ਸਨਾਤਨ ਧਰਮ ਮੰਦਰ ’ਚ ਮਨਾਇਆ ਰਾਮ ਨੌਮੀ ਦਾ ਤਿਉਹਾਰ
ਸਨਾਤਨ ਧਰਮ ਮੰਦਿਰ ਜ਼ੀਰਾ ਵਿਚ ਮਨਾਇਆ ਗਿਆ ਸ੍ਰੀ ਰਾਮ ਨੌਮੀ ਦਾ ਤਿਉਹਾਰ
Publish Date: Sat, 28 Mar 2026 04:38 PM (IST)
Updated Date: Sat, 28 Mar 2026 04:38 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਸਨਾਤਨ ਧਰਮ ਮੰਦਰ ਜ਼ੀਰਾ ਵਿਖੇ ਰਾਮ ਨੌਮੀ ਸ਼ਰਧਾ, ਉਤਸ਼ਾਹ ਤੇ ਧੂਮਧਾਮ ਨਾਲ ਮਨਾਈ ਗਈ। ਧਾਰਮਿਕ ਰੰਗ ’ਚ ਰੰਗੇ ਇਸ ਪਵਿੱਤਰ ਸਮਾਗਮ ਦੌਰਾਨ ਮੰਦਿਰ ਪ੍ਰੰਗਣ ‘ਜੈ ਸ੍ਰੀ ਰਾਮ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਮੌਕੇ ਮੰਦਿਰ ਦੇ ਪੁਜਾਰੀ ਪੰਡਿਤ ਚੰਦਰੇਸ਼ ਦਿਵੇਦੀ ਵੱਲੋਂ ਪੂਜਾ ਅਰਚਨਾ ਕੀਤੀ ਗਈ। ਇਸ ਉਪਰੰਤ ਭਾਵਪੂਰਣ ਢੰਗ ਨਾਲ ਸੁੰਦਰ ਕਾਂਡ ਦਾ ਪਾਠ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਕੇ ਭਗਤੀ ਰਸ ਦਾ ਆਨੰਦ ਮਾਣਿਆ। ਸ਼ਹਿਰ ਦੀਆਂ ਵੱਖ-ਵੱਖ ਸੰਕੀਰਤਨ ਮੰਡਲੀਆਂ ਵੱਲੋਂ ਭਗਵਾਨ ਸ੍ਰੀ ਰਾਮ ਜੀ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਮਾਹੌਲ ਨੂੰ ਹੋਰ ਵੀ ਭਗਤੀਮਈ ਬਣਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਪੰਡਿਤ ਚੰਦਰੇਸ਼ ਦਿਵੇਦੀ ਜੀ ਨੇ ਭਗਵਾਨ ਸ੍ਰੀ ਰਾਮ ਦੇ ਆਦਰਸ਼ ਜੀਵਨ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਭਗਵਾਨ ਰਾਮ ਵਰਗਾ ਆਦਰਸ਼ ਰਾਜਾ ਇਤਿਹਾਸ ਵਿਚ ਨਹੀਂ ਮਿਲਦਾ, ਜਿਸ ਨੇ ਆਪਣੇ ਪਿਤਾ ਦੀ ਆਗਿਆ ਦਾ ਪਾਲਣ ਕਰਦਿਆਂ 14 ਸਾਲਾਂ ਦਾ ਬਨਵਾਸ ਸਵੀਕਾਰ ਕੀਤਾ। ਉਨ੍ਹਾਂ ਨੇ ਮਾਤਾ ਸੀਤਾ ਦੇ ਪਤੀਵਰਤਾ ਧਰਮ, ਲਕਸ਼ਮਣ ਜੀ ਦੀ ਅਟੱਲ ਭਰਾ-ਭਗਤੀ, ਭਰਤ ਜੀ ਦੀ ਨਿਸ਼ਕਾਮ ਸੇਵਾ ਅਤੇ ਹਨੁੰਮਾਨ ਜੀ ਦੀ ਅਦੁੱਤੀ ਭਗਤੀ ਨੂੰ ਮਨੁੱਖਤਾ ਲਈ ਪ੍ਰੇਰਣਾਸਰੋਤ ਦੱਸਿਆ। ਇਸ ਮੌਕੇ ਸੁਰਿੰਦਰ ਸ਼ਰਮਾ,ਗੌਰਵ ਨਰੂਲਾ, ਰਾਜੇਸ਼ ਮਿੱਤਲ, ਜੋਗਿੰਦਰ ਢੈਨਵਾਲ, ਸੀਤਾ ਮਿਸ਼ਰਾ, ਕਿਰਨ ਗੌੜ, ਕਿਰਨ ਬਾਂਸਲ ਸਮੇਤ ਕਈ ਸ਼ਰਧਾਲੂ ਹਾਜ਼ਰ ਸਨ। ਸਮਾਗਮ ਦੇ ਅੰਤ ਵਿਚ ਅਟੁੱਟ ਭੰਡਾਰਾ ਵਰਤਾਇਆ ਗਿਆ ।