ਦਾਸ ਐਂਡ ਬ੍ਰਾਊਨ ਵਰਲਡ ਸਕੂਲ ’ਚ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ
ਦਾਸ ਐਂਡ ਬ੍ਰਾਊਨ ਵਰਲਡ ਸਕੂਲ ਵਿਖੇ ਸਪਿਕ ਮੈਕੇ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਭਾਰਤੀ ਸ਼ਾਸਤਰੀ ਸੰਗੀਤ ਦਾ ਲਿਆ ਆਨੰਦ
Publish Date: Wed, 22 Apr 2026 05:49 PM (IST)
Updated Date: Wed, 22 Apr 2026 05:52 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਦਾਸ ਐਂਡ ਬ੍ਰਾਊਨ ਵਰਲਡ ਸਕੂਲ ਵਿਚ ਸਪਿਕ ਮੈਕੇ ਤਹਿਤ ਇਕ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵਿਦਿਆਰਥੀਆਂ ਨੂੰ ਭਾਰਤੀ ਸ਼ਾਸਤਰੀ ਸੰਗੀਤ ਅਤੇ ਅਮੀਰ ਸੱਭਿਆਚਾਰਕ ਵਿਰਾਸਤ ਤੋਂ ਜਾਣੂ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਗੋਲਡਨ ਐਰੋ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਦੀ ਚੇਅਰਪਰਸਨ ਗੀਤਾਂਜਲੀ ਮਨਰਾਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡੀਸੀਐੱਮ ਗਰੁੱਪ ਆਫ਼ ਸਕੂਲਜ਼ ਦੀ ਸੀਨੀਅਰ ਡਾਇਰੈਕਟਰ ਅਕਾਦਮਿਕ ਡਾ. ਰਾਗਿਨੀ ਗੁਪਤਾ ਹਾਜ਼ਰ ਹੋਏ। ਪ੍ਰਿੰਸੀਪਲ ਡਾ. ਰੁਚੀ ਪਾਂਡੇ ਨੇ ਦੱਸਿਆ ਕਿ ਪ੍ਰੋਗਰਾਮ ਵਿਚ ਅੱਠਵੀਂ ਤੋਂ ਗਿਆਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਭਾਰਤੀ ਸ਼ਾਸਤਰੀ ਸੰਗੀਤ ਦੀਆਂ ਮਧੁਰ ਪੇਸ਼ਕਾਰੀਆਂ ਦਾ ਆਨੰਦ ਮਾਣਿਆ। ਪੂਰੇ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਦੀ ਜਿਗਿਆਸਾ ਅਤੇ ਸ਼ਮੂਲੀਅਤ ਦੇਖਣਯੋਗ ਸੀ। ਪ੍ਰੋਗਰਾਮ ਦਾ ਮੁੱਖ ਆਕਰਸ਼ਣ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸ਼ਾਸਤਰੀ ਸਲਾਈਡ ਗਿਟਾਰ ਵਾਦਕ ਵਿਦੁਸ਼ੀ ਡਾ. ਕਮਲਾ ਸ਼ੰਕਰ ਦੀ ਪੇਸ਼ਕਾਰੀ ਰਹੀ, ਜਿਨ੍ਹਾਂ ਨੇ ਆਪਣੀਆਂ ਮਨਮੋਹਕ ਧੁਨਾਂ ਨਾਲ ਸਾਰਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਉਨ੍ਹਾਂ ਦੇ ਨਾਲ ਮਸ਼ਹੂਰ ਤਬਲਾ ਵਾਦਕ ਪੰਡਿਤ ਦੁਰਜੇ ਭੌਮਿਕ ਨੇ ਸੰਗਤ ਕਰਕੇ ਪ੍ਰੋਗਰਾਮ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾ ਦਿੱਤਾ। ਦੋਵਾਂ ਕਲਾਕਾਰਾਂ ਨੇ ਆਪਣੀਆਂ ਪੇਸ਼ਕਾਰੀਆਂ ਰਾਹੀਂ ਭਾਰਤੀ ਸ਼ਾਸਤਰੀ ਸੰਗੀਤ ਦੀ ਡੂੰਘਾਈ ਅਤੇ ਸੁੰਦਰਤਾ ਦਾ ਜੀਵੰਤ ਅਹਿਸਾਸ ਕਰਵਾਇਆ। ਇੰਟਰਐਕਟਿਵ ਸੈਸ਼ਨ ਦੌਰਾਨ ਡਾ. ਕਮਲਾ ਸ਼ੰਕਰ ਨੇ ਗੁਰੂ-ਸ਼ਿਸ਼ ਪਰੰਪਰਾ ਦੀ ਮਹੱਤਤਾ ’ਤੇ ਰੋਸ਼ਨੀ ਪਾਉਂਦਿਆਂ ਦੱਸਿਆ ਕਿ ਸ਼ਾਸਤਰੀ ਕਲਾ ਵਿਚ ਨਿਪੁੰਨਤਾ ਲਈ ਸਮਰਪਣ, ਅਨੁਸ਼ਾਸਨ ਅਤੇ ਨਿਰੰਤਰ ਅਭਿਆਸ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਗਿਟਾਰ ਨੂੰ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਅਨੁਕੂਲ ਢਾਲ ਕੇ ਪਰੰਪਰਾ ਅਤੇ ਨਵੀਨਤਾ ਦਾ ਸੰਤੁਲਨ ਸਥਾਪਿਤ ਕੀਤਾ। ਉੱਥੇ ਹੀ ਪੰਡਿਤ ਦੁਰਜੇ ਭੌਮਿਕ ਨੇ ਕਿਹਾ ਕਿ ਸੱਚਾ ਸੰਗੀਤ ਸਿਰਫ਼ ਤਕਨੀਕੀ ਮੁਹਾਰਤ ਤੱਕ ਸੀਮਤ ਨਹੀਂ ਹੁੰਦਾ, ਸਗੋਂ ਸਰੋਤਿਆਂ ਨਾਲ ਭਾਵਨਾਤਮਕ ਸਾਂਝ ਹੀ ਇਸ ਦੀ ਅਸਲੀ ਪਛਾਣ ਹੈ। ਪ੍ਰੋਗਰਾਮ ਦੇ ਅੰਤ ਵਿਚ ਪ੍ਰਿੰਸੀਪਲ ਡਾ. ਰੁਚੀ ਪਾਂਡੇ, ਗੀਤਾਂਜਲੀ ਮਨਰਾਲ ਅਤੇ ਡਾ. ਰਾਗਿਨੀ ਗੁਪਤਾ ਨੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦਾ ਧੰਨਵਾਦ ਪ੍ਰਗਟਾਇਆ।