ਰੇਲਵੇ ਸੁਰੱਖਿਆ ਨੂੰ ਲੈ ਕੇ ਕਰਵਾਇਆ ਸੈਮੀਨਾਰ
ਅੰਮ੍ਰਿਤਸਰ ਵਿਖੇ ਰੇਲਵੇ ਸੁਰੱਖਿਆ ਨੂੰ ਲੈ ਕੇ ਵਿਸ਼ੇਸ਼ ਸੈਮੀਨਾਰ
Publish Date: Mon, 23 Feb 2026 06:44 PM (IST)
Updated Date: Mon, 23 Feb 2026 06:46 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਰੇਲਵੇ ਵਿਭਾਗ ਵੱਲੋਂ ਯਾਤਰੀਆਂ ਦੀ ਸੁਰੱਖਿਆ ਅਤੇ ਰੇਲ ਸੰਚਾਲਨ ਨੂੰ ਹੋਰ ਵਧੇਰੇ ਸੁਚਾਰੂ ਬਣਾਉਣ ਦੇ ਮਕਸਦ ਨਾਲ ਅੰਮ੍ਰਿਤਸਰ ਵਿਖੇ ਇੱਕ ਅਹਿਮ ਮੰਡਲ ਪੱਧਰੀ ਸੁਰੱਖਿਆ ਸੰਗੋਸ਼ਠੀ (ਸੈਮੀਨਾਰ) ਦਾ ਆਯੋਜਨ ਕੀਤਾ ਗਿਆ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਹ ਪ੍ਰੋਗਰਾਮ ਅੰਮ੍ਰਿਤਸਰ ਦੇ ‘ਮੰਡਲ ਕੈਰੇਜ ਅਤੇ ਵੈਗਨ ਸਿਖਲਾਈ ਸਕੂਲ’ ਵਿਖੇ ਕਰਵਾਇਆ ਗਿਆ। ਇਸ ਮੌਕੇ ਸੁਰੱਖਿਆ ਵਿਭਾਗ ਦੀ ਟੀਮ ਵੱਲੋਂ ਰੇਲਵੇ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵਿਸਤਾਰ ਵਿਚ ਜਾਣਕਾਰੀ ਦਿੱਤੀ ਗਈ।ਸੈਮੀਨਾਰ ਦੌਰਾਨ ਲੋਕੋ ਪਾਇਲਟ, ਸਹਾਇਕ ਲੋਕੋ ਪਾਇਲਟ, ਪੁਆਇੰਟਸਮੈਨ, ਯਾਰਡ ਸਟਾਫ਼ ਅਤੇ ਟ੍ਰੈਫਿਕ ਸਟਾਫ਼ ਸਮੇਤ ਲਗਭਗ 114 ਰੇਲ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ। ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਅਤੇ ਨਿਗਰਾਨਾਂ ਨੇ ਰੇਲਵੇ ਦੇ ਤਕਨੀਕੀ ਅਤੇ ਸੁਰੱਖਿਆ ਪਹਿਲੂਆਂ ਤੇ ਚਰਚਾ ਕੀਤੀ। ਮੀਟਿੰਗ ਵਿਚ ਹੇਠ ਉਨ੍ਹਾਂ ਨੇ ਕਿਹਾ ਕਿ ਰੇਲ ਗੱਡੀਆਂ ਦੇ ਚੱਲਣ ਸਮੇਂ ਸਿਗਨਲ ਪ੍ਰਣਾਲੀ ਦੀ ਸਖ਼ਤੀ ਨਾਲ ਪਾਲਣਾ ਕਰਨਾ, ਯਾਰਡ ਵਿੱਚ ਰੇਲ ਦੇ ਡੱਬਿਆਂ ਦੀ ਸ਼ੰਟਿੰਗ ਕਰਦੇ ਸਮੇਂ ਪੂਰੀ ਸਾਵਧਾਨੀ ਵਰਤਣੀ, ਡਿਊਟੀ ’ਤੇ ਆਉਣ ਤੋਂ ਪਹਿਲਾਂ ਕਰਮਚਾਰੀਆਂ ਲਈ ਲੋੜੀਂਦੀ ਨੀਂਦ ਅਤੇ ਆਰਾਮ ਯਕੀਨੀ ਬਣਾਉਣਾ ਤਾਂ ਜੋ ਇਕਾਗਰਤਾ ਬਣੀ ਰਹੇ। ਡਿਊਟੀ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਤੋਂ ਬਚਣਾ ਅਤੇ ਸੁਰੱਖਿਆ ਨਿਯਮਾਂ ਨੂੰ ਪਹਿਲ ਦੇਣਾ। ਸੈਮੀਨਾਰ ਦਾ ਇਕ ਖਾਸ ਪਹਿਲੂ ਇਹ ਰਿਹਾ ਕਿ ਇਸ ਵਿਚ ਸਿਰਫ਼ ਅਧਿਕਾਰੀਆਂ ਨੇ ਹੀ ਭਾਸ਼ਣ ਨਹੀਂ ਦਿੱਤੇ, ਸਗੋਂ ਹੇਠਲੇ ਪੱਧਰ ’ਤੇ ਕੰਮ ਕਰ ਰਹੇ ਕਰਮਚਾਰੀਆਂ ਦੇ ਸੁਝਾਅ ਵੀ ਸੁਣੇ ਗਏ। ਰੇਲ ਸੰਚਾਲਨ ਨੂੰ ਹੋਰ ਬਿਹਤਰ ਬਣਾਉਣ ਲਈ ਕਰਮਚਾਰੀਆਂ ਵੱਲੋਂ ਦਿੱਤੀਆਂ ਗਈਆਂ ਸਲਾਹਾਂ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ। ਇਸ ਮੌਕੇ ਸਹਾਇਕ ਮੰਡਲ ਸੁਰੱਖਿਆ ਅਧਿਕਾਰੀ ਬਲੀ ਰਾਮ ਖੇਤਰੀ ਪ੍ਰਬੰਧਕ ਅੰਮ੍ਰਿਤਸਰ, ਜਗਪਾਲ ਸਿੰਘ ਟ੍ਰੈਫਿਕ ਇੰਸਪੈਕਟਰ, ਸਤਨਾਮ ਸਿੰਘ ਬਾਜਵਾ ਅਤੇ ਸਟੇਸ਼ਨ ਸੁਪਰਡੈਂਟ ਅਕਸ਼ੈ ਪਠਾਨੀਆ ਸਮੇਤ ਹੋਰ ਕਈ ਅਧਿਕਾਰੀ ਹਾਜ਼ਰ ਸਨ।