ਫਿਰੋਜ਼ਪੁਰ ਮੰਡਲ ਰੇਲਵੇ ਹਸਪਤਾਲ ’ਚ ‘ਆਰਥਰੋਸਕੋਪੀ ਸਰਜਰੀ’ ਦੀਸ਼ੁਰੂਆਤ
ਫਿਰੋਜ਼ਪੁਰ ਮੰਡਲ ਰੇਲਵੇ ਹਸਪਤਾਲ ਵਿਚ ਅਤਿ-ਆਧੁਨਿਕ ‘ਆਰਥਰੋਸਕੋਪੀ ਸਰਜਰੀ’ ਦੀ ਹੋਈ ਸ਼ੁਰੂਆਤ
Publish Date: Sun, 01 Mar 2026 03:05 PM (IST)
Updated Date: Sun, 01 Mar 2026 03:07 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਫਿਰੋਜ਼ਪੁਰ ਮੰਡਲ ਦੇ ਰੇਲਵੇ ਕਰਮਚਾਰੀਆਂ ਲਈ ਸਿਹਤ ਸਹੂਲਤਾਂ ਦੇ ਖੇਤਰ ਵਿਚ ਇਕ ਵੱਡੀ ਪ੍ਰਾਪਤੀ ਸਾਹਮਣੇ ਆਈ ਹੈ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਅਗਵਾਈ ਅਤੇ ਮੁੱਖ ਚਿਕਿਤਸਾ ਅਧੀਸ਼ਕ ਡਾ. ਰੰਜਨਾ ਸਹਿਗਲ ਦੇ ਕੁਸ਼ਲ ਮਾਰਗਦਰਸ਼ਨ ਹੇਠ, ਮੰਡਲ ਰੇਲਵੇ ਹਸਪਤਾਲ ਫਿਰੋਜ਼ਪੁਰ ਵਿਖੇ ‘ਆਰਥਰੋਸਕੋਪੀ ਸਰਜਰੀ’ ਦੀ ਸਹੂਲਤ ਅਧਿਕਾਰਤ ਤੌਰ ’ਤੇ ਸ਼ੁਰੂ ਕਰ ਦਿੱਤੀ ਗਈ ਹੈ। ਇਸ ਨਵੀਂ ਸ਼ੁਰੂਆਤ ਦੇ ਤਹਿਤ ਹਾਲ ਹੀ ਵਿਚ ਡਾ. ਅਮਿਤ ਅਤੇ ਉਨ੍ਹਾਂ ਦੀ ਮੈਡੀਕਲ ਟੀਮ ਵੱਲੋਂ ਜਲੰਧਰ ਸਥਿਤ ਬ੍ਰਿਜ ਵਰਕਸ਼ਾਪ ਵਿੱਚ ਤਾਇਨਾਤ ਇਕ ਰੇਲਵੇ ਕਰਮਚਾਰੀ ਦੇ ਗੋਡੇ ਦੀ ਸਫਲ ਆਰਥਰੋਸਕੋਪੀ ਸਰਜਰੀ ਕੀਤੀ ਗਈ। ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਦੇ ਰੇਲਵੇ ਹਸਪਤਾਲ ਵਿਚ ਇਸ ਤਰ੍ਹਾਂ ਦੀ ਆਧੁਨਿਕ ਸਰਜਰੀ ਪਹਿਲੀ ਵਾਰ ਕੀਤੀ ਗਈ ਹੈ, ਜੋ ਕਿ ਹਸਪਤਾਲ ਦੇ ਇਤਿਹਾਸ ਵਿਚ ਇਕ ਮੀਲ ਦਾ ਪੱਥਰ ਸਾਬਤ ਹੋਵੇਗੀ।ਆਰਥਰੋਸਕੋਪੀ ਇਕ ਅਜਿਹੀ ਨਵੀਨਤਮ ਸਰਜੀਕਲ ਪ੍ਰਕਿਰਿਆ ਹੈ ਜਿਸ ਵਿਚ ਜੋੜਾਂ ਦੇ ਇਲਾਜ ਲਈ ਪੂਰਾ ਚੀਰਾ ਲਗਾਉਣ ਦੀ ਲੋੜ ਨਹੀਂ ਪੈਂਦੀ। ਡਾਕਟਰਾਂ ਨੇ ਦੱਸਿਆ ਕਿ ਇਸ ਵਿਚ ਲਗਭਗ ਇੱਕ-ਇੱਕ ਸੈਂਟੀਮੀਟਰ ਦੇ ਸਿਰਫ਼ ਦੋ ਛੋਟੇ ਕੱਟ ਲਗਾਏ ਜਾਂਦੇ ਹਨ। ਇੱਕ ਵਿਸ਼ੇਸ਼ ਯੰਤਰ ‘ਆਰਥਰੋਸਕੋਪ’ ਦੀ ਮਦਦ ਨਾਲ ਅੰਦਰੂਨੀ ਹਿੱਸੇ ਨੂੰ ਦੇਖ ਕੇ ਆਪ੍ਰੇਸ਼ਨ ਕੀਤਾ ਜਾਂਦਾ ਹੈ। ਇਸ ਤਕਨੀਕ ਨਾਲ ਮਰੀਜ਼ ਨੂੰ ਬਹੁਤ ਘੱਟ ਦਰਦ ਹੁੰਦਾ ਹੈ ਅਤੇ ਖੂਨ ਦਾ ਵਹਾਅ ਵੀ ਨਾਮਾਤਰ ਹੁੰਦਾ ਹੈ। ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਮਰੀਜ਼ ਬਹੁਤ ਜਲਦੀ ਸਿਹਤਯਾਬ ਹੋ ਕੇ ਆਪਣੀ ਆਮ ਜੀਵਨ ਸ਼ੈਲੀ ਵਿਚ ਵਾਪਸ ਪਰਤ ਸਕਦਾ ਹੈ। ਫਿਰੋਜ਼ਪੁਰ ਮੰਡਲ ਪ੍ਰਸ਼ਾਸਨ ਨੇ ਦੁਹਰਾਇਆ ਹੈ ਕਿ ਉਹ ਭਵਿੱਖ ਵਿਚ ਵੀ ਆਪਣੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਜਿਹੀਆਂ ਵਿਸ਼ਵ ਪੱਧਰੀ ਅਤੇ ਆਧੁਨਿਕ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ।