ਜੂਨ ’84 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਲਗਾਇਆ ਦਸਤਾਰ ਦੁਮਾਲਾ ਸਿਖਲਾਈ ਕੈਂਪ ਸਮਾਪਤ
ਜੂਨ 1984 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਲਗਾਇਆ ਦਸਤਾਰ ਦੁਮਾਲਾ ਸਿਖਲਾਈ ਕੈਂਪ ਜੈਕਾਰਿਆਂ ਦੀ ਗੂੰਜ ਨਾਲ ਹੋਇਆ ਸੰਪੰਨ
Publish Date: Mon, 08 Jun 2026 05:21 PM (IST)
Updated Date: Mon, 08 Jun 2026 05:23 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਖੂ : ਗੁਰੂ ਸਾਹਿਬਾਂ ਜੀ ਦੀ ਸੱਚੀ ਸੁੱਚੀ ਵਿਚਾਰਧਾਰਾ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਲਈ ਵਚਨਬੱਧ ਸੰਸਥਾ ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਐਂਡ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਵੱਲੋਂ ਜੂਨ 1984 ਵਿਚ ਵਾਪਰੇ ਘੱਲੂਘਾਰੇ ਦੌਰਾਨ ਸ਼ਹੀਦ ਹੋਏ ਸਮੂਹ ਸਿੰਘਾਂ ਸਿੰਘਣੀਆਂ, ਭੁਝੰਗੀਆਂ ਦੀ ਸ਼ਹਾਦਤ ਨੂੰ ਮਨਾਉਂਦਿਆਂ 7 ਰੋਜ਼ਾ ਦਸਤਾਰ, ਦੁਮਾਲਾ ਸਿਖਲਾਈ ਕੈਂਪ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪੀਰ ਮੁਹੰਮਦ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲਗਾਇਆ ਗਿਆ। ਕੈਂਪ ਦੀ ਸਮਾਪਤੀ ਦੌਰਾਨ ਬੱਚਿਆਂ ਦੇ ਦਸਤਾਰ ਦੁਮਾਲਾ ਅਤੇ ਸ਼ੁੱਧ ਪੰਜਾਬੀ ਲਿਖਾਈ ਮੁਕਾਬਲੇ ਕਰਵਾਏ ਗਏ, ਜਿਸ ਵਿਚ ਇਲਾਕੇ ਦੀਆਂ ਸੰਗਤਾਂ ਅਤੇ ਬੱਚਿਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਦਸਤਾਰ ਦੁਮਾਲਾ ਮੁਕਾਬਲੇ ਦੇ ਦੋ ਗਰੁੱਪ ਅਤੇ ਸ਼ੁੱਧ ਪੰਜਾਬੀ ਲਿਖਾਈ ਮੁਕਾਬਲੇ ਦੇ ਦੋ ਗਰੁੱਪ ਬਣਾਏ ਗਏ। ਹਰੇਕ ਗਰੁੱਪ ਵਿੱਚੋਂ ਪਹਿਲੇ, ਦੂਸਰੇ, ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਅਤੇ ਭਾਗ ਲੈਣ ਵਾਲੇ ਲੜਕੇ ਲੜਕੀਆਂ ਨੂੰ ਸ਼ੀਲਡਾਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਸੋਸਾਇਟੀ ਵੱਲੋਂ ਉਚੇਚੇ ਤੌਰ ’ਤੇ ਪਹੁੰਚੇ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ ਅਤੇ ਮਾਲਵਾ ਜ਼ੋਨ ਦੇ ਇੰਚਾਰਜ਼ ਵੀਰ ਨਿੰਦਰਪਾਲ ਸਿੰਘ ਵੱਲੋਂ ਬੱਚਿਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਦੁਨੀਆਂ ਵਿਚ ਜਿਹੜੀਆਂ ਕੌਮਾਂ ਸਦੈਵੀ ਕਾਲ ਦੇ ਲਈ ਸਥਾਪਿਤ ਰਹਿੰਦੀਆਂ ਹਨ। ਉਨ੍ਹਾਂ ਦੀਆਂ ਨਿਸ਼ਾਨੀਆਂ ਇਹ ਹੁੰਦੀਆਂ ਹਨ ਕਿ ਉਨ੍ਹਾਂ ਦੇ ਬੱਚੇ ਆਪਣੀ ਮਾਂ ਬੋਲੀ, ਆਪਣੇ ਇਤਿਹਾਸ ਅਤੇ ਆਪਣੇ ਗੌਰਵਮਈ ਵਿਰਸੇ ਨਾਲ ਜੁੜੇ ਹੁੰਦੇ ਹਨ। ਪਰ ਸਮੇਂ ਦੀ ਸਰਕਾਰ ਜਿਹੜਾ ਕੰਮ ਸਾਨੂੰ ਸਰੀਰਕ ਤੌਰ ’ਤੇ ਖਤਮ ਕਰਕੇ ਨਹੀਂ ਕਰ ਸਕੀ ਅੱਜ ਉਹ ਕੰਮ ਅਦਰੂਨੀ ਤੌਰ ਉੱਤੇ ਕਰਕੇ ਸਾਡੀਆਂ ਜੜਾਂ ਨੂੰ ਖੋਖਲਾ ਕਰਨ ਵਿਚ ਕਾਮਯਾਬ ਹੋ ਰਹੀ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੁਰਚਰਨ ਸਿੰਘ, ਕਿਸਾਨ ਸੰਘਰਸ਼ ਕਮੇਟੀ ਰਾਜੇਵਾਲ ਦੇ ਪ੍ਰਧਾਨ ਲਖਵਿੰਦਰ ਸਿੰਘ, ਲਿਖਾਰੀ ਸਭਾ ਦੇ ਪ੍ਰਧਾਨ ਹਰਪਿੰਦਰ ਸਿੰਘ, ਗੁਰਦੁਆਰਾ ਸਾਹਿਬ ਦੀ ਹੈੱਡ ਗ੍ਰੰਥੀ ਭਾਈ ਬਲਰਾਜ ਸਿੰਘ ਅਤੇ ਗੁਰਦੁਆਰਾ ਕਮੇਟੀ ਦੇ ਮੈਂਬਰ ਸਰਮੇਲ ਸਿੰਘ ਨੇ ਸੋਸਾਇਟੀ ਵੱਲੋਂ ਕੀਤੇ ਜਾ ਰਹੇ ਨਿਸ਼ਕਾਮ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਇਨ੍ਹਾਂ ਕਾਰਜਾਂ ਵਿੱਚ ਹਰੇਕ ਪੱਖ ਤੋਂ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਰਹੇ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਨੇ ਸੁਸਾਇਟੀ ਦੇ ਸਮੂਹ ਵੀਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਇਲਾਕਾ ਨਿਵਾਸੀ ਸੰਗਤਾਂ ਨੂੰ ਇਹੋ ਜਿਹੇ ਗੁਰਮਤਿ ਕੈਂਪਾਂ ਤੋਂ ਲਾਹਾ ਲੈਣ ਦੇ ਲਈ ਬੇਨਤੀ ਕੀਤੀ ਅਤੇ ਕਿਹਾ ਕਿ ਗੁਰੂ ਸਾਹਿਬ ਜੀ ਨੇ ਪੰਜ ਕਕਾਰੀ ਵਰਦੀ ਦੇ ਰੂਪ ਵਿੱਚ ਸਾਨੂੰ ਜੋ ਪਹਿਚਾਣ ਦਿੱਤੀ ਹੈ ਉਸ ਨੂੰ ਕਾਇਮ ਰੱਖਣਾ ਸਾਡਾ ਸਭਨਾ ਦਾ ਮੁੱਢਲਾ ਫਰਜ਼ ਬਣਦਾ ਹੈ। ਇਸ ਮੌਕੇ ਸੋਸਾਇਟੀ ਦੇ ਦਸਤਾਰ ਕੋਆਰਡੀਨੇਟਰ ਹਰਜੀਤ ਸਿੰਘ ਲਹਿਰੀ, ਹਰਪ੍ਰੀਤ ਸਿੰਘ ਪੱਟੀ, ਆਕਾਸ਼ਦੀਪ ਸਿੰਘ ਪੱਟੀ, ਵਜ਼ੀਰ ਸਿੰਘ ਹਾਸਲ, ਹਰਮਨਦੀਪ ਸਿੰਘ, ਸੁਖਮਨਦੀਪ ਸਿੰਘ, ਹੁਸਨਦੀਪ ਸਿੰਘ, ਗਗਨਦੀਪ ਸਿੰਘ ਭਿੱਖੀਵਿੰਡ, ਸਾਜਨਪਰੀਤ ਸਿੰਘ ਮਰਗਿੰਦਪੁਰਾ, ਰਣਬੀਰ ਸਿੰਘ ਬੀਰਮ, ਉੱਘੇ ਕਵੀਸ਼ਰ ਅਤੇ ਲਿਖਾਰੀ ਭਾਈ ਲਖਬੀਰ ਸਿੰਘ ਰਸੂਲਪੁਰੀ ਤੇ ਗੁਰਦੁਆਰਾ ਨਾਨਕ ਦਰਬਾਰ ਰਸੂਲਪੁਰ ਫਾਟਕ ਦੇ ਹੈਡ ਗ੍ਰੰਥੀ ਹਾਜ਼ਰ ਸਨ। ਸਭਨਾ ਅਹੁਦੇਦਾਰਾਂ ਨੂੰ ਸੁਸਾਇਟੀ ਦੇ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਭਨਾਂ ਬੱਚਿਆਂ ਦੇ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਫਲ ਫਰੂਟ ਦਾ ਲੰਗਰ ਲਗਾਇਆ ਗਿਆ।