ਰੇਲਵੇ ਨੈੱਟਵਰਕ ਨਾਲ ਜੁੜੇਗਾ ਤਖ਼ਤ ਸ੍ਰੀ ਦਮਦਮਾ ਸਾਹਿਬ
ਤਖ਼ਤ ਸ੍ਰੀ ਦਮਦਮਾ ਸਾਹਿਬ ਰੇਲਵੇ ਨੈੱਟਵਰਕ ਨਾਲ ਜੁੜੇਗਾ,ਯਾਤਰਾ ਹੋਵੇਗੀ ਆਸਾਨ: ਭਾਜਪਾ ਆਗੂ
Publish Date: Mon, 23 Mar 2026 08:08 PM (IST)
Updated Date: Mon, 23 Mar 2026 08:10 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਕੇਂਦਰ ਸਰਕਾਰ ਵੱਲੋਂ ਸਿੱਖ ਕੌਮ ਦੇ ਧਾਰਮਿਕ ਅਸਥਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਨੂੰ ਰੇਲਵੇ ਨੈੱਟਵਰਕ ਨਾਲ ਜੋੜਨ ਦੇ ਕੀਤੇ ਗਏ ਐਲਾਨ ਤੋਂ ਬਾਅਦ ਸੰਗਤਾਂ ਅਤੇ ਭਾਜਪਾ ਵਰਕਰਾਂ ’ਚ ਖੁਸ਼ੀ ਦੀ ਲਹਿਰ ਦੌੜ ਪਈ ਹੈ। ਇਸ ਇਤਿਹਾਸਕ ਫ਼ੈਸਲੇ ਨੂੰ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਦੀ ਪੂਰਤੀ ਵਜੋਂ ਵੇਖਿਆ ਜਾ ਰਿਹਾ ਹੈ। ਹਲਕਾ ਜ਼ੀਰਾ ਦੇ ਭਾਜਪਾ ਇੰਚਾਰਜ ਅਵਤਾਰ ਸਿੰਘ ਜ਼ੀਰਾ, ਮੰਡਲ ਪ੍ਰਧਾਨ ਵਿਸ਼ਾਲ ਸੂਦ ਵਿੱਕੀ, ਭਾਜਪਾ ਆਗੂ ਨੰਬਰਦਾਰ ਰਾਜੀਵ ਸ਼ਰਮਾ ਭੋਲਾ ਨੇ ਇਸ ਫ਼ੈਸਲੇ ਲਈ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਰੇਲਵੇ ਨੈੱਟਵਰਕ ਨਾਲ ਜੋੜਨਾ ਕੇਂਦਰ ਸਰਕਾਰ ਦਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਜਿਸ ਨਾਲ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਦਰਸ਼ਨਾਂ ਲਈ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਹ ਮੰਗ ਕਈ ਦਹਾਕਿਆਂ ਤੋਂ ਲਟਕ ਰਹੀ ਸੀ, ਜਿਸ ਨੂੰ ਹੁਣ ਮੋਦੀ ਸਰਕਾਰ ਨੇ ਅਮਲੀ ਰੂਪ ਦੇ ਕੇ ਸਿੱਖ ਜਗਤ ਦੀਆਂ ਭਾਵਨਾਵਾਂ ਦਾ ਸਨਮਾਨ ਕੀਤਾ ਹੈ। ਆਗੂਆਂ ਨੇ ਵਿਸ਼ੇਸ਼ ਤੌਰ ’ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਭੂਮਿਕਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਮੁੱਦਿਆਂ ਨੂੰ ਕੇਂਦਰ ਸਰਕਾਰ ਅੱਗੇ ਮਜ਼ਬੂਤੀ ਨਾਲ ਰੱਖਿਆ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਰੇਲਵੇ ਲਾਈਨ ਨਹੀਂ, ਸਗੋਂ ਸਿੱਖ ਵਿਰਾਸਤ ਅਤੇ ਧਾਰਮਿਕ ਅਸਥਾਨਾਂ ਪ੍ਰਤੀ ਸਤਿਕਾਰ ਦਾ ਪ੍ਰਤੀਕ ਹੈ। ਮੋਦੀ ਸਰਕਾਰ ਦੇ ਯਤਨਾਂ ਨਾਲ ਪੰਜਾਬ ’ਚ ਰੇਲਵੇ ਢਾਂਚੇ ਦਾ ਲਗਾਤਾਰ ਵਿਕਾਸ ਹੋ ਰਿਹਾ ਹੈ ਅਤੇ ਹੁਣ ਤਲਵੰਡੀ ਸਾਬੋ ਨੂੰ ਰੇਲਵੇ ਨਾਲ ਜੋੜਨ ਨਾਲ ਯਾਤਰੀਆਂ ਲਈ ਯਾਤਰਾ ਹੋਰ ਵੀ ਆਸਾਨ ਹੋ ਜਾਵੇਗੀ। ਅੰਤ ਵਿਚ ਉਨ੍ਹਾਂ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਵਿਚ ਕੇਂਦਰ ਸਰਕਾਰ ਪੰਜਾਬ ਲਈ ਹੋਰ ਵੀ ਵਿਕਾਸਾਤਮਕ ਪ੍ਰਾਜੈਕਟ ਲੈ ਕੇ ਆਵੇਗੀ, ਜਿਸ ਨਾਲ ਰਾਜ ਦੀ ਤਰੱਕੀ ਨੂੰ ਨਵਾਂ ਮੋੜ ਮਿਲੇਗਾ।