ਟੈਲੀ ਮਾਨਸ ਪ੍ਰਾਜੈਕਟ ਮਾਨਸਿਕ ਸਿਹਤ ’ਚ ਇਕ ਕ੍ਰਾਂਤੀ : ਡਾ. ਪਰਾਸ਼ਰ
ਮਾਨਸਿਕ ਸਿਹਤ ਸਬੰਧੀ ਚਿੰਤਾਵਾਂ ਲਈ ਵਰਦਾਨ ਸਾਬਤ ਹੋ ਰਿਹਾ ਟੈਲੀ-ਮਾਨਸ ਪ੍ਰੋਜੈਕਟ : ਡਾ. ਰਾਜੀਵ ਪਰਾਸ਼ਰ
Publish Date: Sat, 07 Feb 2026 03:56 PM (IST)
Updated Date: Sat, 07 Feb 2026 03:59 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਮਾਨਸਿਕ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਮਾਨਸਿਕ ਤੰਦਰੁਸਤੀ ਵਿਚ ਵਾਧਾ ਕਰਨ ਲਈ ਭਾਰਤ ਸਰਕਾਰ ਨੇ 10 ਅਕਤੂਬਰ, 2022 ਨੂੰ ਟੈਲੀ-ਮਾਨਸ ਪ੍ਰੋਜੈਕਟ ਸ਼ੁਰੂ ਕੀਤਾ ਸੀ, ਜੋ ਕੀ ਮਾਨਸਿਕ ਸਿਹਤ ਸਬੰਧੀ ਚਿੰਤਾਵਾਂ ਦੇ ਹੱਲ ਕਰਨ ਲਈ ਵਰਦਾਨ ਸਾਬਤ ਹੋ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਜੀਵ ਪਰਾਸ਼ਰ ਨੇ ਦੱਸਿਆ ਕਿ ਟੈਲੀ-ਮਾਨਸ ਇੱਕ ਟੋਲ ਫਰੀ ਹੈਲਪਲਾਈਨ ਹੈ ਜੋ ਪੂਰੇ ਭਾਰਤ ਵਿੱਚ ਹਫ਼ਤੇ ਦੇ ਸੱਤੋ ਦਿਨ 24 ਘੰਟੇ ਮੁਫ਼ਤ ਮਾਨਸਿਕ ਸਿਹਤ ਸਲਾਹ ਪ੍ਰਦਾਨ ਕਰਦੀ ਹੈ। ਇਹ 20 ਤੋਂ ਵੱਧ ਭਾਸ਼ਾਵਾਂ ਵਿਚ ਉਪਲਬਧ ਹੈ। ਲੋੜਵੰਦ ਟੋਲ ਫਰੀ ਹੈਲਪਲਾਈਨ ਨੰਬਰ 1800-89-14416 ਜਾਂ 14416 ਰਾਹੀਂ ਟੈਲੀ-ਮਾਨਸ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਲੋੜਵੰਦ ਘਰ ਬੈਠੇ ਆਪਣੇ ਫ਼ੋਨ ’ਤੇ ਇਸ ਸੇਵਾ ਦਾ ਆਸਾਨੀ ਨਾਲ ਲਾਭ ਉਠਾ ਸਕਦੇ ਹਨ। ਇਸ ਟੋਲ ਫਰੀ ਨੰਬਰ ਤੇ ਫੋਨ ਕਰਨ ਵਾਲੇ ਦੀ ਸਾਰੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ। ਟੈਲੀ-ਮਾਨਸ ਦੀ ਆਪਣੀ ਇੱਕ ਮੋਬਾਈਲ ਐਪ ਵੀ ਹੈ, ਜਿਸ ਵਿੱਚ ਕਈ ਤਰ੍ਹਾਂ ਦੇ ਮੁੱਦਿਆਂ ਜਿਵੇਂ ਕਿ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ, ਚਿੰਤਾ, ਪ੍ਰੀਖਿਆ ਤਣਾਅ, ਡਿਪਰੈਸ਼ਨ, ਵਿੱਤੀ ਤਣਾਅ, ਸੰਕਟ ਪ੍ਰਬੰਧਨ ਅਤੇ ਪਰਿਵਾਰਕ ਮੁੱਦਿਆਂ ਬਾਰੇ ਸਲਾਹ-ਮਸ਼ਵਰਾ ਫੋਨ ’ਤੇ ਹੀ ਪ੍ਰਦਾਨ ਕੀਤਾ ਜਾਂਦਾ ਹੈ। ਡਾ. ਰਾਜੀਵ ਪਰਾਸ਼ਰ ਨੇ ਦੱਸਿਆ ਕਿ ਟੈਲੀ-ਮਾਨਸ ਪ੍ਰੋਜੈਕਟ ਤੇ ਪੰਜਾਬ ਇਸ ਸਾਲ 35 ਹਜ਼ਾਰ ਤੋਂ ਵੱਧ ਫੋਨ ਕਾਲਾਂ ਅਤੇ ਉਨ੍ਹਾਂ ਦੇ ਸਮਾਧਾਨ ਰਾਹੀਂ ਇਕ ਨਵਾਂ ਮੀਲ ਪੱਥਰ ਸਥਾਪਤ ਕੀਤਾ ਹੈ। ਟੈਲੀ-ਮਾਨਸ ਦੇ ਉਪਭੋਗਤਾ ਆਪਣੀ ਮਾਨਸਿਕ ਸਿਹਤ ਸੰਬੰਧੀ ਚਿੰਤਾਵਾਂ ਦੇ ਅਨੁਸਾਰ ਸਲਾਹਕਾਰਾਂ, ਸਮਾਜ ਸੇਵਕਾਂ ਅਤੇ ਮਨੋਵਿਗਿਆਨੀ ਨਾਲ ਜੁੜ ਸਕਦੇ ਹਨ। ਟੈਲੀ ਮਾਨਸ ਲੋੜ ਪੈਣ ’ਤੇ ਵਿਅਕਤੀਗਤ ਤੌਰ ’ਤੇ ਸੇਵਾਵਾਂ ਵੀ ਪ੍ਰਦਾਨ ਕਰਦਾ ਹੈ। ਇਸ ਵਿਚ ਵੀਡੀਓ ਕਾਲ ਰਾਹੀ ਦਵਾਈ ਬਾਰੇ ਜਾਣਕਾਰੀ ਲਿੱਤੀ ਜਾ ਸਕਦੀ ਹੈ। ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੁਰਮੇਜ਼ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕਿਸੇ ਵੀ ਵਸਨੀਕ ਨੂੰ ਜੇਕਰ ਇਸ ਟੈਲੀ ਮਾਨਸ ਪ੍ਰੋਜੈਕਟ ਬਾਰੇ ਵਧੇਰੇ ਜਾਣਕਾਰੀ ਲੈਣੀ ਹੋਵੇ ਤਾਂ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਮਨੋਰੋਗ ਵਿਭਾਗ ਵਿਚ ਸੰਪਰਕ ਕਰ ਸਕਦੇ ਹਨ।