ਮਮਦੋਟ ’ਚ ਦੋ ਵੱਖ-ਵੱਖ ਹਾਦਸਿਆਂ ’ਚ ਤਿੰਨ ਜ਼ਖਮੀ
ਮਮਦੋਟ ਅਤੇ ਫਿਰੋਜ਼ਪੁਰ ਖੇਤਰ ਵਿੱਚ ਦੋ ਵੱਖ-ਵੱਖ ਹਾਦਸਿਆਂ ’ਚ ਤਿੰਨ ਜ਼ਖਮੀ
Publish Date: Fri, 23 Jan 2026 06:36 PM (IST)
Updated Date: Fri, 23 Jan 2026 06:37 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਾਈਨਾ ਡੋਰ ਦੀ ਵਿਕਰੀ ’ਤੇ ਲਗਾਈ ਸਖ਼ਤ ਪਾਬੰਦੀ ਦੇ ਬਾਵਜੂਦ, ਬਸੰਤ ਪੰਚਮੀ ਦੇ ਤਿਉਹਾਰ ਦੌਰਾਨ ਇਸ ਖੂਨੀ ਡੋਰ ਨੇ ਕਈ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਫਿਰੋਜ਼ਪੁਰ ਜ਼ਿਲ੍ਹੇ ਵਿਚ ਵਾਪਰੀਆਂ ਦੋ ਵੱਖ-ਵੱਖ ਘਟਨਾਵਾਂ ਵਿਚ ਤਿੰਨ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ। ਮਮਦੋਟ ਨੇੜੇ ਨੌਜਵਾਨ ਗੰਭੀਰ ਜ਼ਖਮੀ ਪਹਿਲਾ ਹਾਦਸਾ ਮਮਦੋਟ ਦੇ ਨੇੜਲੇ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਵਾਪਰਿਆ, ਜਿੱਥੇ ਬਲਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਕਾਰਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।ਇਸੇ ਤਰ੍ਹਾਂ ਦਵਾਈ ਲੈ ਕੇ ਪਰਤ ਰਹੇ ਨੌਜਵਾਨ ਹੋਏ ਸ਼ਿਕਾਰ ਦੂਜੀ ਘਟਨਾ ਪਿੰਡ ਖਾਈ ਫੇਮੇ ਕੇ ਦੇ ਨਜ਼ਦੀਕ ਵਾਪਰੀ। ਮਮਦੋਟ ਦੇ ਪਿੰਡ ਲਖਮੀਰ ਕੇ ਉਤਾੜ (ਭੱਟੀਆਂ) ਦਾ ਰਹਿਣ ਵਾਲਾ ਦਵਿੰਦਰ ਸਿੰਘ ਪ੍ਰਭ ਆਪਣੇ ਸਾਥੀ ਜਸਵਿੰਦਰ ਸਿੰਘ ਜੱਸਾ ਨਾਲ ਫਿਰੋਜ਼ਪੁਰ ਤੋਂ ਦਵਾਈ ਲੈ ਕੇ ਮੋਟਰਸਾਈਕਲ ’ਤੇ ਵਾਪਸ ਪਰਤ ਰਿਹਾ ਸੀ। ਅਚਾਨਕ ਰਸਤੇ ਵਿੱਚ ਚਾਈਨਾ ਡੋਰ ਦਵਿੰਦਰ ਦੇ ਗਲੇ ਵਿੱਚ ਫਸ ਗਈ। ਪਿੱਛੇ ਬੈਠੇ ਸਾਥੀ ਜਸਵਿੰਦਰ ਨੇ ਮੁਸਤੈਦੀ ਦਿਖਾਉਂਦੇ ਹੋਏ ਡੋਰ ਨੂੰ ਹੱਥ ਨਾਲ ਉੱਪਰ ਚੁੱਕਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਸ ਦੀਆਂ ਉਂਗਲਾਂ ਬੁਰੀ ਤਰ੍ਹਾਂ ਕੱਟੀਆਂ ਗਈਆਂ। ਇਸ ਹਾਦਸੇ ਵਿਚ ਦਵਿੰਦਰ ਸਿੰਘ ਦੇ ਗਲੇ ’ਤੇ ਦੋ ਗੰਭੀਰ ਕੱਟ ਲੱਗੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਅਜਿਹੀ ਖੂਨੀ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸਿਰਫ਼ ਜੁਰਮਾਨਾ ਹੀ ਨਹੀਂ, ਸਗੋਂ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ।