀ ਗਈ ਤੇ ਉੱਥੇ ਹੀ ਮੇਲੇ ਵਿਚ ਵੱਖ ਵੱਖ ਸਟਾਲਾਂ ਤੋਂ ਖੂਬ ਖ਼ਰੀਦੋ ਫ਼ਰੋਖ਼ਤ ਕੀਤੀ ਗਈ। ਅੰਤ ਵਿਚ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਪੇਸ਼ਕਾਰੀਆਂ ਕਰਨ ਵਾਲੇ ਸਕੂਲੀ ਬੱਚਿਆਂ ਨੂੰ ਇਨਾਮਾਂ ਨਾਲ ਸਨਮਾਨਿਆ ਗਿਆ।