ਬੰਗਲਾਦੇਸ਼ੀ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਤੁਰੰਤ ਦਖ਼ਲ ਦੇਵੇ
ਬੰਗਲਾਦੇਸ਼ੀ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਤੁਰੰਤ ਦਖ਼ਲ ਦੇਵੇ
Publish Date: Fri, 02 Jan 2026 04:58 PM (IST)
Updated Date: Fri, 02 Jan 2026 04:59 PM (IST)
ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ
ਜ਼ੀਰਾ: ਬੰਗਲਾਦੇਸ਼ ਵਿਚ ਘੱਟ ਗਿਣਤੀ ਹਿੰਦੂ ਭਾਈਚਾਰੇ ਨਾਲ ਹੋ ਰਹੇ ਲਗਾਤਾਰ ਅੱਤਿਆਚਾਰਾਂ ਨੇ ਮਨੁੱਖਤਾ ਨੂੰ ਸ਼ਰਮਸਾਰ ਕਰ ਕੇ ਰੱਖ ਦਿੱਤਾ ਹੈ। ਇਨ੍ਹਾਂ ਗੰਭੀਰ ਹਾਲਾਤਾਂ ਨੂੰ ਵੇਖਦਿਆਂ ਕੇਂਦਰ ਸਰਕਾਰ ਨੂੰ ਬੰਗਲਾਦੇਸ਼ ਸਰਕਾਰ ਨਾਲ ਉੱਚ ਪੱਧਰੀ ਗੱਲਬਾਤ ਕਰ ਕੇ ਉਥੇ ਵੱਸਦੇ ਹਿੰਦੂਆਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਠੋਸ ਤੇ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਸ਼ਵ ਹਿੰਦੂ ਪਰਿਸ਼ਦ ਦੇ ਵਿਭਾਗ ਮੰਤਰੀ ਜੋਗਿੰਦਰ ਪਾਲ ਕੋਰੀ, ਸ੍ਰੀ ਰਾਮ ਲੀਲਾ ਕਲੱਬ ਦੇ ਡਾਇਰੈਕਟਰ ਕ੍ਰਿਸ਼ਨ ਹਾਂਡਾ, ਉਪ ਪ੍ਰਧਾਨ ਵਿਹਿਪ ਆਗੂ ਰਾਜ ਅਰੋੜਾ, ਸ੍ਰੀ ਵੈਸ਼ਨੋ ਭਜਨ ਮੰਡਲੀ ਦੇ ਪ੍ਰਧਾਨ ਕੁਲਭੂਸ਼ਣ ਸ਼ਰਮਾ ਨੇ ਕਰਦਿਆਂ ਕਿਹਾ ਕਿ ਬੰਗਲਾਦੇਸ਼ ਵਿਚ ਕੱਟੜਪੰਥੀ ਤਾਕਤਾਂ ਵੱਲੋਂ ਹਿੰਦੂਆਂ ਨੂੰ ਧਾਰਮਿਕ ਆਧਾਰ ’ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮਾਰਕੁੱਟ, ਜ਼ਿੰਦਾ ਸਾੜਨ, ਜਾਇਦਾਦਾਂ ਹੜੱਪਣ ਅਤੇ ਜ਼ਬਰਦਸਤੀ ਧਰਮ ਪਰਿਵਰਤਨ ਵਰਗੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ, ਪਰ ਸਥਾਨਕ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਖ਼ਿਲਾਫ਼ ਕੋਈ ਢੰਗ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ। ਇਹ ਚੁੱਪੀ ਕੱਟੜਪੰਥੀਆਂ ਦੇ ਹੌਸਲੇ ਹੋਰ ਵਧਾ ਰਹੀ ਹੈ। ਆਗੂਆਂ ਨੇ ਕਿਹਾ ਕਿ ਮੈਮਨ ਸਿੰਘ ਜ਼ਿਲ੍ਹੇ ਦੇ ਦੁਬਾਲੀਆ ਪਾਰਾ ਵਿੱਚ ਹਿੰਦੂ ਨੌਜਵਾਨ ਦੀਪੂ ਚੰਦਰ ਦਾਸ ਨੂੰ ਝੂਠੇ ਦੋਸ਼ਾਂ ਹੇਠ ਦਰੱਖਤ ਨਾਲ ਬੰਨ੍ਹ ਕੇ ਜ਼ਿੰਦਾ ਸਾੜਨਾ ਅਤੇ ਖੁਲਨਾ ਵਿੱਚ ਨੌਜਵਾਨ ਉਤਸਵ ਕੁੰਡ ’ਤੇ ਹੋਇਆ ਘਾਤਕ ਹਮਲਾ ਇਸ ਗੱਲ ਦਾ ਸਪੱਸ਼ਟ ਸਬੂਤ ਹਨ ਕਿ ਬੰਗਲਾਦੇਸ਼ ਵਿੱਚ ਹਿੰਦੂਆਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਅਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾਵਾਂ ਇਕੱਲੀਆਂ ਨਹੀਂ, ਸਗੋਂ ਘੱਟ ਗਿਣਤੀ ਹਿੰਦੂਆਂ ਦੇ ਮੌਜੂਦਗੀ ਨੂੰ ਖਤਮ ਕਰਨ ਦੀ ਇਕ ਯੋਜਨਾਬੱਧ ਸਾਜ਼ਿਸ਼ ਦਾ ਹਿੱਸਾ ਲੱਗਦੀਆਂ ਹਨ। ਉਨ੍ਹਾਂ ਕਿਹਾ ਕਿ ਇਤਿਹਾਸਕ, ਸੱਭਿਆਚਾਰਕ ਅਤੇ ਭਾਵਨਾਤਮਕ ਸਬੰਧਾਂ ਦੇ ਮੱਦੇਨਜ਼ਰ ਭਾਰਤ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੰਗਲਾਦੇਸ਼ ਵਿੱਚ ਰਹਿ ਰਹੇ ਹਿੰਦੂਆਂ ਦੀ ਸੁਰੱਖਿਆ ਲਈ ਸਖ਼ਤ ਕੂਟਨੀਤਕ ਦਬਾਅ ਬਣਾਏ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਕੜੀ ਸਜ਼ਾ ਦਿੱਤੀ ਜਾਵੇ ਅਤੇ ਸੰਯੁਕਤ ਰਾਸ਼ਟਰ ਦੀ ਨਿਗਰਾਨੀ ਹੇਠ ਉਥੇ ਸ਼ਾਂਤੀ ਸੈਨਾ ਤਾਇਨਾਤ ਕਰ ਕੇ ਘੱਟ ਗਿਣਤੀਆਂ ਦੀ ਰੱਖਿਆ ਯਕੀਨੀ ਬਣਾਈ ਜਾਵੇ।