ਸੁਖਪਾਲ ਸਿੰਘ ਨੰਨੂ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਨਵੇਂ ਇੰਚਾਰਜ ਨਿਯੁੱਕਤ
ਸੁਖਪਾਲ ਸਿੰਘ ਨੰਨੂ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਨਵੇਂ ਇੰਚਾਰਜ ਨਿਯੁੱਕਤ
Publish Date: Tue, 24 Feb 2026 07:24 PM (IST)
Updated Date: Tue, 24 Feb 2026 07:28 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ੍ ਫਿਰੋਜ਼ਪੁਰ : ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਗਠਨਾਤਮਕ ਢਾਂਚੇ ਵਿਚ ਅਹਿਮ ਫੇਰਬਦਲ ਕਰਦਿਆਂ ਦੋ ਵਾਰ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਸਾਬਕਾ ਸੀਪੀਐਸ ਨੂੰ ਫਿਰੋਜ਼ਪੁਰ (ਸ਼ਹਿਰੀ) ਵਿਧਾਨ ਸਭਾ ਹਲਕੇ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪਾਰਟੀ ਸੁਪ੍ਰੀਮੋ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਇਹ ਫੈਸਲਾ ਨੰਨੂ ਦੇ ਤਜ਼ਰਬੇ ਅਤੇ ਇਲਾਕੇ ਦੇ ਲੋਕਾਂ ਨਾਲ ਉਨ੍ਹਾਂ ਦੀ ਡੂੰਘੀ ਪਕੜ ਨੂੰ ਦੇਖਦੇ ਹੋਏ ਲਿਆ ਗਿਆ ਹੈ। ਸੁਖਪਾਲ ਸਿੰਘ ਨੰਨੂ ਫਿਰੋਜ਼ਪੁਰ ਰਾਜਨੀਤੀ ਦਾ ਇਕ ਵੱਡਾ ਚਿਹਰਾ ਹਨ। ਉਹ ਦੋ ਵਾਰ ਇਸੇ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਹਨ ਅਤੇ ਇਲਾਕੇ ਦੇ ਵਿਕਾਸ ਕਾਰਜਾਂ ਵਿਚ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ ਹੈ। ਪਾਰਟੀ ਹਾਈਕਮਾਂਡ ਦਾ ਮੰਨਣਾ ਹੈ ਕਿ ਨੰਨੂ ਦੀ ਅਗਵਾਈ ਵਿਚ ਸ਼ਹਿਰੀ ਖੇਤਰ ਵਿਚ ਅਕਾਲੀ ਦਲ ਦੀਆਂ ਜੜ੍ਹਾਂ ਹੋਰ ਮਜ਼ਬੂਤ ਹੋਣਗੀਆਂ। ਇਸ ਮੌਕੇ ਪਾਰਟੀ ਲੀਡਰਸ਼ਿਪ ਨੇ ਕਿਹਾ ਸਾਨੂੰ ਪੂਰਾ ਭਰੋਸਾ ਹੈ ਕਿ ਸੁਖਪਾਲ ਸਿੰਘ ਨੰਨੂ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ-ਰਾਤ ਮਿਹਨਤ ਕਰਨਗੇ। ਉਨ੍ਹਾਂ ਦਾ ਲੋਕਾਂ ਨਾਲ ਸਿੱਧਾ ਸੰਪਰਕ ਪਾਰਟੀ ਦੇ ‘ਪੰਜਾਬ ਦੇ ਵਿਕਾਸ’ ਵਾਲੇ ਵਿਜ਼ਨ ਨੂੰ ਘਰ-ਘਰ ਪਹੁੰਚਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ। ਇਸ ਨਿਯੁਕਤੀ ਨਾਲ ਫਿਰੋਜ਼ਪੁਰ ਦੇ ਅਕਾਲੀ ਵਰਕਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਨੰਨੂ ਨੇ ਇਸ ਨਵੀਂ ਜ਼ਿੰਮੇਵਾਰੀ ਲਈ ਪਾਰਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਦੀਆਂ ਉਮੀਦਾਂ ’ਤੇ ਖਰਾ ਉਤਰਨਗੇ ਅਤੇ ਆਉਣ ਵਾਲੀਆਂ ਚੋਣਾਂ ਵਿਚ ਅਕਾਲੀ ਦਲ ਦੇ ਜੇਤੂ ਪਰਚਮ ਨੂੰ ਲਹਿਰਾਉਣ ਲਈ ਕੋਈ ਕਸਰ ਨਹੀਂ ਛੱਡਣਗੇ। ਇਸ ਮੋਕੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ,ਸਾਬਕਾ ਵਿਧਾਇਕ ਫਿਰੋਜ਼ਪੁਰ ਦਿਹਾਤੀ ਜੋਗਿੰਦਰ ਸਿੰਘ ਜਿੰਦੂ, ਅਕਾਲੀ ਦਲ ਦੇ ਸਪੋਕਸਮੈਨ ਦਿਲਬਾਗ ਸਿੰਘ ਵਿਰਕ ਅਤੇ ਹੋਰ ਵੀ ਕਈ ਆਗੂ ਹਾਜ਼ਰ ਸਨ।