ਟੈੱਟ ਦੀ ਸ਼ਰਤ ਖਿਲਾਫ ਭੜਕੇ ਅਧਿਆਪਕ, ‘ਆਪ’ ਦਫ਼ਤਰਾਂ ਅੱਗੇ ਕੀਤੇ ਰੋਸ ਪ੍ਰਦਰਸ਼ਨ
ਟੈੱਟ ਦੀ ਸ਼ਰਤ ਖਿਲਾਫ ਭੜਕੇ ਅਧਿਆਪਕ, ਆਪ ਦਫ਼ਤਰਾਂ ਅੱਗੇ ਕੀਤੇ ਰੋਸ ਪ੍ਰਦਰਸ਼ਨ
Publish Date: Mon, 02 Mar 2026 07:04 PM (IST)
Updated Date: Mon, 02 Mar 2026 07:04 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫ਼ਿਰੋਜ਼ਪੁਰ : ਅਧਿਆਪਕਾਂ ਦੀ ਨੌਕਰੀ ਸੁਰੱਖਿਆ ਅਤੇ ਪਦਉਨਤੀਆਂ ਨਾਲ ਜੋੜੀ ਗਈ ਟੀ.ਈ.ਟੀ. (ਟੈੱਟ) ਦੀ ਸ਼ਰਤ ਦੇ ਵਿਰੋਧ ਵਿੱਚ ਪੰਜਾਬ ਭਰ ਦੀਆਂ ਸੰਘਰਸ਼ੀ ਅਧਿਆਪਕ ਜਥੇਬੰਦੀਆਂ ਵੱਲੋਂ ਅੱਜ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਦਫਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ> ਫਿਰੋਜ਼ਪੁਰ ਦੇ ਜ਼ੀਰਾ ਰੋਡ ’ਤੇ ਸਤੀਏ ਵਾਲਾ ਬਾਈਪਾਸ ਸਥਿੱਤ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਦਫਤਰ ਮੂਹਰੇ ਇਕੱਠੇ ਹੋਏ ਅਧਿਆਪਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮਾਮਲੇ ਵਿੱਚ ਤੁਰੰਤ ਦਖਲ ਦੀ ਮੰਗ ਕੀਤੀ। ਅਧਿਆਪਕ ਆਗੂਆਂ ਨੇ ਆਖਿਆ ਕਿ ਸੇਵਾ ਵਿੱਚ ਰਹਿੰਦੇ ਅਤੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਅਧਿਆਪਕਾਂ ’ਤੇ ਟੈੱਟ ਦੀ ਨਵੀਂ ਸ਼ਰਤ ਲਗਾਉਣਾ ਨਿਆਂਸੰਗਤ ਨਹੀਂ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਅਧਿਆਪਕਾਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਪੰਜਾਬ ਵਿਧਾਨ ਸਭਾ ਵਿੱਚ ਵਿਸ਼ੇਸ਼ ਬਿੱਲ ਜਾਂ ਮਤਾ ਪਾਸ ਕਰਕੇ ਰਾਹਤ ਦਿੱਤੀ ਜਾਵੇ ਅਤੇ ਸੁਪਰੀਮ ਕੋਰਟ ਦੇ ਫੈਸਲੇ ਵਿਰੁੱਧ ਤੁਰੰਤ ਰਿਵਿਊ ਪਟੀਸ਼ਨ ਦਾਇਰ ਕੀਤੀ ਜਾਵੇ। ਪ੍ਰਦਰਸ਼ਨ ਦੌਰਾਨ ਅਧਿਆਪਕ ਆਗੂ ਬਲਰਾਮ ਸ਼ਰਮਾ, ਸੁਖਜਿੰਦਰ ਸਿੰਘ ਖਾਨਪੁਰ, ਜਗਸੀਰ ਸਿੰਘ ਗਿੱਲ, ਮਲਕੀਤ ਸਿੰਘ ਹਰਾਜ, ਪਰਮਜੀਤ ਸਿੰਘ ਪੰਮਾ ਅਤੇ ਹਰਦੀਪ ਸਿੰਘ ਤੂਰ ਨੇ ਦੱਸਿਆ ਕਿ 1 ਸਤੰਬਰ 2025 ਦੇ ਸੁਪਰੀਮ ਕੋਰਟ ਦੇ ਫੈਸਲੇ ਨੇ ਐਨਸੀਟੀਈ ਦੇ ਨੋਟੀਫਿਕੇਸ਼ਨ ਦੀ ਅਣਦੇਖੀ ਕਰਦਿਆਂ ਸਾਰੇ ਅਧਿਆਪਕਾਂ ‘ਤੇ ਬੇਲੋੜੀ ਟੈੱਟ ਦੀ ਸ਼ਰਤ ਲਾਗੂ ਕਰ ਦਿੱਤੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵੱਲੋਂ ਨਾ ਤਾਂ ਇਸ ਫੈਸਲੇ ਵਿਰੁੱਧ ਰਿਵਿਊ ਪਟੀਸ਼ਨ ਦਾਇਰ ਕੀਤੀ ਗਈ ਅਤੇ ਨਾ ਹੀ ਵਿਧਾਨ ਸਭਾ ਵਿੱਚ ਕਾਨੂੰਨੀ ਰਾਹਤ ਲਈ ਕੋਈ ਕਦਮ ਚੁੱਕਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ 22 ਫਰਵਰੀ ਨੂੰ ਸਿੱਖਿਆ ਮੰਤਰੀ ਦੇ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਬਾਅਦ ਵਿੱਚ 27 ਫਰਵਰੀ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਤੈਅ ਹੋਈ, ਪਰ ਸਿੱਖਿਆ ਮੰਤਰੀ ਵੱਲੋਂ ਇਕ ਦਿਨ ਪਹਿਲਾਂ ਹੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ, ਜਿਸਨੂੰ ਅਧਿਆਪਕਾਂ ਨੇ ਸਰਕਾਰ ਦੀ ਗੈਰ-ਗੰਭੀਰਤਾ ਕਰਾਰ ਦਿੱਤਾ। ਇਸ ਤੋਂ ਬਾਅਦ ਸੂਬੇ ਭਰ ਵਿੱਚ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਗਿਆ। ਅਧਿਆਪਕ ਜਥੇਬੰਦੀਆਂ ਨੇ ਆਪਣੀਆਂ ਮੁੱਖ ਮੰਗਾਂ ਵਿੱਚ ਟੈੱਟ ਲਾਗੂ ਹੋਣ ਤੋਂ ਪਹਿਲਾਂ ਨਿਯੁਕਤ ਅਧਿਆਪਕਾਂ ਲਈ ਪੁਰਾਣੀਆਂ ਯੋਗਤਾਵਾਂ ਨੂੰ ਮਾਨਤਾ ਦੇਣ, ਲੰਬਿਤ ਪਦਉਨਤੀਆਂ ਤੁਰੰਤ ਕਰਨ, 8 ਮਾਰਚ ਅਤੇ 15 ਮਾਰਚ ਨੂੰ ਲਏ ਜਾਣ ਵਾਲੇ ਜਬਰੀ ਟੈੱਟ ਟੈਸਟ ਰੱਦ ਕਰਨ ਅਤੇ ਅਧਿਆਪਕਾਂ ‘ਤੇ ਨਵੀਆਂ ਸ਼ਰਤਾਂ ਲਾਗੂ ਨਾ ਕਰਨ ਦੀ ਮੰਗ ਰੱਖੀ। ਆਗੂਆਂ ਨੇ ਕੇਂਦਰ ਸਰਕਾਰ ਦੀ ਨਵੀਂ ਸਿੱਖਿਆ ਨੀਤੀ-2020 ਨੂੰ ਸਿੱਖਿਆ ਦੇ ਨਿੱਜੀਕਰਨ ਵੱਲ ਧੱਕਣ ਵਾਲੀ ਨੀਤੀ ਕਰਾਰ ਦਿੱਤਾ ਅਤੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਦੇ ਤਾਜ਼ਾ ਫੈਸਲੇ ਵੀ ਉਸੇ ਦਿਸ਼ਾ ਵੱਲ ਇਸ਼ਾਰਾ ਕਰਦੇ ਹਨ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪਰਮਜੀਤ ਸਿੰਘ ਪੰਮਾ ਨੇ ਨਿਭਾਈ। ਇਸ ਮੌਕੇ ਮੈਡਮ ਸ਼ਹਿਨਾਜ, ਚਰਨਜੀਤ ਸਿੰਘ,ਰਾਜ ਕੁਮਾਰ ਮਹਿਰੋਕ ,ਨਵੀਨ ਸਚਦੇਵਾ, ਗਗਨਦੀਪ ਬਰਾੜ, ਹਰਪ੍ਰੀਤ ਸੇਖੋਂ, ਸੁਰਿੰਦਰ ਕੰਬੋਜ,ਚਰਨਜੀਤ ਸਿੰਘ, ਗੁਰਪ੍ਰੀਤ ਮੱਲੋਕੇ, ਬਲਵਿੰਦਰ ਸਿੰਘ ਭੁੱਟੋ,ਕੁਲਦੀਪ ਸਿੰਘ,ਅਮਿਤ ਸ਼ਰਮਾ, ਜਤਿੰਦਰ ਸਿੰਘ ਲੱਖੋ ਕੇ, ਅਤੇ ਭਰਾਤਰੀ ਜਥੇਬੰਦੀਆਂ ਵਲੋਂ ਅਵਤਾਰ ਸਿੰਘ ਮਹਿਮਾ ਸੀਨੀਅਰ ਮੀਤ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਜਗਰੂਪ ਸਿੰਘ ਭੁੱਲਰ ਕਿਸਾਨ ਸਟੂਡੈਂਟ ਯੂਨੀਅਨ, ਲਖਵਿੰਦਰ ਸਿੰਘ ਸਿਮਕ ਸੂਬਾਈ ਆਗੂ ਕੰਪਿਊਟਰ ਫੈਕਲਟੀ ਐਸੋਸੀਏਸ਼ਨ ਪੰਜਾਬ, ਪਰਮਜੀਤ ਸਿੰਘ ਭੁੱਲਰ ਬੀਕੇਯੂ ਸਿੱਧੂਪੁਰ ਆਦਿ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।