ਸੁਰਿੰਦਰ ਸਿੰਘ ਜੌੜਾ ਨੇ ਸਰਗਰਮੀਆਂ ਦੀ ਰਫ਼ਤਾਰ ਕੀਤੀ ਤੇਜ਼
ਸੁਰਿੰਦਰ ਸਿੰਘ ਜੌੜਾ ਨੇ ਹਾਈ ਕਮਾਨ ਨੂੰ ਮਿਲ ਕੇ ਟਿਕਟ ਦੀ ਦਾਅਵੇਦਾਰੀ ਕੀਤੀ ਮਜ਼ਬੂਤ
Publish Date: Sun, 22 Feb 2026 05:03 PM (IST)
Updated Date: Sun, 22 Feb 2026 05:06 PM (IST)

ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ ਮੱਲਾਂਵਾਲਾ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸੁਰਿੰਦਰ ਸਿੰਘ ਜੌੜਾ ਨੇ ਵਿਧਾਨ ਸਭਾ ਹਲਕਾ ਜ਼ੀਰਾ ਵਿਚ ਕਾਂਗਰਸ ਪਾਰਟੀ ਦੀਆਂ ਸਰਗਰਮੀਆਂ ਨੂੰ ਨਵੀਂ ਰਫ਼ਤਾਰ ਦੇਣ ਦੀ ਸ਼ੁਰੂਆਤ ਕਰ ਦਿੱਤੀ ਹੈ। ਉਨ੍ਹਾਂ ਵੱਲੋਂ ਹਲਕੇ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਟਿਕਟ ਦੀ ਦਾਅਵੇਦਾਰੀ ਵੀ ਜਤਾਈ ਜਾ ਰਹੀ ਹੈ। ਇਸ ਸਬੰਧੀ ਉਨ੍ਹਾਂ ਨੇ ਮੱਲਾਂ ਵਾਲਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਾਰਟੀ ਹਾਈ ਕਮਾਂਡ ਦੇ ਮੋਹਰਲੀ ਕਤਾਰ ਵਾਲੇ ਆਗੂਆਂ ਨਾਲ ਵੀ ਗੱਲਬਾਤ ਹੋ ਚੁੱਕੀ ਹੈ ਅਤੇ ਹਲਕੇ ਵਿਚ ਕਾਂਗਰਸ ਦੀ ਸਥਿਤੀ ਮਜ਼ਬੂਤ ਕਰਨ ਲਈ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਸੁਰਿੰਦਰ ਸਿੰਘ ਜੌੜਾ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਪਿਛਲੇ ਕਈ ਦਹਾਕਿਆਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਬਹੁਤ ਸਾਰੇ ਐੱਮਐੱਲਏ ਹਲਕਾ ਜ਼ੀਰਾ ਦੇ ਵਾਸੀਆਂ ਨਾਲ ਇਹੀ ਵਾਅਦਾ ਕਰਦੇ ਸੀ ਕਿ ਸਾਨੂੰ ਤੁਸੀਂ ਇੱਕ ਵਾਰ ਮੌਕਾ ਦਿਓ ਅਸੀਂ ਹਲਕੇ ਦੇ ਵਿਕਾਸ ਲਈ ਕੋਈ ਕਮੀ ਨਹੀਂ ਛੱਡਾਂਗੇ, ਪਰ ਉਨ੍ਹਾਂ ਨੇ ਹਲਕੇ ਦਾ ਵਿਕਾਸ ਕਰਨ ਦੀ ਬਜਾਏ ਆਪਣਾ ਹੀ ਵਿਕਾਸ ਕੀਤਾ ਤੇ ਆਪਣੇ ਘਰ ਭਰੇ ਅਤੇ ਵੱਡੀਆਂ ਵੱਡੀਆਂ ਜਾਇਦਾਦਾਂ ਬਾਹਰਲੇ ਸੂਬਿਆਂ ਵਿੱਚ ਬਣਾ ਲਈਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਹਾਈ ਕਮਾਨ ਇਸ ਵਾਰ ਉਨ੍ਹਾਂ ਨੂੰ ਹਲਕੇ ਦਾ ਵਿਕਾਸ ਕਰਨ ਲਈ ਜ਼ਰੂਰ ਮੌਕਾ ਦੇਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿਹਤਰ ਸੇਵਾਵਾਂ ਅਤੇ ਸਹੂਲਤਾਂ ਮੁਹੱਈਆ ਕਰਵਾਉਣ ਲਈ ਉਨ੍ਹਾਂ ਵੱਲੋਂ ਆਉਂਦੇ ਦਿਨਾਂ ਵਿਚ ਮੱਲਾਂਵਾਲਾ, ਮਖੂ ਅਤੇ ਜ਼ੀਰਾ ਵਿਚ ਆਪਣੇ ਦਫ਼ਤਰ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਦਫ਼ਤਰ ਹਲਕੇ ਦੇ ਲੋਕਾਂ ਲਈ ਸੇਵਾ ਕੇਂਦਰ ਵਜੋਂ ਕੰਮ ਕਰਨਗੇ, ਜਿੱਥੇ ਆਮ ਲੋਕ ਆਪਣੀਆਂ ਸਮੱਸਿਆਵਾਂ ਅਤੇ ਮੰਗਾਂ ਸਿੱਧੀਆਂ ਰੱਖ ਸਕਣਗੇ। ਜੌੜਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਉਹ ਪਿਛਲੇ ਤਿੰਨ ਦਹਾਕਿਆਂ ਤੋਂ ਸੇਵਾ ਕਰ ਰਹੇ ਹਨ ਅਤੇ ਹੁਣ ਉਹ ਕਾਂਗਰਸ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਵੀ ਤੇਜ਼ ਕਰਨਗੇ। ਉਨ੍ਹਾਂ ਨੇ ਕਿਹਾ ਕਿ ਹਲਕੇ ਦੇ ਹਰ ਪਿੰਡ ਅਤੇ ਸ਼ਹਿਰ ਵਿਚ ਕਾਂਗਰਸ ਵਰਕਰਾਂ ਨੂੰ ਸਰਗਰਮ ਕਰਕੇ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇਗਾ। ਇਸ ਮੌਕੇ ਵਿਨੋਦ ਕਟਾਰੀਆ, ਰੋਸ਼ਨ ਲਾਲ ਕਟਾਰੀਆ, ਕੁਲਵਿੰਦਰ ਸਿੰਘ ਸੰਧੂ, ਕਾਰਜ ਸਿੰਘ, ਗੁਰਵਿੰਦਰ ਸਿੰਘ, ਗੁਰਭੇਜ ਸਿੰਘ, ਸੂਰਜ ਪ੍ਰਕਾਸ਼ ਆਦਿ ਹਾਜ਼ਰ ਸਨ।