ਰੇਲਵੇ ਕਰਮਚਾਰੀਆਂ ਨੇ ਯਾਤਰੀ ਨੂੰ ਸੌੰਪਿਆ ਗੁਆਚਿਆ ਸਮਾਰਟ ਫੋਨ
ਰੇਲਵੇ ਕਰਮਚਾਰੀਆਂ ਦੀ ਤੱਤਪਰਤਾ ਅਤੇ ਇਮਾਨਦਾਰੀ ਸਦਕਾ ਯਾਤਰੀ ਨੂੰ ਮਿਲਿਆ ਉਸਦਾ ਗੁਆਚਿਆ ਸਮਾਰਟਫੋਨ
Publish Date: Wed, 11 Feb 2026 04:17 PM (IST)
Updated Date: Wed, 11 Feb 2026 04:20 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਫਰੀਦਕੋਟ ਰੇਲਵੇ ਸਟੇਸ਼ਨ ਦੇ ਬੁਕਿੰਗ ਦਫ਼ਤਰ ਵਿਖੇ ਸਵੇਰੇ 7 ਵਜੇ ਇਕ ਯਾਤਰੀ ਟਿਕਟ ਬੁੱਕ ਕਰਵਾਉਣ ਲਈ ਆਇਆ। ਟਿਕਟ ਲੈਣ ਤੋਂ ਬਾਅਦ ਉਹ ਆਪਣਾ ਮੋਬਾਈਲ ਫੋਨ ਬੁਕਿੰਗ ਵਿੰਡੋ ਦੇ ਬਾਹਰ ਹੀ ਛੱਡ ਗਿਆ। ਡਿਊਟੀ ’ਤੇ ਤੈਨਾਤ ਮੁੱਖ ਬੁਕਿੰਗ ਸੁਪਰਵਾਈਜ਼ਰ ਨਿਰਮਲ ਸਿੰਘ ਨੇ ਇਸ ਫੋਨ ਨੂੰ ਆਪਣੇ ਕੋਲ ਸੁਰੱਖਿਅਤ ਰੱਖ ਲਿਆ ਅਤੇ ਪਬਲਿਕ ਐਡਰੈੱਸ ਸਿਸਟਮ (ਅਨਾਊਂਸਮੈਂਟ) ਰਾਹੀਂ ਯਾਤਰੀ ਨੂੰ ਸੂਚਨਾ ਦੇਣ ਦੀ ਕੋਸ਼ਿਸ਼ ਕੀਤੀ। ਕੁਝ ਸਮੇਂ ਬਾਅਦ ਯਾਤਰੀ ਦੀ ਕਾਲ ਪ੍ਰਾਪਤ ਹੋਈ। ਜਦੋਂ ਯਾਤਰੀ ਦੁਬਾਰਾ ਫਰੀਦਕੋਟ ਰੇਲਵੇ ਸਟੇਸ਼ਨ ਪਹੁੰਚਿਆ, ਤਾਂ ਰੇਲਵੇ ਸੁਰੱਖਿਆ ਬਲ ਦੀ ਮੌਜ਼ੂਦਗੀ ਵਿਚ ਪੂਰੀ ਪੁਸ਼ਟੀ ਕਰਨ ਤੋਂ ਬਾਅਦ ਮੋਬਾਈਲ ਫੋਨ ਸੁਰੱਖਿਅਤ ਰੂਪ ਵਿਚ ਯਾਤਰੀ ਨੂੰ ਸੌਂਪ ਦਿੱਤਾ ਗਿਆ। ਯਾਤਰੀ ਨੇ ਰੇਲਵੇ ਕਰਮਚਾਰੀਆਂ ਦੀ ਇਮਾਨਦਾਰੀ ਅਤੇ ਤੁਰੰਤ ਕਾਰਵਾਈ ਦੀ ਸ਼ਲਾਘਾ ਕਰਦੇ ਹੋਏ ਭਾਰਤੀ ਰੇਲਵੇ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਰੇਲ ਪ੍ਰਸ਼ਾਸਨ ਅਜਿਹੇ ਇਮਾਨਦਾਰ ਅਤੇ ਕਰਤੱਵਪੂਰਨ ਕਰਮਚਾਰੀਆਂ ਨੂੰ ਸਨਮਾਨਿਤ ਕਰਦਾ ਹੈ ਅਤੇ ਸਾਰੇ ਰੇਲ ਕਰਮਚਾਰੀਆਂ ਨੂੰ ਇਸੇ ਭਾਵਨਾ ਨਾਲ ਯਾਤਰੀਆਂ ਦੀ ਸਹਾਇਤਾ ਕਰਨ ਲਈ ਪ੍ਰੇਰਿਤ ਕਰਦਾ ਹੈ।