ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਟੈੱਟ ਦੇ ਪੱਤਰਾਂ ਦੀਆਂ ਕਾਪੀਆਂ ਸਾੜੀਆਂ
ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੇ ਹਲਕੇ ’ਚ ਮਹਾਂਰੈਲੀ ਕਰਨ ਦਾ ਐਲਾਨ, ਫੂਕਿਆ ‘ਟੈੱਟ’ ਦੇ ਪੱਤਰ ਦੀਆਂ ਕਾਪੀਆਂ
Publish Date: Wed, 11 Feb 2026 05:28 PM (IST)
Updated Date: Wed, 11 Feb 2026 05:29 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਦੀਆਂ ਸਮੂਹ ਅਧਿਆਪਕ ਜੱਥੇਬੰਦੀਆਂ ਵੱਲੋਂ ਸਕੂਲ ਸਿੱਖਿਆ ਵਿਭਾਗ ਵੱਲੋਂ ਟੈੱਟ ਸਬੰਧੀ ਪੱਤਰ ਦੀਆਂ ਕਾਪੀਆਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਸਾੜੀਆਂ। ਇਸ ਵਿਚ ਡੀਟੀਐੱਫ ਤੋਂ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਹਰਾਜ, ਗੌਰਮਿੰਟ ਸਕੂਲ ਟੀਚਰ ਯੂਨੀਅਨ ਤੋਂ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਖਾਨਪੁਰ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਜੀਵ ਹਾਂਡਾ, ਬੀ.ਐੱਡ.ਫਰੰਟ ਤੋਂ ਸੂਬਾਈ ਆਗੂ ਪਰਮਜੀਤ ਸਿੰਘ ਪੰਮਾ, ਬੀਐੱਲਓ ਯੂਨੀਅਨ ਤੋਂ ਪ੍ਰਧਾਨ ਕਿਰਪਾਲ ਸਿੰਘ, ਮਹਿਲਾ ਅਧਿਆਪਕ ਆਗੂ ਸ਼ਹਿਨਾਜ਼, ਡੀਟੀਐੱਫ ਦੇ ਸੂਬਾ ਕਮੇਟੀ ਮੈਂਬਰ ਸਰਬਜੀਤ ਸਿੰਘ ਭਾਵੜਾ ਆਗੂਆਂ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਵਲੋਂ ਮਿਤੀ 07-02-2026 ਨੂੰ ਮਾਸਟਰ ਕਾਡਰ ਦੀਆਂ ਪਦਉਨਤੀਆਂ ਲਈ ਟੈੱਟ ਲਾਜ਼ਮੀ ਹੋਣ ਦਾ ਪੱਤਰ ਜਾਰੀ ਕਰਕੇ ਟੈੱਟ ਤੋਂ ਛੋਟ ਦੇਣ ਦਾ 14-09-2017 ਦਾ ਪੱਤਰ ਰੱਦ ਕਰਨ ਦੇ ਵਿਰੋਧ ਵਿਚ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਮੂਹ ਅਧਿਆਪਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਦੇ ਇਸ ਪੱਤਰ ਦੀਆਂ ਕਾਪੀਆਂ ਸਾੜੀਆਂ ਕਿਉਂਕਿ ਇਹ ਪੱਤਰ ਉਹਨਾਂ ਦੀਆਂ ਪ੍ਰਮੋਸ਼ਨਾਂ ਵਿਚ ਰੁਕਾਵਟ ਪੈਦਾ ਕਰਦਾ ਹੈ ਅਤੇ ਉਨ੍ਹਾਂ ਦੀ ਸਰਕਾਰੀ ਸੇਵਾ ਪ੍ਰਤੀ ਸੇਵਾ ਸੁਰੱਖਿਅਤ ਨਹੀਂ ਹੈ। ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਵਿਚ ਵਿਆਪਕ ਸੁਧਾਰ ਲਿਆਉਣ ਦੇ ਨਾਂ ‘ਤੇ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਸੁਪਰੀਮ ਕੋਰਟ ਦੇ ਬਹਾਨੇ ਨਾਲ ਪਹਿਲਾਂ ਹੀ ਅਧਿਆਪਕਾਂ ਦੀ ਘਾਟ ਨਾਲ ਜੂਝ ਰਹੇ ਸਿੱਖਿਆ ਵਿਭਾਗ ਵਿਚ ਅਧਿਆਪਕਾਂ ਦੀ ਹੋਰ ਗਿਣਤੀ ਘਟਾਉਣ ਲਈ ਹੀ ਇਹੋ ਜਿਹੇ ਕਦਮ ਉਠਾ ਰਹੀ ਹੈ। ਜਿਸ ਦਾ ਪੰਜਾਬ ਦੇ ਅਧਿਆਪਕ 22 ਫਰਵਰੀ ਨੂੰ ਸਿੱਖਿਆ ਮੰਤਰੀ ਦੇ ਹਲਕੇ ਆਨੰਦਪੁਰ ਸਾਹਿਬ ਵਿਖੇ ਮਹਾਂ ਰੋਸ ਪ੍ਰਦਰਸ਼ਨ ਕਰਕੇ ਡੱਟਵਾਂ ਵਿਰੋਧ ਕਰਨਗੇ। ਅਧਿਆਪਕ ਆਗੂਆਂ ਨੇ ਪੰਜਾਬ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੂੰ ਸਮੁੱਚੇ ਅਧਿਆਪਕ ਵਰਗ ‘ਤੇ ਇਸ ਹਮਲੇ ਦੇ ਖ਼ਿਲਾਫ਼ ਸਾਂਝੇ ਸੰਘਰਸ਼ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ ਤਾਂ ਜੋ ਸਰਕਾਰ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ। ਅੱਜ ਦੇ ਇਸ ਐਕਸ਼ਨ ਵਿਚ ਅਮਿਤ ਸ਼ਰਮਾ, ਹੀਰਾ ਸਿੰਘ ਤੂਤ, ਮਨਦੀਪ ਸਿੰਘ, ਮਹਿਲ ਸਿੰਘ, ਸੰਦੀਪ ਕੁਮਾਰ, ਮਹਿਲ ਸਿੰਘ, ਰਾਘਵ ਕਪੂਰ, ਰਾਮ ਕੁਮਾਰ ਸਵਰਨ ਸਿੰਘ ਜੋਸਨ, ਹਰਜਿੰਦਰ ਸਿੰਘ ਜਨੇਰ, ਕਮਲਜੀਤ ਸਿੰਘ, ਅਨਿਲ ਧਵਨ, ਵਿਨੋਦ ਕੁਮਾਰ ਗਰਗ, ਇੰਦਰਪਾਲ ਸਿੰਘ ਅਧਿਆਪਕ ਸ਼ਾਮਲ ਸਨ।