ਸਰਪੰਚ ਤੇ ਸਿਆਸੀ ਦਬਾਅ ਹੇਠ ਜ਼ਮੀਨ ਤੇ ਕਬਜ਼ਾ ਕਰਨ ਦੇ ਲਗਾਏ ਦੋਸ਼
ਪੀੜ੍ਹਤ ਕਿਸਾਨਾਂ ਨੇ ਸਤਲੁਜ ਪ੍ਰੈਸ ਕਲੱਬ ’ਚ ਪ੍ਰੈਸ ਕਾਨਫਰੰਸ ਕਰਕੇ ਇਨਸਾਫ ਦੀ ਲਗਾਈ ਗੁਹਾਰ
Publish Date: Mon, 13 Apr 2026 06:51 PM (IST)
Updated Date: Mon, 13 Apr 2026 06:55 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਰੋਜ਼ਪੁਰ : ਪਿੰਡ ਦੋਨਾ ਤੇਲੂ ਮੱਲ ਦੇ ਪੀੜ੍ਹਤ ਕਿਸਾਨਾਂ ਵੱਲੋਂ ਸਤਲੁਜ ਪ੍ਰੈਸ ਕਲੱਬ ’ਚ ਪ੍ਰੈਸ ਕਾਨਫਰੰਸ ਕਰਕੇ ਆਪਣੇ ਨਾਲ ਹੋ ਰਹੀ ਕਥਿਤ ਧੱਕੇਸ਼ਾਹੀ ਬਾਰੇ ਖੁਲਾਸਾ ਕੀਤਾ। ਪਰਮਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨਾਲ ਪਿਛਲੇ ਕਈ ਸਾਲਾਂ ਤੋਂ ਜ਼ਮੀਨੀ ਵਿਵਾਦ ਚੱਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਸਾਲ 1992 ਵਿੱਚ ਜਨਕ ਰਾਣੀ ਵੱਲੋਂ 32 ਕਨਾਲ ਜ਼ਮੀਨ ਦਾ ਇਕਰਾਰਨਾਮਾ ਉਨ੍ਹਾਂ ਦੇ ਪਿਤਾ ਮੁਖਤਿਆਰ ਸਿੰਘ ਅਤੇ ਸਵਰਨ ਸਿੰਘ ਦੇ ਹੱਕ ਵਿੱਚ ਕੀਤਾ ਗਿਆ ਸੀ ਪਰ ਬਾਅਦ ਵਿੱਚ ਕੱਕਾ ਸਿੰਘ ਅਤੇ ਹੋਰਾਂ ਨੇ ਮਿਲੀਭੁਗਤ ਕਰਕੇ ਗੈਰ ਕਾਨੂੰਨੀ ਢੰਗ ਨਾਲ ਉਸੇ ਜ਼ਮੀਨ ਦੀ ਰਜਿਸਟਰੀ ਆਪਣੇ ਨਾਮ ਕਰਵਾ ਲਈ। ਇਸ ਮਾਮਲੇ ’ਚ ਸਿਵਲ ਅਦਾਲਤ ਫਿਰੋਜ਼ਪੁਰ ਨੇ 24 ਅਕਤੂਬਰ 1996 ਨੂੰ ਫੈਸਲਾ ਸੁਣਾਉਂਦੇ ਹੋਏ ਕੱਕਾ ਸਿੰਘ ਦੇ ਹੱਕ ਵਿੱਚ ਹੋਈ ਰਜਿਸਟਰੀ ਰੱਦ ਕਰ ਦਿੱਤੀ ਅਤੇ ਜ਼ਮੀਨ ਦਾ ਕਬਜ਼ਾ ਪਰਮਜੀਤ ਸਿੰਘ ਦੇ ਪਰਿਵਾਰ ਦੇ ਹੱਕ ਵਿੱਚ ਕਰਨ ਦੇ ਹੁਕਮ ਜਾਰੀ ਕੀਤੇ। ਇਸ ਤੋਂ ਬਾਅਦ ਕੱਕਾ ਸਿੰਘ ਵੱਲੋਂ ਉੱਚ ਅਦਾਲਤਾਂ ਵਿੱਚ ਅਪੀਲਾਂ ਕੀਤੀਆਂ ਗਈਆਂ, ਪਰ ਸੈਸ਼ਨ ਅਦਾਲਤ ਵੱਲੋਂ 2001 ਵਿੱਚ ਅਪੀਲ ਖ਼ਾਰਜ ਕਰ ਦਿੱਤੀ ਗਈ। ਜਿਸ ਤੇ ਕੱਕਾ ਸਿੰਘ ਨੇ ਇਸ ਸਬੰਧੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਜਿਸ ਤੇ ਮਾਣਯੋਗ ਅਦਾਲਤ ਨੇ ਸਟੇਟਸ ਕੋ ਆਰਡਰ ਜਾਰੀ ਕੀਤਾ ਗਿਆ। ਪਰਮਜੀਤ ਸਿੰਘ ਨੇ ਦੋਸ਼ ਲਗਾਇਆ ਕਿ ਹੁਣ ਪਿੰਡ ਦਾ ਮੌਜ਼ੂਦਾ ਸਰਪੰਚ ਗੁਰਪ੍ਰੀਤ ਸਿੰਘ ਆਪਣੇ ਸਿਆਸੀ ਪ੍ਰਭਾਵ ਦਾ ਗਲਤ ਇਸਤੇਮਾਲ ਕਰਦੇ ਹੋਏ ਉਨ੍ਹਾਂ ਨੂੰ ਤੰਗ ਕਰ ਰਿਹਾ ਹੈ। ਉਨ੍ਹਾਂ ਖਿਲਾਫ ਝੂਠੇ ਪੁਲਿਸ ਕੇਸ ਦਰਜ ਕਰਵਾਏ ਗਏ ਹਨ ਅਤੇ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ 2025 ਵਿਚ ਉਨ੍ਹਾਂ ਦੀ ਫਸਲ ਨੂੰ ਅੱਗ ਲਗਾਈ ਗਈ ਅਤੇ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਉਨ੍ਹਾਂ ਨੇ ਦੱਸਿਆ ਕਿ 8 ਅਪ੍ਰੈਲ 2026 ਨੂੰ ਜਦੋਂ ਉਹ ਆਪਣੀ ਜ਼ਮੀਨ ’ਚ ਕਣਕ ਦੀ ਕਟਾਈ ਕਰ ਰਹੇ ਸਨ, ਤਾਂ ਉਕਤ ਦੋਸ਼ੀਆਂ ਨੇ ਉਨ੍ਹਾਂ ’ਤੇ ਜਾਨਲੇਵਾ ਹਮਲਾ ਕੀਤਾ ਅਤੇ ਉਨ੍ਹਾਂ ਦੇ ਸਾਥੀ ਪਿਸ਼ੋਰਾ ਸਿੰਘ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਇਸ ਦੇ ਬਾਵਜੂਦ, ਉਲਟ ਉਨ੍ਹਾਂ ਦੇ ਖਿਲਾਫ ਹੀ ਪੁਲਿਸ ਵੱਲੋਂ ਝੂਠਾ ਕੇਸ ਦਰਜ ਕਰ ਦਿੱਤਾ ਗਿਆ। ਪੀੜਤ ਕਿਸਾਨਾਂ ਨੇ ਦੋਸ਼ ਲਗਾਇਆ ਕਿ ਪੁਲਿਸ ਉਨ੍ਹਾਂ ਦੀਆਂ ਸ਼ਿਕਾਇਤਾਂ ’ਤੇ ਕੋਈ ਕਾਰਵਾਈ ਨਹੀਂ ਕਰ ਰਹੀ ਅਤੇ ਪੁਲਿਸ ਸਿਆਸੀ ਦਬਾਅ ਹੇਠ ਕੰਮ ਕਰ ਰਹੀ ਹੈ। ਜਦ ਇਸ ਸਬੰਧੀ ਮੌਜ਼ੂਦਾ ਸਰਪੰਚ ਗੁਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ ’ਤਾਂ ਉਨ੍ਹਾਂ ਨੇ ਆਪਣੇ ਉਪਰ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਿਆ ਹੈ।