ਓਬੀਸੀ ਸਮਾਜ ਨੂੰ ਜਾਣਬੁੱਝ ਕੇ ਕੀਤਾ ਜਾ ਪਰੇਸ਼ਾਨ : ਹਾਂਡਾ
ਪੰਜਾਬ ਦੇ ਓਬੀਸੀ ਸਮਾਜ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕਰਨ ਵਾਲੇ ਅਧਿਕਾਰੀਆਂ ਖਿਲਾਫ ਸੂਬਾ ਸਰਕਾਰ ਕਰੇ ਕਾਰਵਾਈ : ਹਰਜਿੰਦਰ ਹਾਂਡਾ, ਰਾਜਵਿੰਦਰ ਖੱਤਰੀਵਾਲਾ
Publish Date: Tue, 13 Jan 2026 05:34 PM (IST)
Updated Date: Tue, 13 Jan 2026 05:36 PM (IST)

ਰਵੀ ਮੌਂਗਾ, ਪੰਜਾਬੀ ਜਾਗਰਣ ਗੁਰੂਹਰਸਹਾਏ : ਪੰਜਾਬ ਵਿਚ 74 ਪੱਛੜੀਆਂ ਜਾਤੀਆਂ ਵਾਲੇ ਓਬੀਸੀ ਸਮਾਜ ਨੂੰ ਆਏ ਦਿਨ ਕਿਸੇ ਨਾ ਕਿਸੇ ਬਹਾਨੇ ਰਿਜਰਵੇਸ਼ਨ ਵਿਰੋਧੀ ਸੋਚ ਵਾਲੇ ਅਧਿਕਾਰੀਆਂ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ, ਪਰ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਓਬੀਸੀ ਸਮਾਜ ਨੂੰ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕਰਨ ਵਾਲੇ ਇਨ੍ਹਾਂ ਸਰਕਾਰੀ ਅਧਿਕਾਰੀਆਂ ਖਿਲਾਫ ਕਦੇ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਕਾਰਨ ਇਹਨਾਂ ਅਧਿਕਾਰੀਆਂ ਦੇ ਹੌਸਲੇ ਏਨੇ ਬੁਲੰਦ ਹੋ ਚੁੱਕੇ ਹਨ ਕਿ ਇਹ ਸੰਵਿਧਾਨ ਦੀ ਪ੍ਰਵਾਹ ਕੀਤੇ ਬਿਨਾਂ ਪੰਜਾਬ ਦੇ ਓਬੀਸੀ ਸਮਾਜ ਦੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਹਰ ਰੋਜ਼ ਨਵੇਂ ਨਵੇਂ ਢੰਗ ਤਰੀਕੇ ਲੱਭ ਲੈਂਦੇ ਹਨ। ਤਾਜ਼ਾ ਘਟਨਾ ਕ੍ਰਮ ਅਨੁਸਾਰ ਬੀਸੀ ਅਤੇ ਓਬੀਸੀ ਰਾਖਵਾਂਕਰਨ ਕੋਟੇ ਦਾ ਲਾਭ ਲੈਣ ਲਈ ਬਣਾਏ ਜਾਂਦੇ ਸਰਟੀਫਿਕੇਟ ਦਾ ਪਰੋਫਾਰਮਾ ਜੋ ਕਿ ਸੁਵਿਧਾ ਸੈਂਟਰ ਵੱਲੋਂ ਉਪਲਬਧ ਕਰਵਾਇਆ ਜਾਂਦਾ ਹੈ, ਦੇ ਫਾਰਮੈਟ ਨਾਲ ਵੱਡੇ ਪੱਧਰ ਉਤੇ ਛੇੜਛਾੜ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਓਬੀਸੀ ਵੈੱਲਫੇਅਰ ਫਰੰਟ ਪੰਜਾਬ ਦੇ ਪ੍ਰਧਾਨ ਹਰਜਿੰਦਰ ਹਾਂਡਾ ਤੇ ਸੂਬਾ ਸਰਪ੍ਰਸਤ ਰਾਜਵਿੰਦਰ ਸਿੰਘ ਖੱਤਰੀਵਾਲਾ ਨੇ ਕਿਹਾ ਕਿ ਅਧਿਕਾਰੀਆਂ ਵੱਲੋਂ ਬੀਸੀ ਅਤੇ ਓਬੀਸੀ ਜਾਤੀ ਦੇ ਸਰਟੀਫਿਕੇਟ ਵਾਲੇ ਪਰੋਫਾਰਮੇ ਨਾਲ ਕੀਤੀ ਛੇੜਛਾੜ ਨੇ ਸਮੁੱਚੇ ਪੰਜਾਬ ਓਬੀਸੀ ਸਮਾਜ ਨੂੰ ਭੰਬਲਭੂਸੇ ਵਿੱਚ ਪਾ ਦਿੱਤਾ ਹੈ। ਸੁਵਿਧਾ ਸੈਂਟਰਾਂ ਵਿਚ ਬੀਸੀ ਅਤੇ ਓਬੀਸੀ ਦਾ ਸਰਟੀਫਿਕੇਟ ਬਨਾਉਣ ਸਮੇਂ ਪ੍ਰਾਰਥੀਆਂ ਤੋਂ ਪਰੋਫਾਰਮੇ ਦੇ ਨਾਲ ਨਾਲ ਸਵੈਘੋਸ਼ਣਾ ਪੱਤਰ ਮੰਗੇ ਜਾ ਰਹੇ ਹਨ ਅਤੇ ਸਵੈ ਘੋਸ਼ਣਾ ਪੱਤਰ ਵਿੱਚ ਪ੍ਰਾਰਥੀ ਦੇ ਪਰਿਵਾਰ ਦੇ ਨਾਲ ਨਾਲ ਉਸਦੇ ਕਰੀਬੀ ਰਿਸ਼ਤੇਦਾਰ ਦੇ ਵੀ ਵੇਰਵੇ ਮੰਗੇ ਜਾ ਰਹੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੇਵਾ ਕੇਂਦਰਾਂ ਵਿੱਚ ਬੀਸੀ ਅਤੇ ਓਬੀਸੀ ਸਰਟੀਫਿਕੇਟ ਬਣਾਉਣ ਵਾਲਾ ਪਰੋਫਾਰਮਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਰਲ ਅਤੇ ਸਪੱਸ਼ਟ ਤਿਆਰ ਕੀਤਾ ਜਾਵੇ, ਸਰਟੀਫਿਕੇਟ ਬਨਾਉਣ ਸਮੇਂ ਸਵੈਂਘੋਸ਼ਣਾ ਪੱਤਰ ਨੂੰ ਲੈਣਾ ਬੰਦ ਕੀਤਾ ਜਾਵੇ ਅਤੇ ਮਨਘੜ੍ਹਤ ਪਰੋਫਾਰਮਾ ਤਿਆਰ ਕਰਨ ਵਾਲੇ ਅਧਿਕਾਰੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਆਰੰਭੀ ਜਾਵੇ ਤਾਂ ਜੋ ਭਵਿੱਖ ਵਿੱਚ ਪੰਜਾਬ ਦੇ ਓਬੀਸੀ ਵਰਗ ਦੇ ਯੋਗ ਉਮੀਦਵਾਰ ਰਾਖਵਾਂਕਰਨ ਦਾ ਵੱਧ ਤੋਂ ਵੱਧ ਲਾਭ ਲੈ ਸਕਣ।