ਹੜ੍ਹਾਂ ਦੌਰਾਨ ਕਿਸਾਨਾਂ ਦੇ ਹੋਏ ਨੁਕਸਾਨ ਦਾ ਐਲਾਨਿਆ ਮੁਆਵਜ਼ਾ ਹਾਲੇ ਤੱਕ ਨਹੀਂ ਪਹੁੰਚਿਆ : ਆਹਲੂਵਾਲੀਆ
ਹੜ੍ਹਾਂ ਦੌਰਾਨ ਕਿਸਾਨਾਂ ਦੇ ਹੋਏ ਨੁਕਸਾਨ ਦਾ ਐਲਾਨਿਆ ਮੁਆਵਜਾ ਹੜ੍ਹ ਪੀੜ੍ਹਤਾਂ ਤੱਕ ਜ਼ਮੀਨੀ ਪੱਧਰ ਤੱਕ ਨਹੀਂ ਪਹੁੰਚਿਆ : ਆਹਲੂਵਾਲੀਆ
Publish Date: Mon, 19 Jan 2026 04:39 PM (IST)
Updated Date: Mon, 19 Jan 2026 04:42 PM (IST)

ਕੇਵਲ ਆਹੂਜਾ, ਪੰਜਾਬੀ ਜਾਗਰਣ ਮਖੂ : ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਆਪਣੀਆਂ ਹੱਕੀ ਮੰਗਾਂ ਦੇ ਸਬੰਧ ਵਿਚ ਭਾਰਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸੂਬਾ ਪ੍ਰਧਾਨ ਜਸਬੀਰ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ 1 ਜਨਵਰੀ ਤੋਂ ਹਰੀਕੇ ਹੈੱਡ ਵਰਕਸ ਦੀਆਂ ਨਹਿਰਾਂ ’ਤੇ ਪੱਕਾ ਮੋਰਚਾ ਲਗਾਇਆ ਹੋਇਆ ਹੈ। ਇਸ ਪੱਕੇ ਮੋਰਚੇ ਦੌਰਾਨ ਰੋਜ਼ਾਨਾ ਪੰਜ ਕਿਸਾਨ ਭੁੱਖ ਹੜਤਾਲ ’ਤੇ ਬੈਠ ਰਹੇ ਹਨ। ਹੜ੍ਹ ਪੀੜ੍ਹਤਾਂ ਦੇ ਇਸ ਪੱਕੇ ਮੋਰਚੇ ਵਿਚ ਅੱਜ ਭਾਨਾ ਸਿੱਧੂ ਅਤੇ ਅਕਾਲੀ ਦਲ ਵਾਰਸ ਪੰਜਾਬ ਦੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵਿਸ਼ੇਸ਼ ਪਹੁੰਚੇ। ਇਸ ਮੌਕੇ ਬਾਪੂ ਤਰਸੇਮ ਸਿੰਘ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਪੈਰੋਲ ਦੇਣ ਤੋਂ ਇਨਕਾਰ ਕਰਨ ਨੂੰ ਲੋਕਤੰਤਰ ਤੇ ਸਿੱਧਾ ਹਮਲਾ ਕਰਾਰ ਦਿੰਦਿਆਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਸੰਸਦ ਦੇ ਸਰਦ ਰੁੱਤ ਸੈਸ਼ਨ ਵਿਚ ਸ਼ਾਮਲ ਹੋਣ ਲਈ ਪੈਰੋਲ ਮੰਗੀ ਸੀ ਨਾ ਕਿ ਕੋਈ ਜਨਤਕ ਰੈਲੀ ਕਰਨ ਲਈ ਜਾਂ ਆਪਣੇ ਪਰਿਵਾਰ ਨੂੰ ਮਿਲਣ ਲਈ। ਉਹ ਉਨ੍ਹਾਂ ਲੋਕਾਂ ਦੀ ਆਵਾਜ਼ ਉਠਾਉਣਾ ਚਾਹੁੰਦਾ ਸੀ ਜਿਨ੍ਹਾਂ ਦੀ ਉਹ ਨੁਮਾਇੰਦਗੀ ਕਰ ਰਿਹਾ ਹੈ। ਭਾਨਾ ਸਿੱਧੂ ਨੇ ਕਿਹਾ ਕਿ ਕਿਸਾਨਾਂ ਨੂੰ ਸਰਕਾਰਾਂ ਦੇ ਭੋਰਸੇ ਨਹੀਂ ਰਹਿਣਾ ਚਾਹੀਦਾ, ਸਾਨੂੰ ਸਾਰਿਆਂ ਨੂੰ ਆਪਣੀ ਲੜਾਈ ਆਪ ਲੜਨੀ ਚਾਹੀਦੀ ਹੈ। ਇਸ ਮੌਕੇ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਹੜ੍ਹਾਂ ਦੌਰਾਨ ਕਿਸਾਨਾਂ ਦੇ ਹੋਏ ਨੁਕਸਾਨ ਦਾ ਐਲਾਨਿਆ ਮੁਆਵਜਾ ਹੜ੍ਹ ਪੀੜ੍ਹਤਾਂ ਤੱਕ ਜ਼ਮੀਨੀ ਪੱਧਰ ਤੱਕ ਨਹੀਂ ਪਹੁੰਚਿਆ। ਇਸ ਤੋਂ ਸਾਬਤ ਹੁੰਦਾ ਹੈ ਕਿ ਪੰਜਾਬ ਸਰਕਾਰ ਹੜ੍ਹ ਪੀੜ੍ਹਤਾਂ ਨਾਲ ਕੋਈ ਹਮਦਰਦੀ ਨਹੀਂ ਰੱਖਦੀ ਸਿਰਫ ਸਿਆਸਤ ਕਰਕੇ ਸਿਆਸੀ ਰੋਟੀਆਂ ਸੇਕ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੁੱਖ ਮੰਗਾਂ ਕੱਚੀਆਂ ਜ਼ਮੀਨਾਂ ਤੇ ਲੰਬੇ ਸਮੇਂ ਤੋਂ ਕਾਸ਼ਤ ਰਹੇ ਕਿਸਾਨਾਂ ਦੀ ਜ਼ਮੀਨ ਦੀ ਗਿਰਦਾਵਰੀ ਕਿਸਾਨ ਦੇ ਨਾਮ ਕਰਕੇ ਤੁਰੰਤ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਕਾਸ਼ਤਕਾਰ ਕਿਸਾਨ ਨੂੰ ਮਲਕੀਅਤ ਹੱਕ ਦਿੱਤਾ ਜਾਵੇ, ਡੈਮਾਂ ਵੱਲੋਂ ਪਾਣੀ ਛੱਡਣ ਕਾਰਨ ਪੰਜਾਬ ਦੇ ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਧੁੱਸੀ ਬੰਨ੍ਹ ਦੇ ਅੰਦਰ ਆਉਂਦੀਆਂ ਹਨ ਉਨ੍ਹਾਂ ਦੀਆਂ ਫਸਲਾਂ ਬਰਬਾਦ ਹੋ ਜਾਂਦੀਆਂ ਹਨ। ਉਨ੍ਹਾਂ ਕਿਸਾਨਾਂ ਦਾ ਸਾਰਾ ਕਰਜ਼ਾ ਤੁਰੰਤ ਮੁਆਫ ਕੀਤਾ ਜਾਵੇ, 2025 ਹੜ੍ਹ ਦੌਰਾਨ ਕਿਸਾਨਾਂ ਦੇ ਖੇਤਾਂ ਵਿੱਚ ਰੇਤਾ ਪੈ ਗਈ ਸੀ ਜਿਸ ਨੂੰ ਕੱਢਣ ਲਈ ਸਰਕਾਰ ਵੱਲੋਂ ਜਿਸ ਦਾ ਖੇਤ ਉਸਦੀ ਦੀ ਰੇਤ ਪੋਲਿਸੀ ਤਹਿਤ 31 ਦਸੰਬਰ ਤੱਕ ਖੁੱਲ੍ਹ ਦਿੱਤੀ ਗਈ ਸੀ ਪਰ ਹੜ੍ਹ ਪੀੜਤ ਕਿਸਾਨਾਂ ਵੱਲੋਂ ਅਜੇ ਤੱਕ ਆਪਣੇ ਖੇਤਾਂ ਦੀ ਰੇਤਾ ਚੁੱਕੀ ਨਹੀਂ ਗਈ ਜਿਸ ਕਰਕੇ ਕਿਸਾਨਾਂ ਖੁੱਲਾ ਸਮਾਂ ਦਿੱਤਾ ਜਾਵੇ ਆਦਿ ਮੰਗਾਂ ਹਨ। ਇਸ ਮੌਕੇ ਲਖਵਿੰਦਰ ਸਿੰਘ ਅਰਾਈਆਂਵਾਲਾ, ਹਰਜਿੰਦਰ ਸਿੰਘ ਸਰਪੰਚ ਹਸ਼ਮਤ ਵਾਲਾ, ਕਰਨੈਲ ਸਿੰਘ, ਮਲਕੀਤ ਸਿੰਘ, ਸੁਖਦੇਵ ਸਿੰਘ, ਗੁਰਚਰਨ ਸਿੰਘ, ਰਣਜੋਧ ਸਿੰਘ, ਸਿੰਕਦਰ ਸਿੰਘ, ਜਸਵਿੰਦਰ ਸਿੰਘ, ਹਰਪ੍ਰੀਤ ਸਿੰਘ, ਮਨਜੀਤ ਸਿੰਘ, ਬਖਸ਼ੀਸ਼ ਸਿੰਘ, ਮੁਖਤਿਆਰ ਸਿੰਘ , ਨਿਰਮਲ ਸਿੰਘ, ਗੁਰਜੀਤ ਸਿੰਘ, ਸ਼ਮਸ਼ੇਰ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਕਿਸਾਨ ਪਹੁੰਚੇ ਹੋਏ ਹਨ।