ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣਾ ਸਭ ਦੀ ਸਾਂਝੀ ਜ਼ਿੰਮੇਵਾਰੀ: ਰਾਜਪਾਲ ਪੰਜਾਬ
ਰਾਜਪਾਲ ਦੀ ‘ ਯੁੱਧ ਨਸ਼ਿਆਂ ਵਿਰੁੱਧ’ ਯਾਤਰਾ ’ਚ ਵਿਦਿਆਰਥੀਆਂ ਨੇ ਕੀਤੀ ਸ਼ਮੂਲੀਅਤ
Publish Date: Tue, 10 Feb 2026 06:29 PM (IST)
Updated Date: Tue, 10 Feb 2026 06:32 PM (IST)

ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ ਫਿਰੋਜ਼਼ਪੁਰ : ਪੰਜਾਬ ਨੂੰ ਨਸ਼ਾ ਮੁਕਤ ਕਰਨ ਅਤੇ ਨਸ਼ਿਆਂ ਦੀ ਅਲਾਮਤ ਸਬੰਧੀ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਸਰਹੱਦੀ ਜ਼ਿਲ੍ਹਿਆਂ ’ਚ ਆਰੰਭੀ ‘ਨਸ਼ਿਆਂ ਵਿਰੁੱਧ ਪੈਦਲ ਯਾਤਰਾ ’ ਦੇ ਦੂਜੇ ਦਿਨ ਫਿਰੋਜ਼ਪੁਰ ਦੇ ਸਾਰਾਗੜ੍ਹੀ ਗੁਰੂਦੁਆਰਾ ਤੋਂ ਸ਼ੁਰੂ ਕਰਕੇ ਸਰਕਾਰੀ ਐਮੀਨੈਂਸ ਸਕੂਲ ਤੱਕ ਪੈਦਲ ਯਾਤਰਾ ਕੀਤੀ ਗਈ। ਮਾਣਯੋਗ ਰਾਜਪਾਲ ਦੀ ਇਸ ਪੈਦਲ ਯਾਤਰਾ ਵਿੱਚ ਸ਼ਾਮਲ ਹੋਣ ਲਈ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲ੍ਹੋਂ ਉਚੇਚੇ ਤੌਰ ’ਤੇ ਪਹੁੰਚੇ, ਜਦਕਿ ਅਕਾਲੀ ਦਲ ਬਾਦਲ ਸੁਪ੍ਰੀਮੋ ਸੁਖਬੀਰ ਸਿੰਘ ਬਾਦਲ ਵੀ ਰੈਲੀ ਦੇ ਸਮਾਪਤੀ ਸਥੱਲ ਸਰਕਾਰੀ ਸਕੂਲ ਆਫ ਐਮੀਨੈਂਸ ਵਿਖੇ ਪਹੁੰਚੇ। ਇਸ ਪੈਦਲ ਯਾਤਰਾ ਵਿਚ ਸੂਬੇ ਦੀਆਂ ਕਈ ਯੂਨਵਰਸਿਟੀਆਂ ਦੇ ਉਪਕੁਲਪਤੀ, ਸਕੂਲਾਂ ਅਤੇ ਕਾਲਜਾਂ ਦੇ ਮੁਖੀ, ਕੁੱਝ ਰਾਜਸੀ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਇਸ ਯਾਤਰਾ ਵਿਚ ਸੂਬੇ ਭਰ ਤੋਂ ਹਜ਼ਾਰਾਂ ਵਿਦਿਆਰਥੀਆਂ, ਐੱਨਜੀਓਜ਼, ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਉੱਘੀਆਂ ਸ਼ਖ਼ਸੀਅਤਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕਰਦਿਆਂ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਸੰਕਲਪ ਲਿਆ। ਇਸ ਮੌਕੇ ਰਾਜਪਾਲ ਵੱਲੋਂ ਸਭ ਤੋਂ ਪਹਿਲਾਂ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਨਸ਼ਿਆਂ ਵਿਰੁੱਧ ਮੁਹਿੰਮ ਦੇ ਦੂਜੇ ਗੇੜ ਦੀ ਸ਼ੁਰੂਆਤ ਕੀਤੀ ਗਈ। ਰਾਜਪਾਲ ਪੰਜਾਬ ਨੇ ਖ਼ੁਦ ਇਸ ਪੈਦਲ ਯਾਤਰਾ ਦੀ ਅਗਵਾਈ ਕਰਦਿਆਂ ਨਸ਼ਿਆਂ ਵਿਰੁੱਧ ਸੂਬੇ ਪੱਧਰ ’ਤੇ ਸਭ ਵਰਗਾਂ ਨੂੰ ਇਕਜੁੱਟ ਹੋ ਕੇ ਲੜਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਨਸ਼ਿਆਂ ਕਾਰਨ ਸਿਰਫ਼ ਵਿਅਕਤੀ ਦਾ ਹੀ ਨਹੀਂ ਸਗੋਂ ਪੂਰੇ ਸਮਾਜ ਦਾ ਭਾਰੀ ਨੁਕਸਾਨ ਹੁੰਦਾ ਹੈ, ਇਸ ਲਈ ਇਸ ਬੁਰਾਈ ਨੂੰ ਜੜੋਂ ਖਤਮ ਕਰਨ ਲਈ ਸਾਂਝੀ ਕੋਸ਼ਿਸ਼ ਲਾਜ਼ਮੀ ਹੈ। ਯਾਤਰਾ ਉਪਰੰਤ ਸਕੂਲ ਆਫ਼ ਐਮੀਨੈਂਸ ਵਿਖੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਸਿੱਖਿਆ ਸੰਸਥਾਵਾਂ ਨੂੰ ਨਸ਼ਾ ਮੁਕਤ ਬਣਾਉਣ ਦੀ ਲੋੜ ਹੈ ਕਿਉਂਕਿ ਨੌਜਵਾਨੀ ਦੇ ਸਹੀ ਰਾਹ ’ਤੇ ਪੈਣ ਨਾਲ ਹੀ ਸੂਬੇ ਦਾ ਭਵਿੱਖ ਸੁਰੱਖਿਅਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਫੇਜ਼ ਵਾਈਜ਼ ਮੁਹਿੰਮ ਚਲਾਈ ਜਾ ਰਹੀ ਹੈ ਪਰ ਇਸ ਨੂੰ ਸਫਲ ਬਣਾਉਣ ਲਈ ਸਿੱਖਿਆ ਸੰਸਥਾਵਾਂ, ਧਾਰਮਿਕ ਸੰਸਥਾਵਾਂ, ਸਮਾਜਿਕ ਸੰਸਥਾਵਾਂ, ਰਾਜਨੀਤਿਕ ਪਾਰਟੀਆਂ, ਪੰਚਾਇਤਾਂ ਅਤੇ ਆਮ ਲੋਕਾਂ ਨੂੰ ਇਕੱਠੇ ਹੋ ਕੇ ਇਹ ਲੜਾਈ ਲੜਨੀ ਪਵੇਗੀ। ਮਾਨਯੋਗ ਰਾਜਪਾਲ ਨੇ ਖ਼ਾਸ ਤੌਰ ’ਤੇ ਔਰਤਾਂ ਨੂੰ ਅੱਗੇ ਆ ਕੇ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਦੀ ਅਗਵਾਈ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਮਾਂ, ਭੈਣ ਅਤੇ ਧੀ ਦੇ ਰੂਪ ਵਿੱਚ ਔਰਤਾਂ ਸਮਾਜ ਨੂੰ ਸਹੀ ਦਿਸ਼ਾ ਦੇ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਗੁਰੂਆਂ ਦੇ ਬਲੀਦਾਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਸਾਡੇ ਬਜ਼ੁਰਗਾਂ ਨੇ ਸਾਡੀ ਸੰਸਕ੍ਰਿਤੀ ਅਤੇ ਸ਼ਾਨ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ, ਤਾਂ ਕਿ ਅਸੀਂ ਇਕ ਛੋਟੀ ਜਿਹੀ ਨਸ਼ਿਆਂ ਦੀ ਅਲਾਮਤ ਨੂੰ ਖਤਮ ਨਹੀਂ ਕਰ ਸਕਦੇ? ਇਹ ਸਾਡਾ ਧਾਰਮਿਕ ਅਤੇ ਨੈਤਿਕ ਫ਼ਰਜ਼ ਬਣਦਾ ਹੈ ਕਿ ਅਸੀਂ ਇਸ ਬਿਮਾਰੀ ਨੂੰ ਜੜੋਂ ਮਿਟਾਈਏ। ਉਨ੍ਹਾਂ ਕਿਹਾ ਕਿ ਸਾਡਾ ਗੁਆਂਢੀ ਦੁਸ਼ਮਣ ਦੇਸ਼ ਡਰੋਨਾਂ ਰਾਹੀਂ ਨਸ਼ਿਆਂ ਦੀ ਸਪਲਾਈ ਕਰਕੇ ਸਾਡੀ ਨੌਜਵਾਨ ਪੀੜ੍ਹੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਸਰਕਾਰ ਵੱਲੋਂ ਐਂਟੀ-ਡਰੋਨ ਸਿਸਟਮ ਸਮੇਤ ਕਈ ਕੜੇ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਇਸ ਸਾਜ਼ਿਸ਼ ਨੂੰ ਨਾਕਾਮ ਬਣਾਇਆ ਜਾ ਸਕੇ। ਅੰਤ ਵਿਚ ਮਾਨਯੋਗ ਰਾਜਪਾਲ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਇਹ ਲੜਾਈ ਸਾਂਝੇ ਤੌਰ ’ਤੇ ਹੀ ਜਿੱਤੀ ਜਾ ਸਕਦੀ ਹੈ ਅਤੇ ਸਮੂਹ ਪੰਜਾਬ ਵਾਸੀਆਂ ਦੇ ਸਹਿਯੋਗ ਨਾਲ ਇਸ ਮਿਸ਼ਨ ਵਿੱਚ ਜਲਦੀ ਸਫਲਤਾ ਮਿਲੇਗੀ। ਇਸ ਮੌਕੇ ਰਾਜਪਾਲ ਦੇ ਪ੍ਰਮੁੱਖ ਸਕੱਤਰ ਵੀਪੀ ਸਿੰਘ, ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ, ਡਾਇਰੈਕਟਰ ਜਨਗਣਨਾ ਸੰਚਾਲਨ ਲਲਿਤ ਜੈਨ, ਰੈੱਡ ਕਰਾਸ ਦੇ ਸਕੱਤਰ ਸ਼ਿਵ ਦੁਲਾਰ ਸਿੰਘ ਢਿੱਲੋਂ, ਡੀਆਈਜੀ ਫ਼ਿਰੋਜ਼ਪੁਰ ਰੇਂਜ ਸਨੇਹਦੀਪ ਸ਼ਰਮਾ, ਐੱਸਐੱਸਪੀ ਭੁਪਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ.) ਡਾ. ਨਿਧੀ ਕੁਮੁਦ ਬੰਬਾਹ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਰਵਿੰਦ ਕੁਮਾਰ, ਐੱਸਡੀਐੱਮ ਫ਼ਿਰੋਜ਼ਪੁਰ ਮੈਡਮ ਲਿੰਧਿਆ (ਸਿਖਲਾਈ ਅਧੀਨ), ਸਹਾਇਕ ਕਮਿਸ਼ਨਰ ਰਾਜਬੀਰ ਸਿੰਘ,ਕਮਾਂਡੈਂਟ ਹੋਮਗਾਰਡ ਗੁਰਲਵਦੀਪ ਸਿੰਘ ਗਰੇਵਾਲ ਸਮੂਹ ਵਿਭਾਗਾਂ ਦੇ ਅਧਿਕਾਰੀ /ਕਰਮਚਾਰੀ, ਵੱਖ-ਵੱਖ ਐੱਨਜੀਓਜ਼, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਮੈਂਬਰ ਅਤੇ ਵੱਡੀ ਗਿਣਤੀ ਵਿਚ ਸਿੱਖਿਆ ਸੰਸਥਾਵਾਂ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ ਆਦਿ ਹਾਜ਼ਰ ਸਨ।