ਮਖੂ ਦੇ ਬਾਜ਼ਾਰਾਂ ’ਚ ਬਸੰਤ ਦੀ ਰੌਣਕ,ਸਜੀਆਂ ਦੁਕਾਨਾਂ
ਮਖੂ ਦੇ ਬਾਜ਼ਾਰਾਂ ਵਿਚ ਬਸੰਤ ਦੀ ਰੌਣਕ
Publish Date: Thu, 22 Jan 2026 05:12 PM (IST)
Updated Date: Fri, 23 Jan 2026 04:07 AM (IST)
ਕੇਵਲ ਅਹੂਜਾ, ਪੰਜਾਬੀ ਜਾਵਰਣ, ਮਖੂ : ਪੰਜਾਬ ਵਿਚ ਬਸੰਤ ਪੰਚਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਜਿਸ ਦਾ ਅਸਰ ਮਖੂ ਵਿਚ ਵੀ ਸਾਫ਼ ਦੇਖਣ ਨੂੰ ਮਿਲ ਰਿਹਾ ਹੈ। ਇੱਥੋਂ ਦੇ ਬਾਜ਼ਾਰ ਵੱਖ-ਵੱਖ ਰੰਗਾਂ ਅਤੇ ਡਿਜ਼ਾਈਨਾਂ ਦੀਆਂ ਪਤੰਗਾਂ ਨਾਲ ਪੂਰੀ ਤਰ੍ਹਾਂ ਸਜ ਚੁੱਕੇ ਹਨ। ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ, ਹਰ ਵਰਗ ਦੇ ਲੋਕਾਂ ਵਿੱਚ ਇਸ ਤਿਉਹਾਰ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸਵੇਰ ਤੋਂ ਹੀ ਅਸਮਾਨ ਰੰਗ-ਬਿਰੰਗੀਆਂ ਪਤੰਗਾਂ ਨਾਲ ਭਰਿਆ ਨਜ਼ਰ ਆ ਰਿਹਾ ਹੈ ਅਤੇ ਚਾਰੇ ਪਾਸੇ ‘ਆਈ ਬੋ’ ਦੇ ਨਾਅਰੇ ਗੂੰਜ ਰਹੇ ਹਨ।
ਸੂਤੀ ਡੋਰ ਦੀ ਵੱਧਦੀ ਮੰਗ ਅਤੇ ਚਾਈਨਾ ਡੋਰ ਦਾ ਗੋਰਖਧੰਦਾ
ਜਿੱਥੇ ਇੱਕ ਪਾਸੇ ਜਾਗਰੂਕ ਲੋਕ ਰਵਾਇਤੀ ਸੂਤੀ ਡੋਰ (ਧਾਗੇ ਵਾਲੀ ਡੋਰ) ਨੂੰ ਤਰਜੀਹ ਦੇ ਰਹੇ ਹਨ, ਉੱਥੇ ਹੀ ਕੁਝ ਲਾਲਚੀ ਦੁਕਾਨਦਾਰਾਂ ਵੱਲੋਂ ਪਾਬੰਦੀਸ਼ੁਦਾ ਚਾਈਨਾ ਡੋਰ ਦੀ ਵਿਕਰੀ ਲਗਾਤਾਰ ਜਾਰੀ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਕੁਝ ਵਿਕਰੇਤਾ ਅੰਦਰਖਾਤੇ ਲੁਕਾ ਕੇ ਇਹ ਖ਼ਤਰਨਾਕ ਡੋਰ ਵੇਚ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਬਸੰਤ ਦੇ ਮੌਕੇ ’ਤੇ ਇਸ ਦੀ ਕਾਲਾਬਾਜ਼ਾਰੀ (ਬਲੈਕ) ਵੀ ਜ਼ੋਰਾਂ ’ਤੇ ਹੈ। ਜਿਹੜਾ ਚਾਈਨਾ ਡੋਰ ਦਾ ਗੱਟੂ ਆਮ ਤੌਰ ’ਤੇ 150 ਰੁਪਏ ਦੇ ਕਰੀਬ ਮਿਲਦਾ ਸੀ, ਹੁਣ ਉਹ ਲੋੜਵੰਦਾਂ ਨੂੰ 600 ਤੋਂ 650 ਰੁਪਏ ਤੱਕ ਵੇਚਿਆ ਜਾ ਰਿਹਾ ਹੈ।
---
ਪੁਲਿਸ ਪ੍ਰਸ਼ਾਸਨ ਅਤੇ ਸਮਾਜ ਸੇਵੀਆਂ ਦੀ ਅਪੀਲ
ਖ਼ਤਰਨਾਕ ਚਾਈਨਾ ਡੋਰ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਨੇ ਇਸ ਵਾਰ ਪੂਰੀ ਸਖ਼ਤੀ ਵਰਤੀ ਹੋਈ ਹੈ। ਪੁਲਿਸ ਵੱਲੋਂ ਸ਼ੱਕੀ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਅਤੇ ਇਲਾਕੇ ਦੇ ਸਮਾਜ ਸੇਵੀਆਂ ਨੇ ਸਾਂਝੇ ਤੌਰ ’ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਦੀ ਵਰਤੋਂ ਕਰਨ ਤੋਂ ਵਰਜਣ।
ਉਨ੍ਹਾਂ ਦੱਸਿਆ ਕਿ ਇਹ ਡੋਰ ਸਿੰਥੈਟਿਕ ਅਤੇ ਪਲਾਸਟਿਕ ਦੀ ਬਣੀ ਹੁੰਦੀ ਹੈ, ਜੋ ਨਾ ਤਾਂ ਆਸਾਨੀ ਨਾਲ ਟੁੱਟਦੀ ਹੈ ਅਤੇ ਨਾ ਹੀ ਮਿੱਟੀ ਵਿਚ ਗਲਦੀ ਹੈ। ਇਹ ਪੰਛੀਆਂ ਦੇ ਖੰਭਾਂ ਨੂੰ ਕੱਟਣ ਦੇ ਨਾਲ-ਨਾਲ ਰਾਹਗੀਰਾਂ ਦੇ ਗਲੇ ਅਤੇ ਸਰੀਰ ਲਈ ਜਾਨਲੇਵਾ ਸਾਬਤ ਹੁੰਦੀ ਹੈ। ਥਾਣਾ ਮੁਖੀ ਇੰਸਪੈਕਟਰ ਗੁਰਮੀਤ ਸਿੰਘ, ਸਮਾਜ ਸੇਵੀ ਸੰਜੀਵ ਅਹੂਜਾ, ਰਿਸ਼ੂ ਖੁਰਾਣਾ, ਪ੍ਰਦੀਪ ਕੱਕੜ, ਡਾ. ਰਜੀਵ ਅਹੂਜਾ ਸਮਾਜ ਸੇਵੀ ਜਥੇਬੰਦੀਆਂ ਨੇ ਕਿਹਾ ਕਿ ਤਿਉਹਾਰ ਖੁਸ਼ੀਆਂ ਵੰਡਣ ਲਈ ਹੁੰਦੇ ਹਨ, ਇਸ ਲਈ ਸਾਨੂੰ ਅਜਿਹੀ ਕਿਸੇ ਵੀ ਚੀਜ਼ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਜੋ ਕਿਸੇ ਦੀ ਜਾਨ ਲਈ ਖ਼ਤਰਾ ਬਣੇ।