ਸਰਪੰਚ ਤੇ ਮੈਂਬਰਾਂ ਨੇ ਕੁਲਬੀਰ ਸਿੰਘ ਜ਼ੀਰਾ ਨੂੰ ਦਿੱਤਾ ਸਪੱਸ਼ਟੀਕਰਨ
ਪਿੰਡ ਵਾੜਾ ਚੈਨ ਸਿੰਘ ਵਾਲਾ ਦੇ ਸਰਪੰਚ ਅਤੇ ਮੈਂਬਰਾਂ ਨੇ ਜ਼ੀਰਾ ਨਿਵਾਸ ਪਹੁੰਚ ਕੇ ਦਿੱਤਾ ਸਪੱਸ਼ਟੀਕਰਨ
Publish Date: Mon, 09 Mar 2026 06:16 PM (IST)
Updated Date: Mon, 09 Mar 2026 06:18 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਵਿਧਾਨ ਸਭਾ ਹਲਕਾ ਜ਼ੀਰਾ ਦੇ ਅਧੀਨ ਆਉਂਦੇ ਪਿੰਡ ਵਾੜਾ ਚੈਨ ਸਿੰਘ ਵਾਲਾ ਦੇ ਕਾਂਗਰਸੀ ਸਰਪੰਚ ਅਤੇ ਮੈਂਬਰ ਜਿੰਨ੍ਹਾਂ ਨੂੰ ਕੁਝ ਦਿਨ ਪਹਿਲਾਂ ਭਾਜਪਾ ਵੱਲੋਂ ਸਿਰਪਾਓ ਦਿੱਤਾ ਗਿਆ ਸੀ, ਨੇ ਅੱਜ ਜ਼ੀਰਾ ਨਿਵਾਸ ਪਹੁੰਚ ਕੇ ਐਲਾਨ ਕੀਤਾ ਹੈ ਕਿ ਉਹ ਕਾਂਗਰਸੀ ਹਨ ਅਤੇ ਕਾਂਗਰਸੀ ਹੀ ਰਹਿਣਗੇ। ਦੱਸ ਦੇਈਏ ਕਿ ਕਾਂਗਰਸੀ ਸਰਪੰਚ ਗੁਰਪ੍ਰੀਤ ਕੌਰ, ਮੈਂਬਰ ਗੁਰਮੀਤ ਸਿੰਘ ਅਤੇ ਪ੍ਰੀਤਮ ਸਿੰਘ ਪਿੰਡ ਵਾੜਾ ਚੈਨ ਸਿੰਘ ਵਾਲਾ ਦੇ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਣ ਵੀਆਂ ਚਰਚਾਵਾਂ ਚੱਲੀਆਂ ਸਨ। ਜਿੰਨ੍ਹਾਂ ਦਾ ਅੱਜ ਉਕਤ ਕਾਂਗਰਸੀ ਸਰਪੰਚ ਅਤੇ ਮੈਂਬਰਾਂ ਨੇ ਸਿੱਧੇ ਤੌਰ ’ਤੇ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਧੋਖੇ ਨਾਲ ਇਕ ਮੀਟਿੰਗ ’ਚ ਬੁਲਾ ਕੇ ਸਿਰਪਾਓ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਸ਼ੁਰੂ ਤੋਂ ਹੀ ਕਾਂਗਰਸ ਪਾਰਟੀ ਦੇ ਸਿਪਾਹੀ ਹਨ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ’ਚ ਉਹ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਹਮੇਸ਼ਾਂ ਵਚਨਬੱਧ ਹਨ ਅਤੇ ਅਗਾਮੀ ਚੋਣਾਂ ਵਿਚ ਵੀ ਕਾਂਗਰਸ ਪਾਰਟੀ ਦੇ ਹੱਕ ਵਿਚ ਲੋਕਾਂ ਨੂੰ ਲਾਮਬੰਦ ਕਰ ਰਹੇ ਹਨ। ਇਸ ਮੌਕੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਫਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਲਗਾਤਾਰ ਹੋ ਰਹੀ ਮਜ਼ਬੂਤੀ ਤੋਂ ਵਿਰੋਧੀ ਬੁਖਲਾਹਟ ਵਿਚ ਆ ਕੇ ਅਜਿਹੀਆਂ ਘਟੀਆ ਚਾਲਾਂ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਜਿੰਨ੍ਹਾਂ ਵਿਕਾਸ ਜ਼ੀਰਾ ਹਲਕੇ ਦਾ ਕਰਵਾਇਆ ਹੈ ਉਹ ਕਿਸੇ ਤੋਂ ਲੁਕਿਆ ਨਹੀਂ ਹੈ ਅਤੇ ਲੋਕ ਵੀ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹਨ। ਉਨ੍ਹਾਂ ਕਿਹਾ ਕਿ ਬਦਲਾਅ ਦਾ ਨਾਅਰਾ ਦੇਣ ਵਾਲੀ ਆਮ ਆਦਮੀ ਪਾਰਟੀ, ਅਕਾਲੀ ਦਲ ਅਤੇ ਭਾਜਪਾ ਦੀਆਂ ਮਾਰੂ ਨੀਤੀਆਂ ਨੂੰ ਜ਼ੀਰਾ ਹਲਕੇ ਦੇ ਲੋਕ ਭਲੀਭਾਂਤ ਜਾਣੂੰ ਹੋ ਚੁੱਕੇ ਹਨ ਅਤੇ ਅਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਲਕਾ ਜ਼ੀਰਾ ਵਿਚ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਹਾਸਲ ਕਰੇਗੀ। ਇਸ ਮੌਕੇ ਕਰਮਜੀਤ ਸਿੰਘ ਸਰਪੰਚ, ਬਲਜਿੰਦਰ ਸਿੰਘ, ਗੁਰਜੀਤ ਸਿੰਘ, ਕੁਲਚਰਨ ਸਿੰਘ ਆਦਿ ਹਾਜ਼ਰ ਸਨ।