- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੈਰੀਟੋਰੀਅਸ ਸਕੂਲ ਵਿਚ ਆਰਟੀਫੀਸ਼ਲ ਇੰਟੈਲੀਜੈਂਸੀ ਤੇ ਵਿਸ਼ੇਸ਼ ਸੈਮੀਨਾਰ ਆਯੋਜਿਤ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਸਾਰਾਗੜ੍ਹੀ ਮੈਮੋਰੀਅਲ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਫਿਰੋਜ਼ਪੁਰ ਵਿਚ ‘ਆਰਟੀਫੀਸ਼ਲ ਇੰਟੈਲੀਜੈਂਸੀ ਦਾ ਸਿੱਖਿਆ ਦੇ ਖੇਤਰ ’ਚ ਭਵਿੱਖ ਤੇ ਸੁਚੱਜੀ ਵਰਤੋਂ’ ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ ਦਾ ਲਗਾਇਆ ਗਿਆ। ਇਸ ਵਿਚ ਸ਼ਹੀਦ ਭਗਤ ਸਿੰਘ ਯੂਨੀਵਰਸਿਟੀ ਫਿਰੋਜ਼ਪੁਰ ਦੇ ਵਾਈਸ ਚਾਂਸਲਰ ਡਾ. ਸੁਰੇਸ਼ ਕੁਮਾਰ ਸ਼ਰਮਾ ਬਤੌਰ ਮੁੱਖ ਮਹਿਮਾਨ ਤੇ ਮੁੱਖ ਵਕਤਾ ਵਜੋਂ ਪਹੁੰਚੇ, ਉਨ੍ਹਾਂ ਨਾਲ ਯੁਨੀਵਰਸਿਟੀ ਦੇ ਰਜਿਸਟਰਾਰ ਡਾ. ਗ਼ਜ਼ਲਪ੍ਰੀਤ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸਕੂਲ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਰਸਮੀ ਤੌਰ ’ਤੇ ਸਵਾਗਤ ਕਰਦਿਆਂ ਕਿਹਾ ਕਿ ਆਰਟੀਫਿਸ਼ਅਲ ਇੰਟੈਲੀਜੈਸੀ ਦੀ ਵਰਤੋਂ ਵਿਦਿਆਰਥੀ ਵਰਗ ਵਿਚ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ, ਪਰ ਇਸ ਦੀ ਸੁਚੱਜੀ ਵਰਤੋ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਸਮੇਂ ਦੀ ਵੱਡੀ ਜ਼ਰੂਰਤ ਹੈ, ਇਸ ਸਬੰਧੀ ਇਸ ਖੇਤਰ ਵਿਚ ਅੰਤਰਰਾਸ਼ਟਰੀ ਪੱਧਰ ਤੇ ਕੰਮ ਕਰਨ ਵਾਲੀ ਸ਼ਖਸ਼ੀਅਤ ਡਾ. ਸੁਰੇਸ਼ ਸ਼ਰਮਾ ਵੱਲੋਂ ਦਿੱਤੀ ਜਾ ਰਹੀ ਵੱਡਮੁੱਲੀ ਜਾਣਕਾਰੀ ’ਤੇ ਅਮਲ ਕਰਨ ਦੀ ਪ੍ਰੇਰਨਾ ਦਿੱਤੀ। ਡਾ. ਸੁਰੇਸ਼ ਸ਼ਰਮਾ ਨੇ ਆਪਣੇ ਕੁੰਜੀਵਤ ਸੰਬੋਧਨ ਵਿਚ ਦੱਸਿਆ ਕਿ ਅੱਜ ਦੇ ਆਧੁਨਿਕ ਯੁੱਗ ਵਿਚ ਆਰਟੀਫੀਸ਼ਲ ਇੰਟੈਲੀਜੈਂਸੀ (19) ਸਿੱਖਿਆ ਅਤੇ ਰਿਸਰਚ ਦੇ ਖੇਤਰ ਵਿਚ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਹੁਣ ਤੱਕ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ 155 ਤੋਂ ਵੱਧ ਰਿਸਰਚ ਪੇਪਰ ਪ੍ਰਕਾਸ਼ਿਤ ਕਰ ਚੁੱਕੇ ਹਨ ਅਤੇ 40 ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਭਾਗ ਲੈ ਚੁੱਕੇ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਨਾਲ ਸੰਬੰਧਿਤ ਰਿਸਰਚ ਕਾਰਜਾਂ ’ਤੇ ਪੂਰੇ ਵਿਸ਼ਵ ਵਿੱਚ ਲਗਾਤਾਰ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਰਟੀਫਿਸ਼ਲ ਇੰਟੈਲੀਜਂਸੀ ਮਸ਼ੀਨ ਲਰਨਿੰਗ ਅਤੇ ਡੀਪ ਲਰਨਿੰਗ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਜ਼ਿੰਦਗੀ ਦੀਆਂ ਅਨੇਕਾਂ ਉਦਾਹਰਣਾਂ ਦਿੰਦਿਆਂ ਸਿੱਖਿਆ ਪ੍ਰਤੀ ਉਤਸਾਹਿਤ ਕਰਦਿਆਂ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਵੀ ਕੀਤਾ, ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿਚ ਸਖਤ ਮਿਹਨਤ, ਸਵੈ ਅਨੁਸ਼ਾਸਨ ਅਤੇ ਆਤਮ ਵਿਸ਼ਵਾਸ ਨਾਲ ਜ਼ਿੰਦਗੀ ਦੇ ਵਿਚ ਕਿਸੇ ਵੀ ਮੰਜ਼ਿਲ ਅਤੇ ਸਫਲਤਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਗਜ਼ਲਪ੍ਰੀਤ ਸਿੰਘ ਵੀ ਮੌਜ਼ੂਦ ਸਨ। ਉਨ੍ਹਾਂ ਦੇ ਆਪਣੇ ਸੰਬੋਧਨ ਵਿਚ ਸਿੱਖਿਆ ਨੂੰ ਰੁਜ਼ਗਾਰ ਮੁਖੀ ਬਣਾਉਣ ਲਈ ਚੱਲ ਰਹੇ ਵੱਖ-ਵੱਖ ਕੋਰਸਾਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਆਪਣੀ ਰੁਚੀ, ਯੋਗਤਾ ਅਤੇ ਆਰਥਿਕ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਸ਼ਿਆਂ ਦੀ ਚੋਣ ਕਰਨ ਲਈ ਪ੍ਰੇਰਿਤ ਕੀਤਾ। ਸੈਮੀਨਾਰ ਦੌਰਾਨ ਸਕੂਲ ਦੇ ਵਾਈਸ ਪ੍ਰਿੰਸੀਪਲ ਸੁਕੀਰਤੀ ਸ਼ਰਮਾ ਅਤੇ ਲੈਕਚਰਾਰ ਨਵਜੋਤ ਕੌਰ ਨੇ ਵਿਦਿਆਰਥੀਆਂ ਨੂੰ ਸਿੱਖਿਆ ਦੌਰਾਨ ਕਿੱਤਾ ਅਗਵਾਈ ਦੀ ਮਹੱਤਤਾ ਅਤੇ ਕੌਸਲਿੰਗ ਦੀ ਮਹੱਤਤਾ ਤੇ ਚਾਨਣਾ ਪਾਉਂਦਿਆਂ ਪੜ੍ਹਾਈ ਵਿਚ ਸਹੀ ਵਿਸ਼ੇ ਚੁਣ ਕੇ ਸਮੇਂ ਦਾ ਹਾਣੀ ਬਣਨ ਦੀ ਸੇਧ ਦਿੱਤੀ। ਇਸ ਮੌਕੇ ਸੁਕੀਰਤੀ ਸ਼ਰਮਾ, ਗੁਰਪ੍ਰੀਤ ਕੌਰ, ਰੂਪਪ੍ਰੀਤ ਕੌਰ, ਲਕਸ਼ਮੀ, ਗਗਨਦੀਪ ਕੌਰ, ਨਵਜੋਤ ਕੌਰ, ਜਸਵਿੰਦਰ ਸਿੰਘ ਅਤੇ ਮਨੋਜ ਕੁਮਾਰ ਸਮੂਹ ਲੈਕਚਰਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।