ਵਿਸਾਖੀ ’ਤੇ ਇਸ ਵਾਰ ਵੀ ਦਰਿਆ ਸਤਲੁਜ ’ਚ ਇਸ਼ਨਾਨ ’ਤੇ ਰਹੀ ਪਾਬੰਦੀ !
ਵਿਸਾਖੀ ’ਤੇ ਇਸ ਵਾਰ ਵੀ ਦਰਿਆ ਸੱਤਲੁਜ ’ਚ ਇਸ਼ਨਾਨ ’ਤੇ ਰਹੀ ਪਾਬੰਧੀ !
Publish Date: Thu, 16 Apr 2026 06:22 PM (IST)
Updated Date: Fri, 17 Apr 2026 04:15 AM (IST)

ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ, ਫਿਰੋਜ਼ਪੁਰ, ; ਵਿਸਾਖੀ ਦੇ ਪਾਵਨ ਤਿਉਹਾਰ ਮੌਕੇ ਹਿੰਦ ਪਾਕਿ ਕੌਮਾਂਤਰੀ ਸਰਹੱਦ ’ਤੇ ਸਥਿਤ ਹੂਸੈਨੀਵਾਲਾ ਸ਼ਹੀਦੀ ਸਮਾਰਕਾਂ ’ਤੇ ਇਸ ਵਾਰ ਵੀ ਸ਼ਰਧਾ, ਉਤਸਾਹ ਅਤੇ ਦੇਸ਼ ਭਗਤੀ ਦਾ ਸੁਮੇਲ ਵੇਖਣ ਨੂੰ ਮਿਲਿਆ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵਿਸਾਖੀ ਮੌਕੇ ਪੰਜਾਬ ਦੇ ਨਾਲ-ਨਾਲ ਰਾਜਸਥਾਨ , ਹਰਿਆਣਾ ਅਤੇ ਹੋਰ ਸੂਬਿਆਂ ਤੋਂ ਵੀ ਵੱਡੀ ਗਿਣਤੀ ਵਿੱਚ ਲੋਕ ਇੱਥੇ ਪਹੁੰਚੇ । ਹਾਲਾਂਕਿ, ਦਰਿਆ ਸਤਲੁਜ ’ਚ ਇਸ਼ਨਾਨ ਕਰਨ ਦੀ ਉਮੀਦ ਨਾਲ ਆਏ ਵੱਡੀ ਉਮਰ ਦੇ ਕਈ ਸ਼ਰਧਾਲੂ ਇਸ ਵਾਰ ਵੀ ਨਿਰਾਸ਼ ਰਹੇ। ਕੌਮਾਂਤਰੀ ਸਰਹੱਦ ’ਤੇ ਤਾਰਬੰਦੀ ਹੋਣ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਇੱਥੇ ਇਸ਼ਨਾਨ ’ਤੇ ਪਾਬੰਦੀ ਲੱਗੀ ਹੋਈ ਹੈ। ਬੀਐਸਐਫ ਅਧਿਕਾਰੀਆਂ ਦੇ ਅਨੁਸਾਰ, ਇਸ਼ਨਾਨ ਸਥੱਲ ਪਾਕਿਸਤਾਨੀ ਬਾਰਡਰ ਤੋਂ ਕੇਵਲ 100 ਮੀਟਰ ਦੀ ਦੂਰੀ ’ਤੇ ਸਥਿਤ ਹੈ, ਜਿਸ ਕਾਰਨ ਕੋਈ ਵੀ ਢਿੱਲ ਨਹੀਂ ਦਿੱਤੀ ਜਾ ਸਕਦੀ।ਪਰ ਲੋਕਾਂ ਅਨੁਸਾਰ ਪਾਕਿਸਤਾਨ ਦੇ ਸਾਹਮਣੇ ਪੈਂਦੇ ਇਸ ਘਾਟ ’ਤੇ ਇਸ਼ਨਾਨ ਦੀ ਬਹੁਤ ਮਾਣਤਾ ਹੈ।ਪੁਰਾਣੇ ਵੇਲਿਆਂ ਵਿੱਚ ਵਿਸਾਖੀ ਅਤੇ ਮੱਸਿਆ ਵਾਲੇ ਦਿਨ ਇਸ ਸਥਾਨ ’ਤੇ ਇਸ਼ਨਾਨ ਨੂੰ ਕਾਫੀ ਪਵਿੱਤਰ ਮੰਨਿਆਂ ਜਾਂਦਾ ਸੀ। ਵਿਸਾਖੀ ਮੌਕੇ ਸਭ ਤੋਂ ਵੱਡਾ ਖਿੱਚ ਦਾ ਕੇਂਦਰ ਹੂਸੈਨੀਵਾਲਾ ਹੈਰੀਟੇਜ਼ ਸਟੇਸ਼ਨ ਤੱਕ ਚੱਲਣ ਵਾਲੀ ਵਿਸ਼ੇਸ਼ ਟਰੇਨ ਰਹੀ। ਇਹ ਟਰੇਨ ਸਾਲ ਵਿੱਚ ਸਿਰਫ ਦੋ ਵਾਰ ਹੀ ਚਲਦੀ ਹੈ ਅਤੇ ਲੱਗਭੱਗ ਪੰਜ ਕਿਲੋਮੀਟਰ ਦੇ ਛੋਟੇ ਜਿਹੇ ਰੂਟ ’ਤੇ ਸਫਰ ਕਰਦੀ ਹੈ। ਫਿਰੋਜ਼ਪੁਰ ਛਾਉਣੀ ਸਟੇਸ਼ਨ ਤੋਂ ਫਿਰੋਜ਼ਪੁਰ ਸ਼ਹਿਰ ਅਤੇ ਹੂਸੈਨੀਵਾਲਾ ਤੱਕ ਚੱਲਦੀ ਇਸ ਟਰੇਨ ’ਤੇ ਸਫਰ ਲਈ ਕਈ ਲੋਕ 10-10 ਕਿਲੋਮੀਟਰ ਕਾਰਾਂ ਜਾਂ ਮੋਟਰਸਾਈਕਲਾਂ ’ਤੇ ਆ ਕੇ ਮਹਿਜ਼ ਚਾਰ ਪੰਜ ਕਿਲੋਮੀਟਰ ਦਾ ਸਫਰ ਇਸ ਟਰੇਨ ਵਿਚ ਕਰਦੇ ਹਨ। ਇਸ ਵਾਰ ਵੀ ਲੋਕਾਂ ਨੇ ਇਸ ਯਾਤਰਾ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਅਤੇ ਹੂਸੈਨੀਵਾਲਾ ਸਟੇਸ਼ਨ ਤੋਂ ਮਿਲਣ ਵਾਲੀ ਗੱਤੇ ਵਾਲੀ ਪੁਰਾਣੀ ਟਿਕਟ ਨੇ ਉਨ੍ਹਾਂ ਨੂੰ ਪੁਰਾਣੇ ਸਮਿਆਂ ਦੀ ਯਾਦ ਦਿਵਾਈ। ਇਸ ਮੌਕੇ 60 ਸਾਲਾਂ ਤੋਂ ਲਗਾਤਾਰ ਵਿਸਾਖੀ ਮਨਾਉਣ ਆ ਰਹੇ ਕੰਬੋਜ਼ ਨਗਰ ਦੇ ਜਗਤਾਰ ਸਿੰਘ ਨਾਂਅ ਦੇ ਵਿਅਕਤੀ ਨੇ ਦੱਸਿਆ ਕਿ ਉਹ ਹਰ ਸਾਲ ਇੱਥੇ ਆ ਕੇ ਸ਼ਹੀਦਾਂ ਨੂੰ ਸ਼੍ਰਧਾਂਜਲੀ ਦੇਣਾ ਆਪਣਾ ਫਰਜ ਸਮਝਦਾ ਹੈ। ਉੱਥੇ ਹੀ ਸਿਰਸਾ (ਹਰਿਆਣਾ) ਤੋਂ ਆਏ ਸੰਜੀਵ ਕੁਮਾਰ ਨੇ ਕਿਹਾ ਕਿ ਪੰਜਾਬ ਦੇ ਵਿਰਸੇ ਅਤੇ ਇਤਿਹਾਸ ਨੇ ਉਸਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਅਤੇ ਇਹ ਅਨੁਭਵ ਉਸ ਲਈ ਯਾਦਗਾਰ ਬਣ ਗਿਆ ਹੈ।ਇਸੇ ਤਰਾਂ ਸਥਾਨਕ ਕਸੂਰੀ ਗੇਟ ਦੇ 70 ਸਾਲਾ ਸੁੱਖਾ ਸਿੰਘ ਨੇ ਦੱਸਿਆ ਕਿ ਉਹ 12 ਸਾਲਾਂ ਦੀ ਉਮਰ ਤੋਂ ਲਗਾਤਾਰ ਹਰ ਸਾਲ ਟਰੇਨ ’ਤੇ ਹੀ ਵਿਸਾਖੀ ਮਨਾਉਣ ਆ ਰਹੇ ਹਨ।ਸ਼ਹੀਦੇ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਸਮਾਰਕਾਂ ਤੋਂ ਕਰੀਬ ਡੇਢ ਕਿਲੋਮੀਟਰ ਪਹਿਲੋਂ ਦਰਿਆ ਸੱਤਲੁਜ ਦੇ ਘਾਟ ’ਤੇ ਮਨਾਈ ਜਾਣ ਵਾਲੀ ਵਿਸਾਖੀ ਅੱਜ ਕੱਲ ਸ਼ਹੀਦੀ ਸਮਾਰਕਾਂ ’ਤੇ ਮਨਾਈ ਜਾਂਦੀ ਹੈ,ਜਿਥੇ ਸੁੰਦਰਤਾ ਲਈ ਬਣਾਏ ਗਏ ਦੋ ਛੋਟੇ ਪੂਲਾਂ ਵਿੱਚ ਨਹਾ ਕੇ ਲੋਕ ਵਿਸਾਖੀ ਨਹਾਉਣ ਦੀ ਰੀਤ ਪੂਰੀ ਕਰਦੇ ਹਨ। ਕੁੱਲ ਮਿਲਾ ਕੇ, ਇਸ਼ਨਾਨ ’ਤੇ ਪਾਬੰਦੀ ਦੇ ਬਾਵਜੂਦ ਹੂਸੈਨੀਵਾਲਾ ਵਿਸਾਖੀ ਦੇ ਰੰਗਾਂ, ਵਿਰਸੇ ਅਤੇ ਦੇਸ਼ਭਗਤੀ ਦੇ ਜਜ਼ਬੇ ਨਾਲ ਰੰਗਿਆ ਰਿਹਾ, ਜਿੱਥੇ ਹਰ ਆਏ ਵਿਅਕਤੀ ਨੇ ਇਕ ਵਿਲੱਖਣ ਅਨੁਭਵ ਮਹਿਸੂਸ ਕੀਤਾ। ---- ਸ਼ਾਲਾ ,ਕਦੇ ਤਾਂ ਇਥੋਂ ਲਾਹੌਰ ਤੱਕ ਵੀ ਜਾਏਗੀ ਰੇਲ; ਬਜ਼ੁਰਗ ਦੀ ਟੀਸ -----ਆਖਰੀ ਨਹੀਂ ,ਇਹ ਹੈ ਉੱਤਰੀ ਰੇਲਵੇ ਦਾ ਪਹਿਲਾ ਸਟੇਸ਼ਨ ----ਸਥਾਨਕ ਕੰਬੋਜ਼ ਨਗਰ ਦੇ 75 ਸਾਲਾ ਜਗਤਾਰ ਸਿੰਘ ਨੇ ਦੱਸਿਆ ਕਿ ਹਿੰਦ ਪਾਕਿ ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਜਨਮ ਹੋਇਆ ।ਉਨ੍ਹਾਂ ਦੇ ਬਜ਼ੁਰਗ ਪਾਕਿਸਤਾਨ ਤੋਂ ਉਜੜ ਕੇ ਆਏ ਸਨ ਅਤੇ ਉਨ੍ਹਾਂ ਦਾ ਪਿੰਡ ਸਰਹੱਦ ਤੋਂ ਕੁੱਝ ਕਿਲੋਮੀਟਰ ਦੂਰ ਹੀ ਹੈ। ਉਨ੍ਹਾਂ ਆਸ ਜਤਾਈ ਕਿ ਜਿਹੜੀ ਟਰੇਨ ਅੱਜ ਸਾਲ ’ਚ ਸਿਰਫ ਦੋ ਵਾਰ ਹੁਸੈਨੀ ਵਾਲਾ ਤੱਕ ਆਉਂਦੀ ਹੈ,ਸ਼ਾਲਾ ਕਿਸੇ ਦਿਨ ਤਾਂ ਉਹ ਟਰੇਨ ਲਾਹੌਰ ਤੱਕ ਜਾਇਆ ਕਰੇਗੀ ਅਤੇ ਉਹ ਵੀ ਆਪਣੇ ਵੱਡਿਆਂ ਦੇ ਪਿੰਡ ਵੇਖ ਸਕਣਗੇ -- ਹੂਸੈਨੀਵਾਲਾ ਹੈਰੀਟੇਜ਼ ਸਟੇਸ਼ਨ ਤੋਂ ਮਿਲਦੀ ਹੈ ਪੁਰਾਣੀ ਗੱਤੇ ਵਾਲੀ ਟਿਕਟ ---ਰੇਲ ਡਵੀਜ਼ਨ ਦਫਤਰ ਫਿਰੋਜ਼ਪੁਰ ਵੱਲੋਂ 23 ਮਾਰਚ ਅਤੇ 14 ਅਪ੍ਰੈਲ ਨੂੰ ਸਾਲ ਵਿਚ ਦੋ ਵਾਰ ਹੂਸੈਨੀਵਾਲਾ ਲਈ ਟਰੇਨ ਚਲਾਈ ਜਾਂਦੀ ਹੈ। ਹਰ ਵਾਰ 6 ਅੱਪ ਅਤੇ 6 ਡਾਊਨ ਟਰੇਨਾਂ ਲਈ ਫਿਰੋਜ਼ਪੁਰ ਸਨੇਸ਼ਨ ਤੋਂ ਤਾਂ 10 ਰੁਪਏ ਦੀ ਕੰਪਿਊਟਰਾਈਜ਼ ਟਿਕਟ ਹੀ ਮਿਲਦੀ ਹੈ, ਪਰ ਵਾਪਸੀ ’ਤੇ ਹੂਸੈਨੀਵਾਲਾ ਹੈਰੀਟੇਜ਼ ਸਟੇਸ਼ਨ ਤੋ ਅੱਜ ਵੀ 5-5 ਰੁਪਏ ਵਾਲੀਆਂ ਗੱਤੇ ਦੀਆਂ ਦੋ ਟਿਕਟਾਂ ਹੀ ਦਿੱਤੀਆਂ ਜਾਂਦੀਆਂ ਹਨ। ਮਹਿਜ਼ ਪੰਜ ਕਿਲੋ ਮੀਟਰ ਦੇ ਇਸ ਸਫਰ ਲਈ ਲੋਕ ਕਈ ਕਈ ਕਿਲੋਮੀਟਰ ਤੋਂ ਆਪਣੀ ਕਾਰ ਜਾਂ ਮੋਟਰਸਾਈਕਲ ’ਤੇ ਸਫਰ ਕਰਕੇ ਆਉਂਦੇ ਹਨ।