ਫਿਲਮੀਂ ਅੰਦਾਜ਼ ’ਚ ਪੌੜੀ ਦਾ ਪੁਲ ਬਣਾ ਕੇ ਚੋਰਾਂ ਨੇ ਲੁੱਟੇ ਤਿੰਨ ਮੰਜਲਾ ਘਰ !
ਫਿਲਮੀਂ ਅੰਦਾਜ਼ ’ਚ ਚੋਰਾਂ ਨੇ ਲੁੱਟੇ ਤਿੰਨ ਮੰਜਲਾ ਘਰ !
Publish Date: Thu, 12 Mar 2026 07:38 PM (IST)
Updated Date: Fri, 13 Mar 2026 04:10 AM (IST)

ਸਟਾਫ ਰਿਪੋਰਟਰ,ਪੰਜਾਬੀ ਜਾਗਰਣ,ਫਿਰੋਜ਼ਪੁਰ; ਥਾਣਾ ਸਿਟੀ ਇਲਾਕੇ ਵਿਚ ਚੋਰ ਚੱਕਾਰ ,ਲੁਟੇਰੇ ਅਤੇ ਗੈਰ ਸਮਾਜੀ ਅਨਸਰ ਇਸ ਕਦਰ ਬੇਖੌਫ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਕਿ ਉਨ੍ਹਾਂ ਦੀਆਂ ਵਾਰਦਾਤਾਂ ਵਿਚ ਨਾ ਤਾਂ ਥਾਣਾ ਸਿਟੀ ਅਤੇ ਨਾ ਹੀ ਥਾਣੇਦਾਰ ਦਾ ਕੋਈ ਖੌਫ ਨਜ਼ਰ ਆਉਂਦਾ ਹੈ। ਇਸੇ ਤਰਾਂ ਦੀ ਇਕ ਬੇਖੌਫ ਵਾਰਦਾਤ ਨੂੰ ਅੰਜਾਮ ਦਿੰਦਿਆਂ ਚੋਰਾਂ ਵੱਲੋਂ ਬੜੇ ਫਿਲਮੀ ਅੰਦਾਜ਼ ਵਿਚ ਫਿਰੋਜ਼ਪੁਰ ਸ਼ਹਿਰ ਦੇ ਗਾਂਧੀ ਨਗਰ ਇਲਾਕੇ ਵਿਚ ਵਾਰਦਾਤ ਨੂੰ ਅੰਜਾਮ ਦਿੰਦਿਆਂ ਦੋ ਘਰਾਂ ’ਚੋਂ ਮੋਬਾਈਲ ਫੋਨ ,ਘੜੀ ਅਤੇ ਨਕਦੀ ’ਤੇ ਹੱਥ ਸਾਫ ਕੀਤੇ ਜਾਣ ਦੀ ਖ਼ਬਰ ਹੈ। ਹੈਰਾਨੀ ਭਰਿਆ ਪਹਿਲੂ ਇਹ ਹੈ ਕਿ ਚੋਰੀ ਕਰਨ ਲਈ ਚੋਰਾਂ ਵੱਲੋਂ ਨਾਲ ਲਿਆਂਦੀ ਬਾਂਸ ਦੀ ਪੌੜੀ ਨੂੰ ਤਿੰਨ ਮੰਜਲਾ ਇਮਾਰਤ ਉਪਰ ਪੁਲ ਤਰ੍ਹਾਂ ਵਰਤਦਿਆਂ ਦੂਜੇ ਘਰ ਅੰਦਰ ਦਾਖਲਾ ਕੀਤਾ ਗਿਆ। ਇਸ ਸਬੰਧੀ ਗਾਂਧੀ ਨਗਰ ਵਸਨੀਕ ਸੋਨੂੰ ਚਾਵਲਾ ਨੇ ਦੱਸਿਆ ਕਿ ਉਹ ਮੋਬਾਈਲਾਂ ਦਾ ਕੰਮ ਕਰਦਾ ਹੈ। ਰਾਤ ਸਮੇਂ ਜਦੋਂ ਉਹ ਸੁੱਤੇ ਹੋਏ ਸਨ ਤਾਂ ਘਰ ਅੰਦਰ ਚੋਰੀ ਹੋ ਗਈ।ਇਸ ਸਬੰਧੀ ਜਦੋਂ ਸਵੇਰੇ ਜਦੋਂ ਉਹ ਉੱਠੇ ਤਾਂ ਪਤਾ ਲੱਗਾ ਕਿ ਜੇਬ ਵਿਚੋਂ ਪੈਸੇ ਗਾਇਬ ਹੈ,ਜਦਕਿ ਮੋਬਾਈਲ ਅਤੇ ਘੜੀ ਵੀ ਗਾਇਬ ਹੈ।ਇਸ ’ਤੇ ਜਦੋਂ ਉਨ੍ਹਾਂ ਵੇਖਿਆ ਤਾਂ ਹੈਰਾਨੀ ਇਸ ਗੱਲ ਦੀ ਹੋਈ ਕਿ ਚੋਰ ਘਰ ਦੀ ਤੀਜੀ ਮੰਜਲ ਤੋਂ ਪੌੜੀਆਂ ਉਤਰ ਕੇ ਘਰ ਅੰਦਰ ਦਾਖਲ ਹੋਏ ਹਨ। ਤੀਜੀ ਮੰਜਲ ਤੱਕ ਪਹੁੰਚਣ ਲਈ ਉਨ੍ਹਾਂ ਫਿਲਮੀਂ ਅੰਦਾਜ਼ ’ਚ ਗੁਆਂਢ ਵਾਲੇ ਘਰੋਂ ਪੌੜੀ ਲਗਾਈ ਹੋਈ ਸੀ। ਸੋਨੂੰ ਚਾਵਲਾ ਨੇ ਸ਼ੰਕਾ ਜਤਾਈ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਚੋਰਾਂ ਨੇ ਉਨ੍ਹਾਂ ਨੂੰ ਕੋਈ ਨਸ਼ੀਲੀ ਚੀਜ਼ ਸੁੰਘਾਈ ਸੀ। ਇਸ ਸਬੰਧੀ ਕੌਂਸਲਰ ਅਮਰਜੀਤ ਨਾਰੰਗ ਸੋਨੂੰ ਨੇ ਦੱਸਿਆ ਕਿ ਇਥੋਂ ਚੋਰੀ ਕਰਕੇ ਚੋਰ ਨਾਲ ਰਹਿੰਦੇ ਪਰਵਾਸੀ ਮਜ਼ਦੂਰਾਂ ਦੇ ਘਰੋਂ ਵੀ ਦੋ ਮੋਬਾਈਲ ਫੋਨ ਚੁੱਕ ਕੇ ਲੈ ਗਏ। ਇਸ ਸਬੰਧੀ ਪੀੜਤਾਂ ਵੱਲੋਂ ਸ਼ਿਕਾਇਤ ਦਿੱਤੇ ਜਾਣ ਦੇ ਬਾਵਜੂਦ ਥਾਣਾ ਸਿਟੀ ਪੁਲਿਸ ਵੱਲੋਂ ਅਜੇ ਤੱਕ ਮਾਮਲੇ ਦਰਜ ਨਹੀਂ ਕੀਤੇ ਗਏ ਹਨ। --- ਹੀਰਾ ਮੰਡੀ ਦੀ ਦੁਕਾਨ ’ਚ ਨਾਬਾਲਗ ਦੇ ਸਾਹਮਣੇ ਗੱਲ੍ਹਾ ਕੀਤਾ ਸਾਫ ---ਇਸੇ ਤਰਾਂ ਦੀ ਇਕ ਹੋਰ ਵਾਰਦਾਤ ਨੂੰ ਅੰਜ਼ਾਮ ਦਿੰਦਿਆਂ ਇਕ ਬੇਖੌਫ ਚੋਰ ਨੇ ਹੀਰਾ ਮੰਡੀ ਦੀ ਇਕ ਦੁਕਾਨ ’ਚੋਂ ਦੁਕਾਨ ਮਾਲਕ ਦੇ ਲੜਕੇ ਦੇ ਸਾਹਮਣੇ ਹੀ ਗੱਲ੍ਹੇ ਚੋਂ ਹੱਥ ਸਾਫ ਕੀਤੇ ਅਤੇ ਫਰਾਰ ਹੋ ਗਿਆ। ਦੁਕਾਨ ਮਾਲਕ ਦਾ ਨਾਬਾਲਗ ਲੜਕਾ ਰੋਕਣ ਦੀ ਕੋਸ਼ਿਸ਼ ਕਰਦਾ ਰਿਹਾ ,ਪਰ ਚੋਰ ਫਰਾਰ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਸੋਨੂੰ ਬਾਂਸਲ ਨੇ ਦੱਸਿਆ ਕਿ ਉਹ ਕੁੱਝ ਸਮੇਂ ਲਈ ਆਪਣੀ ਪਤਨੀ ਨਾਲ ਬਾਜ਼ਾਰ ਗਿਆ ਸੀ।ਪਿੱਛੋਂ ਉਹ ਆਪਣੇ ਨਾਬਾਲਗ ਲੜਕੇ ਨੂੰ ਦੁਕਾਨ ’ਤੇ ਬਿਠਾ ਕੇ ਗਿਆ ਸੀ ।ਇਸ ਦੌਰਾਨ ਇਕ ਚੋਰ ਸਾਮਾਨ ਲੈਣ ਦੇ ਬਹਾਨੇ ਆਇਆ ਅਤੇ ਦੁਕਾਨ ਦੇ ਗੱਲ੍ਹੇ ਚੋਂ ਕੈਸ਼ ਕੱਢ ਕੇ ਫ਼ਰਾਰ ਹੋ ਗਿਆ।ਇਸ ਦੌਰਾਨ ਉਸ ਦੇ ਲੜਕੇ ਨੇ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਬੇਖੌਫ ਚੋਰ ਵਾਰਦਾਤ ਨੂੰ ਅੰਜ਼ਾਮ ਦੇ ਕੇ ਫਰਾਰ ਹੋ ਗਿਆ।