ਤਿੰਨ ਘਰਾਂ ਵਿੱਚੋਂ ਮੋਬਾਈਲ ਫੋਨ ਤੇ ਨਕਦੀ ਚੋਰੀ
ਜ਼ੀਰਾ ਦੀ ਗਰੀਨ ਸਿਟੀ ਕਾਲੋਨੀ ਵਿਚ ਚੋਰਾਂ ਵੱਲੋਂ ਤਿੰਨ ਘਰਾਂ ਵਿੱਚੋਂ ਮੋਬਾਈਲ ਫੋਨ ਤੇ ਨਕਦੀ ਚੋਰੀ
Publish Date: Sun, 08 Mar 2026 04:03 PM (IST)
Updated Date: Sun, 08 Mar 2026 04:06 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜ਼ੀਰਾ ਦੇ ਕੱਚਾ ਗਾਦੜੀਵਾਲਾ ਰੋਡ ਸਥਿਤ ਗਰੀਨ ਸਿਟੀ ਕਾਲੋਨੀ ਵਿਚ ਰਾਤ ਸਮੇਂ ਚੋਰਾਂ ਵੱਲੋਂ ਤਿੰਨ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰੀ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਸਨੇ ਸਵੇਰੇ ਉੱਠ ਕੇ ਵੇਖਿਆ ਤਾਂ ਉਸ ਦੇ ਲੜਕੇ ਧਰਮਪ੍ਰੀਤ ਸਿੰਘ ਦਾ ਮੋਬਾਈਲ ਫੋਨ ਗਾਇਬ ਸੀ। ਇਸੇ ਤਰ੍ਹਾਂ ਧਰਮਿੰਦਰ ਸਿੰਘ ਪੁੱਤਰ ਮੋਹਨ ਸਿੰਘ ਨੇ ਦੱਸਿਆ ਕਿ ਉਸ ਦਾ ਓਪੋ ਥਰੀ ਸੈਵਨ ਮੋਬਾਈਲ ਫੋਨ ਵੀ ਚੋਰ ਲੈ ਗਏ। ਬਲਵਿੰਦਰ ਸਿੰਘ ਪੁੱਤਰ ਮੋਹਨ ਸਿੰਘ ਨੇ ਦੱਸਿਆ ਕਿ ਉਸ ਦਾ ਬਟੂਆ ਵੀ ਚੋਰੀ ਹੋ ਗਿਆ, ਜਿਸ ਵਿਚ ਕਰੀਬ 10 ਹਜ਼ਾਰ ਰੁਪਏ ਦੀ ਨਕਦੀ ਦੇ ਨਾਲ ਅਧਾਰ ਕਾਰਡ, ਡਰਾਇਵਿੰਗ ਲਾਇਸੰਸ ਅਤੇ ਹੋਰ ਮਹੱਤਵਪੂਰਨ ਕਾਗਜ਼ਾਤ ਮੌਜ਼ੂਦ ਸਨ। ਇਸੇ ਪਰਿਵਾਰ ਦੀ ਵਰਸ਼ਾ ਰਾਣੀ ਦਾ ਮੋਬਾਈਲ ਫੋਨ ਵੀ ਚੋਰ ਚੁੱਕ ਕੇ ਲੈ ਗਏ। ਪੀੜਤ ਪਰਿਵਾਰਾਂ ਨੇ ਦੱਸਿਆ ਕਿ ਸੰਭਵ ਹੈ ਕਿ ਚੋਰਾਂ ਵੱਲੋਂ ਘਰਾਂ ਵਿੱਚ ਦਾਖਲ ਹੋਣ ਸਮੇਂ ਕਿਸੇ ਤਰ੍ਹਾਂ ਦੀ ਨਸ਼ੀਲੀ ਵਸਤੂ ਉਨ੍ਹਾਂ ਨੂੰ ਸੁੰਘਾ ਦਿੱਤੀ ਗਈ ਹੋਵੇ, ਜਿਸ ਕਰਕੇ ਘਰ ਦੇ ਮੈਂਬਰਾਂ ਨੂੰ ਸਵੇਰ ਤੱਕ ਕਿਸੇ ਤਰ੍ਹਾਂ ਦੀ ਭਿਣਕ ਨਹੀਂ ਪਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਸਿਟੀ ਜ਼ੀਰਾ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਚੋਰੀ ਦੀਆਂ ਘਟਨਾਵਾਂ ਕਾਰਨ ਇਲਾਕੇ ਦੇ ਲੋਕਾਂ ਵਿਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।