ਸਰਕਾਰ ਦੇ ਦਾਅਵੇ ਤੇ ਵਾਅਦੇ ਖੋਖਲੇ
ਸਰਕਾਰ ਦੇ ਦਾਅਵੇ ਅਤੇ ਵਾਅਦੇ ਖੋਖਲੇ
Publish Date: Tue, 14 Apr 2026 03:41 PM (IST)
Updated Date: Wed, 15 Apr 2026 04:00 AM (IST)

ਮੰਡੀਆਂ ’ਚ ਨਹੀ ਹੋ ਰਹੀ ਕਣਕ ਦੀ ਖ਼ਰੀਦ : ਖਹਿਰਾ, ਸਿੱਧੂ ਬਗੀਚਾ ਸਿੰਘ, ਪੰਜਾਬੀ ਜਾਗਰਣ, ਮਮਦੋਟ : ਵਿਗੜੇ ਹੋਏ ਮੌਸਮ ਤੋਂ ਬਾਅਦ ਬੜੀ ਮੁਸ਼ਕਲ ਨਾਲ ਪੱਕ ਕੇ ਤਿਆਰ ਹੋਈ ਕਣਕ ਦੀ ਫਸਲ ਮੰਡੀਆਂ ਵਿਚ ਪਹੁੰਚ ਚੁੱਕੀ ਹੈ, ਪਰ ਪੰਜਾਬ ਸਰਕਾਰ ਦੇ ਦਾਅਵੇ ਅਤੇ ਵਾਅਦੇ ਖੋਖਲੇ ਜਾਪ ਰਹੇ ਹਨ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਮੰਡੀਆਂ ਵਿਚ 1 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕੀਤੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਖਹਿਰਾ, ਮਨਪ੍ਰੀਤ ਸਿੰਘ ਸਿੱਧੂ ਬਲਾਕ ਪ੍ਰਧਾਨ ਮਮਦੋਟ ਅਤੇ ਹੋਰ ਅਹੁਦੇਦਾਰਾਂ ਨੇ ਮੰਡੀਆਂ ਦਾ ਦੌਰਾ ਕਰਦੇ ਹੋਏ ਕੀਤਾ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਸੀ ਕਿ 1 ਅਪ੍ਰੈਲ ਨੂੰ ਮੰਡੀਆਂ ਵਿਚ ਖਰੀਦ ਸ਼ੁਰੂ ਹੋ ਜਾਵੇਗੀ, ਪਰ ਅੱਜ 13 ਦਿਨ ਬੀਤ ਜਾਣ ਦੇ ਬਾਅਦ ਵੀ ਮਮਦੋਟ ਦੀਆਂ ਮੰਡੀਆਂ ਵਿਚ ਕਿਸਾਨਾਂ ਦੀ ਪੁੱਤਰਾਂ ਨਾਲ ਵੱਧ ਪਿਆਰ ਨਾਲ ਪਾਲੀ ਕਣਕ ਮੰਡੀਆਂ ਵਿਚ ਆ ਚੁੱਕੀ ਹੈ, ਪਰ ਨਾ ਤਾਂ ਮੰਡੀਆਂ ਵਿਚ ਕਿਸੇ ਮਹਿਕਮੇ ਦਾ ਇੰਸਪੈਕਟਰ ਅਤੇ ਨਾ ਹੀ ਕਣਕ ਨੂੰ ਬੋਰੀਆਂ ਵਿਚ ਭਰਨ ਵਾਸਤੇ ਬਾਰਦਾਨਾ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਤਾ ਪਹਿਲਾਂ ਹੀ ਕੁਦਰਤ ਦੀ ਮਾਰ ਹੇਠ ਆਇਆ ਹੋਇਆ ਹੈ ਅਤੇ ਹੁਣ ਉੱਤੋ ਸਰਕਾਰ ਵੀ ਉਸ ਨੂੰ ਮੰਡੀਆਂ ਵਿਚ ਰੋਲ ਰਹੀ ਹੈ। ਉਨ੍ਹਾਂ ਕਿਹਾ ਕਿ ਇੱਥੇ ਹੀ ਬੰਸ ਨਹੀ ਕਿ ਖਰੀਦ ਏਜੰਸੀ ਵੱਲੋਂ ਵੀ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਤੰਗ ਪ੍ਰੇਸ਼ਾਨ ਕਰਨ ਲਈ ਹੜਤਾਲ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਲਦੀ ਤੋ ਜਲਦੀ ਮੰਡੀਆਂ ਵਿਚ ਕਣਕ ਦੀ ਨਿਰਵਿਘਨ ਖਰੀਦ ਸ਼ੁਰੂ ਕਰਵਾਏ, ਨਹੀਂ ਤਾਂ ਕਿਸਾਨ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਕਿਸਾਨ ਆਗੂਆਂ ਮਹਿੰਦਰ ਸਿੰਘ ਵਧੋਣ ਅਤੇ ਛਿੰਦਾ ਸੇਠੀ ਨੇ ਕਿਹਾ ਕਿ ਕਣਕ ਦੀ ਖਰੀਦ ਵਿਚ ਸਰਕਾਰ ਨੂੰ ਕੁਝ ਢਿੱਲ ਦੇਣੀ ਚਾਹੀਦੀ ਹੈ, ਕਿਉਂਕਿ ਹੋਈਆਂ ਬਾਰਸ਼ਾਂ ਕਾਰਨ ਕਿਸਾਨਾਂ ਦਾ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਿਆ ਹੈ। ਇਸ ਮੌਕੇ ਹੋਰਨਾਂ ਤੋ ਇਲਾਵਾ ਨਿਸ਼ਾਨ ਸਿੰਘ ਮੀਤ ਪ੍ਰਧਾਨ, ਗੁਰਸੇਵਕ ਸਿੰਘ ਇਕਾਈ ਪ੍ਰਧਾਨ, ਨਸੀਬ ਸਿੰਘ, ਹਰਦੀਪ ਸਿੰਘ ਸੋਢੀ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।