ਸਰਕਾਰੀ ਸਕੂਲ ਤੋਂ ਗਲੋਬਲ ਰਿੰਗ ਤੱਕ ਪਹੁੰਚੀ ਕੰਨਿਆ ਸਕੂਲ ਦੀ ਸੁਖਪ੍ਰੀਤ
ਸਰਕਾਰੀ ਸਕੂਲ ਜ਼ੀਰਾ ਦੀ ਸੁਖਪ੍ਰੀਤ ਨੇ ਵਧਾਇਆ ਦੇਸ਼ ਦਾ ਮਾਣ
Publish Date: Fri, 30 Jan 2026 05:38 PM (IST)
Updated Date: Fri, 30 Jan 2026 05:40 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜ਼ੀਰਾ ਦੀ ਬਾਰਵੀਂ ਜਮਾਤ ਦੀ ਵਿਦਿਆਰਥਣ ਸੁਖਪ੍ਰੀਤ ਕੌਰ ਜੋ ਕਿ ਪਿਛਲੇ ਚਾਰ ਸਾਲ ਤੋਂ ਬਾਕਸਿੰਗ ਵਿਚ ਸਟੇਟ ਚੈਂਪੀਅਨ ਬਣਦੀ ਆ ਰਹੀ ਹੈ ਅਤੇ ਦੋ ਵਾਰ ਪੰਜਾਬ ਦੀ ਬੈਸਟ ਬਾਕਸਰ ਦਾ ਖਿਤਾਬ ਪ੍ਰਾਪਤ ਕਰ ਚੁੱਕੀ ਹੈ, ਦੀ ਚੋਣ ਅੰਤਰਰਾਸ਼ਟਰੀ ਬਾਕਸਿੰਗ ਐਕਸਪੋਜ਼ਰ ਟਰੇਨਿੰਗ ਕੈਂਪ ਆਇਰਲੈਂਡ (ਯੂਰਪ) ਲਈ ਹੋਈ। ਬਹੁਤ ਸਖਤ ਮੁਕਾਬਲਿਆਂ ਵਿੱਚੋਂ ਲੰਘਦਿਆਂ ਹੋਇਆਂ ਸੁਖਪ੍ਰੀਤ ਨੇ ਇਹ ਮੁਕਾਮ ਹਾਸਿਲ ਕੀਤਾ। ਸੁਖਪ੍ਰੀਤ ਪੰਜਾਬ ਦੀ ਇਕਲੌਤੀ ਸਰਕਾਰੀ ਸਕੂਲ ਦੀ ਵਿਦਿਆਰਥਣ ਹੈ ਜਿਸ ਨੂੰ ਦੇਸ਼ ਦੀਆਂ ਚੁਣੀਆਂ ਗਈਆਂ 10 ਬਾਕਸਰ ਖਿਡਾਰਣਾਂ ਦੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਉਕਤ ਜਾਣਕਾਰੀ ਸਕੂਲ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਸਾਂਝੀ ਕੀਤੀ। ਵਿਧਾਇਕ ਨਰੇਸ਼ ਕਟਾਰੀਆ, ਪੰਜਾਬ ਬਾਕਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਆਈਪੀਐੱਸ, ਜਨਰਲ ਸਕੱਤਰ ਸੰਤੋਸ਼ ਦੱਤਾ, ਜ਼ਿਲ੍ਹਾ ਸਿੱਖਿਆ ਅਫਸਰ ਮੁਨੀਲਾ ਅਰੋੜਾ, ਡਿਪਟੀ ਡੀਈਓ ਸਤਿੰਦਰ ਸਿੰਘ ਨੇ ਵਿਦਿਆਰਥਣ ਤੇ ਉਸਦੇ ਕੋਚ ਨੂੰ ਮੁਬਾਰਕਾਂ ਦਿੱਤੀਆਂ। ਜ਼ਿਕਰਯੋਗ ਹੈ ਕਿ ਇਸ ਬਾਰਡਰ ਏਰੀਏ ਦੇ ਛੋਟੇ ਜਿਹੇ ਸ਼ਹਿਰ ਵਿੱਚੋਂ ਗਲੋਬਲ ਪੱਧਰ ’ਤੇ ਜਾ ਕੇ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਾ ਸਰਕਾਰੀ ਸਕੂਲ ਦੀਆਂ ਹੋਰ ਵਿਦਿਆਰਥਣਾਂ ਲਈ ਇਕ ਬਹੁਤ ਵੱਡੀ ਮਿਸਾਲ ਹੋਵੇਗੀ। ਇਹ ਵਿਦਿਆਰਥਣ ਇਸ ਵਾਰ ਵੀ ਸਟੇਟ ਚੈਂਪੀਅਨ ਹੈ ਅਤੇ ਇਸ ਨੇ ਸਕੂਲ ਨੈਸ਼ਨਲ ਖੇਡਾਂ ਵਿਚ ਵੀ ਭਾਗ ਲੈਣਾ ਸੀ। ਪਹਿਲਾਂ ਵੀ ਇਹ ਰਾਸ਼ਟਰੀ ਪੱਧਰ ਤੇ ਬਰਾਉਜ ਮੈਡਲ ਪ੍ਰਾਪਤ ਕਰ ਚੁੱਕੀ ਹੈ।