ਟੈਕਨੀਕਲ ਸਰਵਿਸਜ਼ ਯੂਨੀਅਨ ਵੱਲੋਂ ਸ਼ੇਰਖਾਂ ਸਬ ਡਵੀਜ਼ਨ ਵਿਖੇ ਵਿਸ਼ਾਲ ਗੇਟ ਰੈਲੀ
ਟੈਕਨੀਕਲ ਸਰਵਿਸਜ਼ ਯੂਨੀਅਨ ਵੱਲੋਂ ਸ਼ੇਰਖਾਂ ਸਬ ਡਵੀਜ਼ਨ ਵਿਖੇ ਵਿਸ਼ਾਲ ਗੇਟ ਰੈਲੀ
Publish Date: Mon, 08 Jun 2026 03:54 PM (IST)
Updated Date: Mon, 08 Jun 2026 03:56 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਦੇ ਸਬ ਡਵੀਜ਼ਨ ਸ਼ੇਰਖਾਂ ਵਿਖੇ ਟੈਕਨੀਕਲ ਸਰਵਿਸਜ਼ ਯੂਨੀਅਨ (ਟੀਐੱਸਯੂ) ਰਜਿ. ਨੰਬਰ 49 ਵੱਲੋਂ ਅਪ੍ਰਿੰਟਸ ਲਾਈਨਮੈਨਾਂ ਦੇ ਹੱਕ ਵਿਚ ਇਕ ਵਿਸ਼ਾਲ ਗੇਟ ਰੈਲੀ ਦਾ ਆਯੋਜਨ ਕੀਤਾ ਗਿਆ। ਸੋਮਵਾਰ ਨੂੰ ਹੋਈ ਇਸ ਰੈਲੀ ਦੌਰਾਨ ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖਿਲਾਫ ਤਿੱਖਾ ਰੋਸ ਪ੍ਰਗਟਾਇਆ ਅਤੇ 2600 ਅਪ੍ਰਿੰਟਸ ਸਾਥੀਆਂ ਦੇ ਰੁਜ਼ਗਾਰ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਇਸ ਰੋਸ ਪ੍ਰਦਰਸ਼ਨ ਦੌਰਾਨ ਮੁਲਾਜ਼ਮਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਡਵੀਜ਼ਨ ਪ੍ਰਧਾਨ ਸਾਥੀ ਜਗਸੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਨੌਜਵਾਨਾਂ ਅਤੇ ਮੁਲਾਜ਼ਮਾਂ ਦੇ ਹੱਕਾਂ ’ਤੇ ਡਾਕਾ ਮਾਰ ਰਹੀ ਹੈ। ਉਨ੍ਹਾਂ ਦੱਸਿਆ ਕਿ 2600 ਅਪ੍ਰਿੰਟਸ ਲਾਈਨਮੈਨ ਲੰਮੇ ਸਮੇਂ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਅਤੇ ਸਬੰਧਤ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਸਖ਼ਤ ਲਹਿਜੇ ਵਿਚ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅਪ੍ਰਿੰਟਸ ਸਾਥੀਆਂ ਦੇ ਮਸਲਿਆਂ ਦਾ ਤੁਰੰਤ ਅਤੇ ਯੋਗ ਹੱਲ ਨਾ ਕੱਢਿਆ ਗਿਆ, ਤਾਂ ਆਉਣ ਵਾਲੇ ਦਿਨਾਂ ਵਿਚ ਇਸ ਸੰਘਰਸ਼ ਨੂੰ ਹੋਰ ਤਿੱਖਾ ਅਤੇ ਵਿਸ਼ਾਲ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸ਼ਾਸਨ ਤੇ ਪ੍ਰਸ਼ਾਸਨ ਦੀ ਹੋਵੇਗੀ। ਰੈਲੀ ਦੌਰਾਨ ਸਬ ਡਵੀਜ਼ਨ ਪ੍ਰਧਾਨ ਦੇਸ਼ਬੀਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦਾ ਇਹ ਏਕਤਾ ਪ੍ਰਦਰਸ਼ਨ ਸਰਕਾਰ ਦੇ ਅੜੀਅਲ ਵਤੀਰੇ ਖਿਲਾਫ ਇਕ ਸਪੱਸ਼ਟ ਸੁਨੇਹਾ ਹੈ। ਇਸ ਮੌਕੇ ਸਬ ਡਵੀਜ਼ਨ ਸਕੱਤਰ ਜੱਜ ਸਿੰਘ, ਵਾਇਸ ਪ੍ਰਧਾਨ ਪਰਵਿੰਦਰ ਸਿੰਘ ਅਤੇ ਕੈਸ਼ੀਅਰ ਪ੍ਰਤਾਪ ਸਿੰਘ ਨੇ ਵੀ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਕਰੜੀ ਨਿੰਦਾ ਕੀਤੀ। ਬੁਲਾਰਿਆਂ ਨੇ ਕਿਹਾ ਕਿ ਯੂਨੀਅਨ ਆਪਣੇ ਹਰ ਇਕ ਸਾਥੀ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ ਅਤੇ ਕਿਸੇ ਵੀ ਕੀਮਤ ’ਤੇ ਅਪ੍ਰਿੰਟਸ ਸਾਥੀਆਂ ਨਾਲ ਬੇਇਨਸਾਫੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਗੇਟ ਰੈਲੀ ਵਿਚ ਟੀਐੱਸਯੂ ਸਬ ਡਵੀਜ਼ਨ ਸ਼ੇਰਖਾਂ ਦੀ ਸਮੁੱਚੀ ਮੈਂਬਰਸ਼ਿਪ ਅਤੇ ਵੱਡੀ ਗਿਣਤੀ ਵਿਚ ਬਿਜਲੀ ਮੁਲਾਜ਼ਮਾਂ ਨੇ ਹਿੱਸਾ ਲਿਆ। ਸਾਰੇ ਹਾਜ਼ਰ ਮੈਂਬਰਾਂ ਨੇ ਹੱਥਾਂ ਵਿਚ ਯੂਨੀਅਨ ਦੇ ਝੰਡੇ ਫੜ ਕੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਅਪ੍ਰਿੰਟਸ ਦੇ ਹੱਕ ਵਿਚ ‘ਹਾਅ ਦਾ ਨਾਅਰਾ’ ਮਾਰਿਆ। ਮੁਲਾਜ਼ਮ ਆਗੂਆਂ ਨੇ ਸਾਫ ਕਰ ਦਿੱਤਾ ਕਿ ਹੱਕਾਂ ਦੀ ਪ੍ਰਾਪਤੀ ਤੱਕ ਇਹ ਲੜਾਈ ਨਿਰੰਤਰ ਜਾਰੀ ਰਹੇਗੀ।