ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਸੜਕ ਹਾਦਸੇ ’ਚ ਨੌਜਵਾਨ ਦੀ ਮੌਤ
ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਭਿਆਨਕ ਸੜਕ ਹਾਦਸਾ
Publish Date: Wed, 08 Apr 2026 07:22 PM (IST)
Updated Date: Wed, 08 Apr 2026 07:23 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ ’ਤੇ ਪੈਂਦੇ ਪਿੰਡ ਖਾਈ ਫੇਮੇ ਕੀ ਦੇ ਨਜ਼ਦੀਕ ਇਕ ਬੇਹੱਦ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖਬਰ ਹੈ। ਇਕ ਤੇਜ਼ ਰਫ਼ਤਾਰ ਸਵਿਫਟ ਕਾਰ ਅਤੇ ਸਕੂਟਰੀ ਵਿਚਕਾਰ ਹੋਈ ਇਸ ਜ਼ਬਰਦਸਤ ਟੱਕਰ ਵਿਚ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਹੈ। ਜ਼ਖ਼ਮੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਸ ਦਾ ਫਿਰੋਜ਼ਪੁਰ ਦੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਆਪਣੇ ਸਕੂਟਰੀ ’ਤੇ ਸਵਾਰ ਹੋ ਕੇ ਜਾ ਰਹੇ ਸਨ। ਇਸ ਦੌਰਾਨ ਪਿੱਛੋਂ ਆ ਰਹੀ ਇਕ ਤੇਜ਼ ਰਫ਼ਤਾਰ ਸਵਿਫਟ ਕਾਰ ਦੇ ਚਾਲਕ ਨੇ ਲਾਪਰਵਾਹੀ ਨਾਲ ਗੱਡੀ ਚਲਾਉਂਦੇ ਹੋਏ ਸਕੂਟਰੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਸਕੂਟਰ ਨੂੰ ਕਾਫੀ ਦੂਰ ਤੱਕ ਘੜੀਸਦੀ ਹੋਈ ਸੜਕ ਕਿਨਾਰੇ ਖੇਤਾਂ ਵਿਚ ਜਾ ਡਿੱਗੀ। ਦੋਵੇਂ ਨੌਜਵਾਨ ਖੂਨ ਨਾਲ ਲੱਥਪਥ ਹੋ ਕੇ ਸੜਕ ’ਤੇ ਜਾ ਪਏ। ਹਾਦਸੇ ਤੋਂ ਤੁਰੰਤ ਬਾਅਦ ਉੱਥੋਂ ਗੁਜ਼ਰ ਰਹੇ ਰਾਹਗੀਰਾਂ ਨੇ ਐਂਬੂਲੈਂਸ ਅਤੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ। ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਹਰਪ੍ਰੀਤ ਸਿੰਘ ਹੈਪੀ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਨੌਜਵਾਨ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਦਾ ਐਮਰਜੈਂਸੀ ਇਲਾਜ ਜਾਰੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਫਿਰੋਜ਼ਪੁਰ ਪੁਲਿਸ ਦੀ ਟੀਮ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਦੋਵਾਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।