ਡੀਈਓ ਲੁਧਿਆਣਾ ਵੱਲੋਂ ਜਾਰੀ ਪੱਤਰ ਨੂੰ ਵਾਪਸ ਲਿਆ ਜਾਵੇ : ਹਾਂਡਾ
ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਅਧਾਰ ਬਣਾ ਕੇ ਨਹੀਂ ਕੀਤਾ ਜਾ ਸਕਦਾ ਕੰਬੋਜ ਭਾਈਚਾਰੇ ਦੇ ਭਵਿੱਖ ਦਾ ਫੈਸਲਾ : ਹਰਜਿੰਦਰ ਹਾਂਡਾ
Publish Date: Sun, 08 Mar 2026 06:28 PM (IST)
Updated Date: Sun, 08 Mar 2026 06:30 PM (IST)

ਰਵੀ ਮੌਂਗਾ, ਪੰਜਾਬੀ ਜਾਗਰਣ ਗੁਰੂਹਰਸਹਾਏ : ਪੰਜਾਬ ਦੇ ਕੰਬੋਜ਼ ਭਾਈਚਾਰੇ ਨੂੰ ਪੱਛੜੀਆਂ ਸ਼੍ਰੇਣੀਆਂ ਦੀ ਸੂਚੀ ਵਿਚ ਇਸੇ ਤਰ੍ਹਾਂ ਹੀ ਬਰਕਰਾਰ ਰੱਖਣ ਜਾਂ ਫਿਰ ਪੱਛੜੀਆਂ ਸ਼੍ਰੇਣੀਆਂ ਦੀ ਸੂਚੀ ਵਿਚੋਂ ਬਾਹਰ ਕੱਢਣ ਦਾ ਫੈਸਲਾ ਕਰਨ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ (ਸੈਕੰਡਰੀ ਸਿੱਖਿਆ) ਵੱਲੋਂ ਸਿੱਖਿਆ ਵਿਭਾਗ ਦੇ ਪ੍ਰਿੰਸੀਪਲਾਂ, ਹੈੱਡ ਮਾਸਟਰਾਂ ਅਤੇ ਸਕੂਲ ਮੁੱਖੀਆਂ ਨੂੰ ਜਾਰੀ ਕੀਤੇ ਪੱਤਰ ਕਾਰਨ ਪੰਜਾਬ ਦੇ ਕੰਬੋਜ਼ ਭਾਈਚਾਰੇ ਵਿਚ ਵਡੀ ਰੋਸ ਦੀ ਲਹਿਰ ਦੌੜ ਗਈ ਅਤੇ ਪੰਜਾਬ ਦੇ ਕੰਬੋਜ਼ ਭਾਈਚਾਰੇ ਵੱਲੋਂ ਇਸ ਪੱਤਰ ਖ਼ਿਲਾਫ ਸੜਕਾਂ ਉੱਤੇ ਆਣ ਦੀ ਸਖ਼ਤ ਚੇਤਾਵਨੀ ਦਿੱਤੀ ਹੈ। ਕੰਬੋਜ਼ ਇੰਪਲਾਈਜ ਐਂਡ ਪੈਨਸ਼ਨਰਜ ਦੀ ਅਗਵਾਈ ਵਾਲੇ ਸੰਗਠਨ ‘‘ਇੰਟਰਨੈਸ਼ਨਲ ਸਰਵ ਕੰਬੋਜ ਮਹਾਂਸਭਾ’’ ਦੇ ਕੌਮੀ ਪ੍ਰਧਾਨ ਹਰਜਿੰਦਰ ਹਾਂਡਾ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ (ਸੈ.ਸਿੱ) ਵੱਲੋਂ ਜਾਰੀ ਕੀਤੇ ਇਸ ਪੱਤਰ ਖ਼ਿਲਾਫ ਸਖ਼ਤ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਜਾਰੀ ਕੀਤੇ ਪੱਤਰ ਅਨੁਸਾਰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੀਸੀ ਵਿਦਿਆਰਥੀਆਂ ਅਤੇ ਸਿੱਖਿਆ ਵਿਭਾਗ ਵਿਚ ਕੰਮ ਕਰਦੇ ਬੀਸੀ ਕਰਮਚਾਰੀਆਂ ਦੇ ਅੰਕੜੇ ਇਕੱਠੇ ਕੀਤੇ ਜਾ ਰਹੇ ਹਨ, ਜਦੋਂ ਕਿ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਅਧਾਰ ਬਣਾ ਕੇ ਕੰਬੋਜ ਭਾਈਚਾਰੇ ਦੇ ਭਵਿੱਖ ਦਾ ਫੈਸਲਾ ਨਹੀਂ ਕੀਤਾ ਜਾ ਸਕਦਾ। ਹਰਜਿੰਦਰ ਹਾਂਡਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਰਾਹੀਂ ਅਜਿਹੇ ਅੰਕੜੇ ਇਕੱਤਰ ਕਰਨ ਦੀ ਬਜਾਏ ਜ਼ਿਲ੍ਹੇ ਵਿਚ ਕੰਬੋਜ਼ ਭਾਈਚਾਰੇ ਲਈ ਸੂਚਨਾ ਜਾਰੀ ਕਰਕੇ ਕੰਬੋਜ਼ ਭਾਈਚਾਰੇ ਦੇ ਲੋਕਾਂ ਦੀ ਨਿੱਜੀ ਸੁਣਵਾਈ (ਪਰਸਨਲ ਹੀਰਿੰਗ) ਕਰਨੀ ਬਣਦੀ ਹੈ ਅਤੇ ਇਸ ਉਪਰੰਤ ਹੀ ਕੋਈ ਫੈਸਲਾ ਲੈਣਾ ਬਣਦਾ ਹੈ। ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਕੌਮੀ ਪ੍ਰਧਾਨ ਹਰਜਿੰਦਰ ਹਾਂਡਾ ਨੇ ਕਿਹਾ ਕਿ ਕੁੱਝ ਸਮਾਂ ਪਹਿਲਾਂ ਪੰਜਾਬ ਦੇ ਕੰਬੋਜ਼ ਭਾਈਚਾਰੇ ਦੇ ਹੀ ਸਿਰਫ 4-5 ਵਿਅਕਤੀਆਂ ਵੱਲੋਂ ਮਾਨਯੋਗ ਹਾਈਕੋਰਟ ਵਿਚ ਰਿੱਟ ਦਾਇਰ ਕਰਕੇ ਪੰਜਾਬ ਦੇ ਕੰਬੋਜ ਭਾਈਚਾਰੇ ਨੂੰ ਪੱਛੜੀਆਂ ਸ਼੍ਰੇਣੀਆਂ ਦੀ ਸੂਚੀ ਵਿਚੋਂ ਬਾਹਰ ਕਰਨ ਦੀ ਮੰਗ ਕੀਤੀ ਗਈ ਸੀ ਅਤੇ ਮਾਨਯੋਗ ਹਾਈਕੋਰਟ ਵੱਲੋਂ ਇਸ ਸਬੰਧੀ ਅੱਗੇ ਚੇਅਰਮੈਨ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਪੰਜਾਬ ਨੂੰ ਇਸ ਸਬੰਧੀ ਆਪਣੀ ਰਾਏ/ਰਿਪੋਰਟ ਦੇਣ ਲਈ ਕਿਹਾ ਸੀ। ਹਰਜਿੰਦਰ ਹਾਂਡਾ ਨੇ ਕਿਹਾ ਜੇਕਰ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ (ਸੈਕੰਡਰੀ ਸਿੱਖਿਆ) ਵੱਲੋਂ ਜਾਰੀ ਕੀਤਾ ਪੱਤਰ ਵਾਪਸ ਨਾ ਲਿਆ ਗਿਆ ਤਾਂ ਸਾਰੇ ਪੰਜਾਬ ਦਾ ਕੰਬੋਜ਼ ਭਾਈਚਾਰਾ ਸੜਕਾਂ ਉੱਤੇ ਆ ਕੇ ਇਸ ਖਿਲਾਫ ਸੰਘਰਸ਼ ਵਿੱਢ ਦੇਵੇਗਾ। ਇਸ ਵਕਤ ਹੋਰਨਾਂ ਤੋਂ ਇਲਾਵਾ ਉਨ੍ਹਾਂ ਨਾਲ ਕੌਮੀ ਜਨਰਲ ਸਕੱਤਰ ਆਸ਼ੂਤੋਸ਼ ਕੰਬੋਜ, ਕੌਮੀ ਸਰਪ੍ਰਸਤ ਪ੍ਰੋਫੈਸਰ ਗੁਰਨਾਮ ਕੰਬੋਜ਼, ਉੱਪ ਪ੍ਰਧਾਨ ਪ੍ਰਿੰਸੀਪਲ ਓਮ ਪ੍ਰਕਾਸ਼ ਬੱਟੀ, ਸੀਨੀਅਰ ਉੱਪ ਪ੍ਰਧਾਨ ਮਾਸਟਰ ਕ੍ਰਾਂਤੀ ਕੰਬੋਜ਼, ਡਾਕਟਰ ਹਰੀਸ਼ ਥਿੰਦ, ਪ੍ਰਿੰਸੀਪਲ ਕੁਲਦੀਪ ਸਿੰਘ ਸੰਧਾ, ਸੁਭਾਸ਼ ਥਿੰਦ ਮੋਹਾਲੀ, ਬਲਰਾਜ ਥਿੰਦ ਬੀਪੀਈਓ, ਹੈੱਡ ਮਾਸਟਰ ਜੋਗਿੰਦਰਪਾਲ ਕੰਬੋਜ ਅਬੋਹਰ, ਮਾਸਟਰ ਸੁਰਿੰਦਰ ਕੰਬੋਜ ਸੁਆਹਵਾਲਾ, ਹਰਵੇਲ ਕੰਬੋਜ ਸੁਨਾਮ, ਵਰਿੰਦਰ ਸੁਨਾਮ, ਪਰਮਜੀਤ ਹਾਡਾਂ, ਲੈਕਚਰਾਰ ਮਲਕੀਤ ਜੋਸਨ, ਵਰਿੰਦਰ ਸਿੰਘ ਹਾਂਡਾ, ਜਗਮੋਹਨ ਸਿੰਘ ਥਿੰਦ ਕਪੂਰਥਲਾ, ਮਹਿੰਦਰ ਸਿੰਘ ਮਹਿਰੋਕ, ਰਾਜਿੰਦਰ ਕੰਬੋਜ਼ ਅਬੋਹਰ, ਰਾਮਕ੍ਰਿਸ਼ਨ ਫਾਜ਼ਿਲਕਾ, ਓਮ ਪ੍ਰਕਾਸ਼ ਫਾਜ਼ਿਲਕਾ, ਪ੍ਰਿੰਸੀਪਲ ਪ੍ਰਦੀਪ ਕੰਬੋਜ਼ ਆਦਿ ਕੰਬੋਜ ਆਗੂ ਹਾਜ਼ਰ ਸਨ।