ਅਖੌਤੀ ‘ਖਾਲਿਸਤਾਨ ਨੈਸ਼ਨਲ ਆਰਮੀ ’ ਨੇ ਬਲੈਕ ਆਉਟ ’ਤੇ ਬੰਬ ਧਮਾਕੇ ਕਰਨ ਦੀ ਦਿੱਤੀ ਧਮਕੀ
ਅਖੌਤੀ ‘ਖਾਲਿਸਤਾਨ ਨੈਸ਼ਨਲ ਆਰਮੀ ’ ਨੇ ਬਲੈਕ ਆਉਟ ’ਤੇ ਬੰਬ ਧਮਾਕੇ ਕਰਨ ਦੀ ਦਿੱਤੀ ਧਮਕੀ
Publish Date: Thu, 23 Apr 2026 07:20 PM (IST)
Updated Date: Fri, 24 Apr 2026 04:07 AM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਸੂਬੇ ਭਰ ਵਿਚ ਸਿਵਲ ਡਿਫੈਂਸ ‘ਏਅਰ ਰੇਡ ਬਲੈਕ ਆਊਟ ’ ਦੀ ਮੋਕ ਡਰਿੱਲ ਦੀਆਂ ਤਿਆਰੀਆਂ ਵਿਚਾਲੇ ਵੀਰਵਾਰ ਦੁਪਹਿਰ ਰੇਲਵੇ ਵਿਭਾਗ ਨੂੰ ਮਿਲੀ ਇਕ ਈਮੇਲ ਰਾਹੀਂ ਪੰਜਾਬ ਦੇ ਕਈ ਪ੍ਰਮੁੱਖ ਰੇਲਵੇ ਸਟੇਸ਼ਨਾਂ ਅਤੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਧਮਕੀ ਤੋਂ ਬਾਅਦ ਪੰਜਾਬ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਪੂਰੀ ਤਰਾਂ ‘ਹਾਈ ਅਲਰਟ’ ’ਤੇ ਹਨ । ਪ੍ਰਾਪਤ ਜਾਣਕਾਰੀ ਅਨੁਸਾਰ ਇਹ ਧਮਕੀ ਭਰੀ ਕਿਸੇ ਅਖੌਤੀ ‘ਖ਼ਾਲਿਸਤਾਨ ਨੈਸ਼ਨਲ ਆਰਮੀ’ ਨਾਮਕ ਸੰਗਠਨ ਵੱਲੋਂ ਭੇਜੀ ਗਈ ਹੈ। ਮੇਲ ਭੇਜਣ ਵਾਲੇ ਸ਼ਰਾਰਤੀ ਅਨਸਰਾਂ ਵੱਲੋਂ ਲਿਖਿਆ ਗਿਆ ਹੈ ਕਿ ਅੰਮ੍ਰਿਤਸਰ, ਲੁਧਿਆਣਾ, ਬਠਿੰਡਾ ਅਤੇ ਫਿਰੋਜ਼ਪੁਰ ਵਰਗੇ ਰਣਨੀਤਕ ਤੌਰ ’ਤੇ ਰੇਲਵੇ ਸਟੇਸ਼ਨਾਂ ਦੇ ਟਰੈਕਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਇਹ ਧਮਕੀ 24 ਅਪ੍ਰੈਲ ਨੂੰ ਹੋਣ ਵਾਲੀ ‘ਬਲੈਕ ਆਊਟ ਮੌਕ ਡਰਿੱਲ’ ਦੇ ਨਾਲ ਜੋੜੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਪ੍ਰਸ਼ਾਸਨ ਸੁਰੱਖਿਆ ਤਿਆਰੀਆਂ ਦੀ ਪਰਖ ਕਰ ਰਿਹਾ ਹੋਵੇਗਾ, ਉਦੋਂ ਹੀ ਇਨ੍ਹਾਂ ਕਾਰਵਾਈਆਂ ਨੂੰ ਅੰਜਾਮ ਦੇਣ ਦੀ ਚਿਤਾਵਨੀ ਦਿੱਤੀ ਗਈ ਹੈ। ਈਮੇਲ ਵਿਚ ਸਿਰਫ਼ ਰੇਲਵੇ ਹੀ ਨਹੀਂ, ਸਗੋਂ ਵਿੱਦਿਅਕ ਸੰਸਥਾਵਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਧਮਕੀ ਦੇਣ ਵਾਲਿਆਂ ਨੇ ਮਾਪਿਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਸ਼ੁੱਕਰਵਾਰ ਨੂੰ ਆਪਣੇ ਬੱਚਿਆਂ ਨੂੰ ਸਕੂਲ ਨਾ ਭੇਜਣ। ਈਮੇਲ ਵਿੱਚ ਲਿਖਿਆ ਗਿਆ ਹੈ, ‘ਸਾਡੀ ਦੁਸ਼ਮਣੀ ਮਾਸੂਮ ਬੱਚਿਆਂ ਨਾਲ ਨਹੀਂ ਹੈ, ਅਸੀਂ ਸਿਰਫ਼ ਆਪਣੀ ਗੱਲ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣੀ ਚਾਹੁੰਦੇ ਹਾਂ।’ ਇਸ ਚਿਤਾਵਨੀ ਤੋਂ ਬਾਅਦ ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ਵਿੱਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ। ਧਮਕੀ ਮਿਲਣ ਤੋਂ ਤੁਰੰਤ ਬਾਅਦ ਪੰਜਾਬ ਪੁਲਿਸ ਅਤੇ ਰੇਲਵੇ ਸੁਰੱਖਿਆ ਬਲ ਐਕਸ਼ਨ ਮੋਡ ਵਿੱਚ ਆ ਗਏ ਹਨ। ਸਾਰੇ ਰੇਲਵੇ ਸਟੇਸ਼ਨਾਂ ਦੀ ਨਾਕਾਬੰਦੀ ਕਰ ਦਿੱਤੀ ਗਈ ਹੈ। ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਡੌਗ ਸਕੁਐਡ ਅਤੇ ਬੰਬ ਨਿਰੋਧਕ ਦਸਤਿਆਂ ਦੀ ਮਦਦ ਨਾਲ ਸਟੇਸ਼ਨਾਂ ਅਤੇ ਰੇਲਵੇ ਟਰੈਕਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਦਾ ਸਾਈਬਰ ਸੈੱਲ ਇਸ ਈਮੇਲ ਦੇ ਸਰੋਤ ਦਾ ਪਤਾ ਲਗਾਉਣ ਲਈ ਦਿਨ-ਰਾਤ ਕੰਮ ਕਰ ਰਿਹਾ ਹੈ। ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਇਹ ਕਿਸੇ ਸ਼ਰਾਰਤੀ ਅਨਸਰ ਦੀ ਚਾਲ ਹੈ ਜਾਂ ਫਿਰ ਕੋਈ ਡੂੰਘੀ ਸਾਜ਼ਿਸ਼। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ’ਤੇ ਵਿਸ਼ਵਾਸ ਨਾ ਕਰਨ ਅਤੇ ਸ਼ਾਂਤੀ ਬਣਾਈ ਰੱਖਣ। ਜੇਕਰ ਕਿਸੇ ਨੂੰ ਕੋਈ ਸ਼ੱਕੀ ਚੀਜ਼ ਜਾਂ ਵਿਅਕਤੀ ਨਜ਼ਰ ਆਉਂਦਾ ਹੈ, ਤਾਂ ਤੁਰੰਤ ਹੈਲਪਲਾਈਨ ਨੰਬਰ 112 ’ਤੇ ਸੂਚਨਾ ਦਿੱਤੀ ਜਾਵੇ। ਫਿਲਹਾਲ, ਪੂਰਾ ਪੰਜਾਬ ਸੁਰੱਖਿਆ ਦੇ ਲਿਹਾਜ਼ ਨਾਲ ਇੱਕ ਕਿਲ੍ਹੇ ਵਿਚ ਤਬਦੀਲ ਹੋ ਚੁੱਕਾ ਹੈ ਅਤੇ ਖ਼ੁਫ਼ੀਆ ਏਜੰਸੀਆਂ ਹਰ ਹਰਕਤ ’ਤੇ ਨਜ਼ਰ ਰੱਖ ਰਹੀਆਂ ਹਨ। ---- ਅੱਜ ਰਾਤ 8 ਵਜੇ ਹੋਏਗੀ ਸਿਵਲ ਡਿਫੈਂਸ ਦੀ ‘ਏਅਰ ਰੇਡ ਬਲੈਕ ਆਉਟ’ ਮੌਕ ਡਰਿੱਲ ਇਥੇ ਦੱਸਣਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਮਿਲੇ ਆਦੇਸ਼ਾਂ ’ਤੇ 24 ਅਪ੍ਰੈਲ ਸ਼ੁੱਕਰਵਾਰ ਨੂੰ ਰਾਤ ਅੱਠ ਵਜੇ ਸੂਬੇ ਭਰ ਵਿੱਚ ਸਿਵਲ ਡਿਫੈਂਸ ਦੀ ‘ਏਅਰ ਰੇਡ ਬਲੈਕ ਆਉਟ’ ਮੌਕ ਡਰਿੱਲ ਕੀਤੀ ਜਾਵੇਗੀ । ਇਸ ਦੌਰਾਨ ਕੁੱਝ ਇਲਾਕਿਆਂ ਵਿੱਚ ਬਲੈਕ ਆਉਟ ਦੀ ਐਕਸਰਸਾਈਜ਼ ਅਤੇ ਬਚਾਅ ਕਾਰਜਾਂ ਦੀ ਰਿਹਰਸਲ ਹੋਵੇਗੀ।