ਫਿਰੋਜ਼ਪੁਰ ’ਚ ਚੋਰਾਂ ਦੇ ਹੌਸਲੇ ਬੁਲੰਦ
ਫਿਰੋਜ਼ਪੁਰ ’ਚ ਚੋਰਾਂ ਦੇ ਹੌਸਲੇ ਬੁਲੰਦ
Publish Date: Sun, 01 Feb 2026 04:10 PM (IST)
Updated Date: Sun, 01 Feb 2026 04:13 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਵਿਖੇ ਦਿਨੋਂ-ਦਿਨ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੇ ਆਮ ਜਨਤਾ ਦੀ ਨੀਂਦ ਉਡਾ ਦਿੱਤੀ ਹੈ। ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਅੰਮ੍ਰਿਤਸਰ ਗੇਟ ਨੇੜਲੀ ਬਸਤੀ ਬਲੋਚਾਂ ਵਾਲੀ ਗਲੀ ਠੇਕੇਦਾਰਾਂ ਵਾਲੀ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਮਿਹਨਤਕਸ਼ ਨੌਜਵਾਨ ਦੀ ਰੋਜ਼ੀ-ਰੋਟੀ ’ਤੇ ਚੋਰਾਂ ਨੇ ਵੱਡਾ ਡਾਕਾ ਮਾਰਿਆ ਹੈ। ਜਾਣਕਾਰੀ ਦਿੰਦੇ ਹੋਏ ਨਿਤਿਨ ਕੁਮਾਰ ਨੇ ਦੱਸਿਆ ਕਿ ਉਹ ਪਿੰਡਾਂ ਵਿਚ ਸਪਲਾਈ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਉਸਨੇ ਬੜੀ ਮੁਸ਼ਕਲ ਨਾਲ ਇਕ ਕਮੇਟੀ ਚੁੱਕ ਕੇ ਪਰਸੋਂ ਹੀ ਆਪਣੀ ਗੱਡੀ ਵਿਚ 15,000 ਰੁਪਏ ਦਾ ਨਵਾਂ ਸਾਮਾਨ ਪਾਇਆ ਸੀ। ਬੀਤੀ ਰਾਤ ਲਗਭਗ 1 ਵਜੇ ਉਸਦਾ ‘ਛੋਟਾ ਹਾਥੀ’ ਘਰ ਦੇ ਬਾਹਰ ਖੜ੍ਹਾ ਸੀ। ਬੇਖੌਫ਼ ਚੋਰਾਂ ਨੇ ਰਾਤ ਦੇ ਹਨੇਰੇ ਦਾ ਫਾਇਦਾ ਉਠਾਉਂਦਿਆਂ ਗੱਡੀ ਵਿਚ ਪਿਆ ਸਾਰਾ ਸਾਮਾਨ ਸਾਫ਼ ਕਰ ਦਿੱਤਾ ਅਤੇ ਖਾਲੀ ਗੱਡੀ ਉੱਥੇ ਹੀ ਛੱਡ ਕੇ ਫਰਾਰ ਹੋ ਗਏ। ਨਿਤਿਨ ਨੇ ਦੱਸਿਆ ਕਿ ਚੋਰੀ ਹੋਏ ਸਾਮਾਨ ਦੀ ਕੁੱਲ ਕੀਮਤ 30 ਤੋਂ 40 ਹਜ਼ਾਰ ਰੁਪਏ ਦੇ ਕਰੀਬ ਹੈ। ਉਸ ਨੇ ਦੱਸਿਆ ਕਿ ਚੋਰਾਂ ਨੇ ਗੱਡੀ ਵਿੱਚੋਂ ਕਰਿਆਨੇ ਦਾ ਸਾਮਾਨ, ਬੀੜੀ ਅਤੇ ਸਿਗਰਟ ਦੇ ਪੈਕੇਟ ਤੇ ਹੋਰ ਮਹਿੰਗੀਆਂ ਆਈਟਮਾਂ, ਗੱਡੀ ਦਾ ਡੈੱਕ, ਸਟੱਪਣੀ ਆਦਿ ਚੋਰੀ ਕਰਕੇ ਲੈ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਇਲਾਕੇ ਵਿਚ ਲਗਾਤਾਰ ਹੋ ਰਹੀਆਂ ਚੋਰੀਆਂ ਦੇ ਸਬੰਧ ਵਿਚ ਬੀਤੇ ਕੱਲ੍ਹ ਹੀ ਸਥਾਨਕ ਵਾਸੀਆਂ ਵੱਲੋਂ ਇਕ ਮੀਟਿੰਗ ਕੀਤੀ ਗਈ ਸੀ। ਪਰ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਨ੍ਹਾਂ ਨੇ ਇਸ ਮੀਟਿੰਗ ਦੇ ਕੁਝ ਘੰਟਿਆਂ ਬਾਅਦ ਹੀ ਇਸ ਵਾਰਦਾਤ ਨੂੰ ਅੰਜ਼ਾਮ ਦੇ ਦਿੱਤਾ। ਸਵੇਰੇ ਜਦੋਂ ਨਿਤਿਨ ਨੇ ਆਪਣੀ ਗੱਡੀ ਦੀ ਹਾਲਤ ਵੇਖੀ ਤਾਂ ਉਸ ਦੀ ਗੱਡੀ ਵਿਚ ਪਿਆ ਸਮਾਨ ਚੋਰੀ ਹੋ ਚੁੱਕਾ ਸੀ। ਪੀੜਤ ਨੇ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਚੋਰਾਂ ਨੂੰ ਜਲਦ ਗ੍ਰਿਫਤਾਰ ਕਰਕੇ ਉਸਦਾ ਨੁਕਸਾਨ ਪੂਰਾ ਕਰਵਾਇਆ ਜਾਵੇ।