ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਇ.) ਫਿਰੋਜ਼ਪੁਰ ਵਿਖੇ ਸਫਲ ਪਲੇਸਮੈਂਟ ਕੈਂਪ ਦਾ ਆਯੋਜਨ
ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਇ.) ਫਿਰੋਜ਼ਪੁਰ ਵਿਖੇ ਸਫਲ ਪਲੇਸਮੈਂਟ ਕੈਂਪ ਦਾ ਆਯੋਜਨ
Publish Date: Mon, 05 Jan 2026 05:20 PM (IST)
Updated Date: Mon, 05 Jan 2026 05:23 PM (IST)

ਫੋਟੋ ਫਾਈਲ: 05 ਐੱਫਜੈੱਡਆਰ 11 ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਇ.) ਫਿਰੋਜ਼ਪੁਰ ਵਿਖੇ ਸਫਲ ਪਲੇਸਮੈਂਟ ਕੈਂਪ ਦਾ ਆਯੋਜਨ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਇ.) ਫਿਰੋਜ਼ਪੁਰ ਵਿਖੇ ਪ੍ਰਿੰਸੀਪਲ ਸੰਜੀਵ ਕੁਮਾਰ ਕਟਾਰੀਆ ਦੀ ਸੁਚੱਜੀ ਦੇਖ-ਰੇਖ ਹੇਠ ਸਫਲ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਪਲੇਸਮੈਂਟ ਕੈਂਪ ਦਾ ਮੁੱਖ ਮਕਸਦ ਸੰਸਥਾ ਵਿਚ ਟਰੇਨਿੰਗ ਪ੍ਰਾਪਤ ਕਰ ਚੁੱਕੇ ਅਤੇ ਕਰ ਰਹੇ ਸਿਖਿਆਰਥੀਆਂ ਨੂੰ ਉਦਯੋਗਿਕ ਖੇਤਰ ਨਾਲ ਜੋੜ ਕੇ ਉਨ੍ਹਾਂ ਲਈ ਰੋਜ਼ਗਾਰ ਦੇ ਮੌਕੇ ਸਿਰਜਣਾ ਸੀ। ਇਸ ਕੈਂਪ ਵਿਚ ਪ੍ਰਸਿੱਧ ਉਦਯੋਗਿਕ ਸੰਸਥਾ ਆਈਟੀਸੀ ਲਿਮਿਟੇਡ, ਕਪੂਰਥਲਾ ਵੱਲੋਂ ਭਾਗ ਲਿਆ ਗਿਆ। ਕੰਪਨੀ ਨੇ ਆਪਣੀ ਫੂਡ ਡਿਵੀਜ਼ਨ ਲਈ ਵੱਖ-ਵੱਖ ਅਹੁਦਿਆਂ ਉੱਤੇ ਭਰਤੀ ਕਰਨ ਦੇ ਉਦੇਸ਼ ਨਾਲ ਸਰਕਾਰੀ ਅਤੇ ਪ੍ਰਾਇਵੇਟ ਆਈਟੀਆਈ ਪਾਸ ਸਿਖਿਆਰਥੀਆਂ ਦਾ ਚੋਣ ਪ੍ਰਕਿਰਿਆ ਰਾਹੀਂ ਚੋਣ ਕੀਤੀ। ਇਸ ਦੌਰਾਨ ਵੱਖ-ਵੱਖ ਟਰੇਡਾਂ ਨਾਲ ਸਬੰਧਤ ਸਿਖਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ, ਜੋ ਕਿ ਸੰਸਥਾ ਦੀ ਟਰੇਨਿੰਗ ਗੁਣਵੱਤਾ ਅਤੇ ਸਿਖਿਆਰਥੀਆਂ ਦੀ ਯੋਗਤਾ ਦਾ ਪ੍ਰਮਾਣ ਹੈ। ਕੰਪਨੀ ਦੇ ਐੱਚਆਰ ਵਿਭਾਗ ਵੱਲੋਂ ਸਿਖਿਆਰਥੀਆਂ ਦੀ ਵਿਸਥਾਰ ਨਾਲ ਇੰਟਰਵਿਊ ਕੀਤੀ ਗਈ, ਜਿਸ ਵਿਚ ਉਨ੍ਹਾਂ ਦੀ ਤਕਨੀਕੀ ਯੋਗਤਾ, ਕੰਮ ਪ੍ਰਤੀ ਰੁਝਾਨ ਅਤੇ ਅਨੁਸ਼ਾਸਨ ਦੀ ਜਾਂਚ ਕੀਤੀ ਗਈ। ਕੈਂਪ ਦੌਰਾਨ ਕਈ ਸਿਖਿਆਰਥੀਆਂ ਨੂੰ ਕੰਪਨੀ ਵੱਲੋਂ ਵੱਖ-ਵੱਖ ਅਹੁਦਿਆਂ ਲਈ ਚੁਣਿਆ ਗਿਆ, ਜੋ ਸੰਸਥਾ ਲਈ ਮਾਣ ਅਤੇ ਖੁਸ਼ੀ ਦੀ ਗੱਲ ਹੈ। ਇਸ ਮੌਕੇ ਸੰਸਥਾ ਦਾ ਸਮੂਹ ਅਧਿਆਪਕ ਅਤੇ ਹੋਰ ਸਟਾਫ ਮੌਜ਼ੂਦ ਰਿਹਾ, ਜਿਨ੍ਹਾਂ ਨੇ ਪੂਰੇ ਉਤਸ਼ਾਹ ਨਾਲ ਇਸ ਪਲੇਸਮੈਂਟ ਕੈਂਪ ਦੀ ਸਫਲਤਾ ਵਿਚ ਯੋਗਦਾਨ ਪਾਇਆ। ਸੰਸਥਾ ਦੇ ਪ੍ਰਿੰਸੀਪਲ ਸੰਜੀਵ ਕੁਮਾਰ ਕਟਾਰੀਆ ਨੇ ਚੁਣੇ ਗਏ ਸਿਖਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕੀਤੀ ਅਤੇ ਨਾਲ ਹੀ ਸੰਸਥਾ ਵਿੱਚ ਟਰੇਨਿੰਗ ਲੈ ਰਹੇ ਸਿਖਿਆਰਥੀਆਂ ਨੂੰ ਹੋਰ ਜ਼ਿਆਦਾ ਮਿਹਨਤ, ਅਨੁਸ਼ਾਸਨ ਅਤੇ ਲਗਨ ਨਾਲ ਆਪਣਾ ਟੀਚਾ ਹਾਸਲ ਕਰਨ ਲਈ ਉਤਸਾਹਿਤ ਕੀਤਾ। ਇਸ ਪਲੇਸਮੈਂਟ ਕੈਂਪ ਦੌਰਾਨ ਜਿੱਥੇ ਚੁਣੇ ਗਏ ਸਿਖਿਆਰਥੀਆਂ ਦੇ ਚਿਹਰਿਆਂ ਉੱਤੇ ਖੁਸ਼ੀ ਅਤੇ ਆਤਮ-ਵਿਸ਼ਵਾਸ ਦੀ ਰੌਣਕ ਨਜ਼ਰ ਆ ਰਹੀ ਸੀ, ਉਥੇ ਹੀ ਟਰੇਨਿੰਗ ਅਧੀਨ ਸਿਖਿਆਰਥੀਆਂ ਦੇ ਚਿਹਰਿਆਂ ਉੱਤੇ ਉਤਸਾਹ ਅਤੇ ਉਮੀਦ ਦੀ ਕਿਰਨ ਸਾਫ਼ ਦਿਖਾਈ ਦੇ ਰਹੀ ਸੀ। ਉਨ੍ਹਾਂ ਨੂੰ ਇਹ ਭਰੋਸਾ ਹੋਇਆ ਕਿ ਸਖ਼ਤ ਮਿਹਨਤ, ਤਕਨੀਕੀ ਹੁਨਰ ਅਤੇ ਸਹੀ ਮਾਰਗਦਰਸ਼ਨ ਰਾਹੀਂ ਉਹ ਵੀ ਆਪਣੇ ਲਈ ਇੱਕ ਮਜ਼ਬੂਤ ਅਤੇ ਸੁਨਿਹਰਾ ਭਵਿੱਖ ਸਿਰਜ ਸਕਦੇ ਹਨ।