ਸ਼ੱਕ ਕਾਰਨ ਪਤਨੀ ’ਤੇ ਪੈਟਰੋਲ ਪਾ ਕੇ ਲਾਈ ਅੱਗ
ਸ਼ੱਕ ਦੇ ਚਲਦਿਆਂ ਪਤੀ ਨੇ ਪਤਨੀ ’ਤੇ ਪੈਟਰੋਲ ਪਾ ਕੇ ਲਾਈ ਅੱਗ
Publish Date: Fri, 03 Apr 2026 07:43 PM (IST)
Updated Date: Sat, 04 Apr 2026 04:11 AM (IST)

* ਘਟਨਾ ’ਚ ਮਹਿਲਾ ਬੁਰੀ ਤਰ੍ਹਾਂ ਝੁਲਸੀ, ਪਤੀ ਖਿਲਾਫ਼ ਮਾਮਲਾ ਦਰਜ ਪੱਤਰ ਪ੍ਰੇਰਕਾ ਪੰਜਾਬੀ ਜਾਗਰਣ, ਜ਼ੀਰਾ : ਥਾਣਾ ਜ਼ੀਰਾ ਦੀ ਪੁਲਿਸ ਨੇ ਬੀਤੀ ਰਾਤ ਪਿੰਡ ਮੇਹਰ ਸਿੰਘ ਵਾਲਾ ਵਿਖੇ ਸ਼ੱਕ ਦੇ ਚੱਲਦਿਆਂ ਪਤਨੀ ਨੂੰ ਮਾਰਨ ਦੀ ਨੀਅਤ ਨਾਲ ਪੈਟਰੋਲ ਪਾ ਕੇ ਅੱਗ ਲਗਾਉਣ ਵਾਲੇ ਦੋਸ਼ੀ ਪਤੀ ਖ਼ਿਲਾਫ਼ ਜਾਨਲੇਵਾ ਹਮਲਾ ਕਰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਦੋਸ਼ੀ ਨੇ ਪਹਿਲਾਂ ਪਤਨੀ ਨਾਲ ਗਾਲੀ-ਗਲੋਚ ਕੀਤਾ ਤੇ ਫਿਰ ਉਸ ਨੂੰ ਪਿੰਡ ’ਚ ਬਣੀ ਬਾਬੇ ਦੀ ਜਗ੍ਹਾ ’ਤੇ ਘੜੀਸਦਾ ਹੋਇਆ ਲੈ ਗਿਆ, ਜਿੱਥੇ ਉਸ ਨੇ ਉਕਤ ਘਟਨਾ ਨੂੰ ਅੰਜ਼ਾਮ ਦਿੱਤਾ। ਅੱਗ ਲੱਗਣ ਕਾਰਨ ਮਹਿਲਾ ਬੁਰੀ ਤਰ੍ਹਾਂ ਨਾਲ ਝੁਲਸ ਗਈ। ਜਾਣਕਾਰੀ ਦਿੰਦਿਆਂ ਥਾਣਾ ਜ਼ੀਰਾ ਸਦਰ ਦੇ ਏਐੱਸਆਈ ਅਨਵਰ ਮਸੀਹ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਸ਼ਿਕਾਇਤਕਰਤਾ ਮਹਿਲਾ ਪਰਮਜੀਤ ਕੌਰ ਪਤਨੀ ਪਾਲਾ ਸਿੰਘ ਵਾਸੀ ਮੇਹਰ ਸਿੰਘ ਵਾਲਾ ਨੇ ਦੱਸਿਆ ਕਿ ਉਸ ਦਾ ਪਤੀ ਪਾਲਾ ਸਿੰਘ ਪੁੱਤਰ ਵੀਰ ਸਿੰਘ ਉਸ ’ਤੇ ਗ਼ਲਤ ਹੋਣ ਦੇ ਇਲਜ਼ਾਮ ਲਗਾਉਂਦਾ ਹੈ। ਉਸ ਨੇ ਦੱਸਿਆ ਕਿ ਬੀਤੀ 30 ਮਾਰਚ 2026 ਦੀ ਰਾਤ 11 ਵਜੇ ਉਸ ਦਾ ਪਤੀ ਉਸ ਨਾਲ ਗਾਲੀ-ਗਲੋਚ ਕਰਨ ਲੱਗਾ ਤੇ ਉਸ ਨੂੰ ਘਰੋਂ ਬਾਹਰ ਘੜੀਸ ਕੇ ਪਿੰਡ ’ਚ ਬਣੀ ਬਾਬੇ ਦੀ ਜਗ੍ਹਾ ’ਤੇ ਲੈ ਗਿਆ। ਉੱਥੇ ਦੋਸ਼ੀ ਨੇ ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਉਸ ’ਤੇ ਪੈਟਰੋਲ ਪਾ ਦਿੱਤਾ ਤੇ ਅੱਗ ਲਗਾ ਦਿੱਤੀ। ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਪਾਲਾ ਸਿੰਘ ਵੱਲੋਂ ਅੱਗ ਲਗਾਏ ਜਾਣ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਈ ਸੀ ਤੇ ਉਸ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ’ਚ ਦਾਖ਼ਲ ਕਰਵਾਇਆ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਅਨਵਰ ਮਸੀਹ ਨੇ ਦੱਸਿਆ ਕਿ ਪੁਲਿਸ ਨੇ ਉਕਤ ਮਾਮਲੇ ’ਚ ਪਾਲਾ ਸਿੰਘ ਵਿਰੁੱਧ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।