ਰਨੌਤ ਬਿਆਨਾਂ ’ਚ ਸੰਯਮ ਤੇ ਜ਼ਿੰਮੇਵਾਰੀ ਦਿਖਾਵੇ : ਜੌੜਾ
ਕੰਗਨਾ ਰਨੌਤ ਦੇ ਬਿਆਨ ਦੀ ਸੁਰਿੰਦਰ ਸਿੰਘ ਜੌੜਾ ਵੱਲੋਂ ਨਿੰਦਾ
Publish Date: Fri, 20 Mar 2026 03:49 PM (IST)
Updated Date: Fri, 20 Mar 2026 03:52 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਕੰਗਨਾ ਰਨੌਤ ਵੱਲੋਂ ਰਾਹੁਲ ਗਾਂਧੀ ਖ਼ਿਲਾਫ਼ ਦਿੱਤੇ ਗਏ ਬਿਆਨ ਨੂੰ ਲੈ ਕੇ ਰਾਜਨੀਤਿਕ ਮਾਹੌਲ ਵਿਚ ਤਿੱਖੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ। ਇਸ ਮਾਮਲੇ ’ਤੇ ਆਪਣੀ ਰਾਏ ਪ੍ਰਗਟ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸੁਰਿੰਦਰ ਸਿੰਘ ਜੌੜਾ ਨੇ ਕਿਹਾ ਕਿ ਕੰਗਨਾ ਰਨੌਤ ਦਾ ਇਹ ਬਿਆਨ ਨਾ ਸਿਰਫ਼ ਮੰਦਭਾਗਾ ਹੈ, ਸਗੋਂ ਜਨਤਕ ਮਰਯਾਦਾ ਤੋਂ ਵੀ ਪਰੇ ਹੈ। ਉਨ੍ਹਾਂ ਕਿਹਾ ਕਿ ਕੰਗਨਾ ਰਨੌਤ ਪਹਿਲਾਂ ਵੀ ਬਠਿੰਡਾ ਦੀ ਕਿਸਾਨ ਮਾਤਾ ਮਹਿੰਦਰ ਕੌਰ ਬਾਰੇ ਵਿਵਾਦਿਤ ਟਿੱਪਣੀ ਕਰ ਚੁੱਕੀ ਹੈ, ਜਿਸ ਨਾਲ ਉਸਦੀ ਸੋਚ ਅਤੇ ਬੋਲਚਾਲ ਦਾ ਅੰਦਾਜ਼ ਸਪਸ਼ਟ ਹੋ ਜਾਂਦਾ ਹੈ। ਹੁਣ ਰਾਹੁਲ ਗਾਂਧੀ ਬਾਰੇ ਦਿੱਤਾ ਗਿਆ ਬਿਆਨ ਵੀ ਉਸੇ ਲੜੀ ਦੀ ਕੜੀ ਹੈ, ਜੋ ਬੇਬੁਨਿਆਦ ਅਤੇ ਗਲਤ ਧਾਰਨਾਵਾਂ ’ਤੇ ਆਧਾਰਿਤ ਹੈ। ਸੁਰਿੰਦਰ ਸਿੰਘ ਜੋੜਾ ਨੇ ਖ਼ਾਸ ਤੌਰ ’ਤੇ ਕੰਗਨਾ ਰਨੌਤ ਦੇ ਉਸ ਦਾਅਵੇ ਨੂੰ ਨਕਾਰਦਿਆਂ ਕਿਹਾ ਕਿ ਔਰਤਾਂ ਵੱਲੋਂ ਰਾਹੁਲ ਗਾਂਧੀ ਤੋਂ ਘੁਟਣ ਮਹਿਸੂਸ ਕਰਨ ਦੀ ਗੱਲ ਪੂਰੀ ਤਰ੍ਹਾਂ ਅਸੰਭਵ ਅਤੇ ਤੱਥਹੀਣ ਹੈ। ਉਨ੍ਹਾਂ ਦੱਸਿਆ ਕਿ ਰਾਹੁਲ ਗਾਂਧੀ ਦੀ ਲੋਕਪ੍ਰਿਯਤਾ ਦੇਸ਼ ਭਰ ਵਿੱਚ ਲਗਾਤਾਰ ਵਧ ਰਹੀ ਹੈ,ਜਿਸ ਕਰਕੇ ਵਿਰੋਧੀ ਪੱਖ ਵੱਲੋਂ ਇਸ ਤਰ੍ਹਾਂ ਦੇ ਬਿਆਨ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੀ ਰਾਜਨੀਤੀ ਵਿੱਚ ਨਰਿੰਦਰ ਮੋਦੀ ਦੀਆਂ ਨੀਤੀਆਂ ਖ਼ਿਲਾਫ਼ ਡਟ ਕੇ ਆਪਣੀ ਆਵਾਜ਼ ਉਠਾਉਣ ਵਾਲਿਆਂ ਵਿਚ ਰਾਹੁਲ ਗਾਂਧੀ ਅਹਿਮ ਭੂਮਿਕਾ ਨਿਭਾਅ ਰਹੇ ਹਨ,ਜਦਕਿ ਕਈ ਹੋਰ ਨੇਤਾ ਅਜਿਹਾ ਕਰਨ ਤੋਂ ਹਿਚਕਿਚਾਉਂਦੇ ਹਨ। ਅੰਤ ਵਿੱਚ ਸੁਰਿੰਦਰ ਸਿੰਘ ਜੋੜਾ ਨੇ ਕਿਹਾ ਕਿ ਕੰਗਨਾ ਰਨੌਤ ਨੂੰ ਆਪਣੇ ਬਿਆਨਾਂ ਵਿਚ ਸੰਯਮ ਅਤੇ ਜ਼ਿੰਮੇਵਾਰੀ ਦਿਖਾਉਣੀ ਚਾਹੀਦੀ ਹੈ,ਤਾਂ ਜੋ ਸਮਾਜ ਵਿੱਚ ਗਲਤ ਸੰਦੇਸ਼ ਨਾ ਪਹੁੰਚੇ।