ਜੇ ਸਮੇਂ ਸਿਰ ਠੋਸ ਕਦਮ ਨਾ ਚੁੱਕੇ ਗਏ ਤਾਂ ਪੰਜਾਬ ਬਣ ਜਾਵੇਗਾ ਰੇਗਿਸਤਾਨੀ
ਵਿਸ਼ਵ ਜਲ ਦਿਵਸ ’ਤੇ ਵਿਸ਼ੇਸ਼ 22 ਮਾਰਚ 2026
Publish Date: Sat, 21 Mar 2026 04:39 PM (IST)
Updated Date: Sat, 21 Mar 2026 04:43 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫ਼ਿਰੋਜ਼ਪੁਰ : ਗੁਰਬਾਣੀ ਅਨੁਸਾਰ ਪਾਣੀ ਜੀਵਨ ਦਾ ਮੂਲ ਆਧਾਰ ਹੈ। ਧਰਤੀ ’ਤੇ ਸਿਰਫ ਮਨੁੱਖ ਹੀ ਨਹੀਂ, ਸਗੋਂ ਸਮੂਹ ਜੀਵ ਜਗਤ ਪਾਣੀ ’ਤੇ ਨਿਰਭਰ ਹੈ। ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬੇ ਵਿਚ ਸਿੰਚਾਈ ਲਈ 73 ਫੀਸਦੀ ਪਾਣੀ ਭੂ-ਜਲ ਤੋਂ ਅਤੇ 27 ਫੀਸਦੀ ਨਹਿਰਾਂ ਤੋਂ ਲਿਆ ਜਾਂਦਾ ਹੈ। ਹਾਲਾਂਕਿ ਪੰਜਾਬ ਦੇਸ਼ ਦੇ ਅੰਨ ਭੰਡਾਰ ਵਿਚ ਵੱਡਾ ਯੋਗਦਾਨ ਪਾਉਂਦਾ ਹੈ, ਪਰ ਕੁਦਰਤੀ ਸਰੋਤਾਂ ਦੀ ਅਣਦੇਖੀ ਭਵਿੱਖ ਲਈ ਖਤਰਾ ਬਣ ਸਕਦੀ ਹੈ। ਵਧੇਰੇ ਪੈਦਾਵਾਰ ਦੀ ਦੌੜ ਵਿਚ ਜੇ ਪਾਣੀ ਦੀ ਬੇਤਹਾਸ਼ਾ ਵਰਤੋਂ ਜਾਰੀ ਰਹੀ ਤਾਂ ਨਤੀਜੇ ਗੰਭੀਰ ਹੋਣਗੇ। ਦੁਨੀਆਂ ਭਰ ਵਿਚ ਅਜੇ ਵੀ ਲਗਭਗ 800 ਮਿਲੀਅਨ ਲੋਕ ਸਾਫ ਪੀਣਯੋਗ ਪਾਣੀ ਤੋਂ ਵਾਂਝੇ ਹਨ, ਜੋ ਚਿੰਤਾ ਦੀ ਗੱਲ ਹੈ। ਪੰਜਾਬ ਜੋ ਪੰਜ ਦਰਿਆਵਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ, ਕਦੇ ਟੋਬਿਆਂ, ਤਲਾਬਾਂ, ਖੂਹਾਂ ਅਤੇ ਛੱਪੜਾਂ ਨਾਲ ਸਮਰਿੱਥ ਸੀ, ਪਰ ਅੱਜ ਇਹ ਕੁਦਰਤੀ ਧਰੋਹਰ ਘਟਦੀ ਜਾ ਰਹੀ ਹੈ। ਆਧੁਨਿਕ ਤਰੀਕਿਆਂ ਨੇ ਸਹੂਲਤਾਂ ਤਾਂ ਦਿੱਤੀਆਂ ਹਨ, ਪਰ ਨਾਲ ਹੀ ਪਾਣੀ ਦੀ ਬੇਕਦਰੀ ਵੀ ਵਧਾਈ ਹੈ। ਡਾ. ਸਤਿੰਦਰ ਸਿੰਘ ਪੀਈਐੱਸ ਸਟੇਟ ਤੇ ਨੈਸ਼ਨਲ ਅਵਾਰਡੀ ਪ੍ਰਿੰਸੀਪਲ ਹਾਲੀਆ ਵਰ੍ਹਿਆਂ ਵਿੱਚ ਪਾਣੀ ਦੀ ਤੇਜ਼ੀ ਨਾਲ ਘਟਦੀ ਉਪਲਬਧਤਾ ਨੇ ਚਿੰਤਾ ਵਧਾ ਦਿੱਤੀ ਹੈ। ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਜੇ ਸਮੇਂ ਸਿਰ ਠੋਸ ਕਦਮ ਨਾ ਚੁੱਕੇ ਗਏ ਤਾਂ ਪੰਜਾਬ ਭਵਿੱਖ ਵਿੱਚ ਰੇਗਿਸਤਾਨੀ ਹਾਲਾਤਾਂ ਵੱਲ ਵੱਧ ਸਕਦਾ ਹੈ। ਲਗਭਗ 25 ਸਾਲ ਪਹਿਲਾਂ ਮਾਲਵਾ ਖੇਤਰ ਵਿੱਚ ਕਿਸਾਨ 35 ਤੋਂ 40 ਫੁੱਟ ਦੀ ਗਹਿਰਾਈ ‘ਤੇ ਹੀ ਬੋਰ ਕਰਕੇ ਪਾਣੀ ਪ੍ਰਾਪਤ ਕਰ ਲੈਂਦੇ ਸਨ, ਪਰ ਅੱਜ 350 ਤੋਂ 450 ਫੁੱਟ ਤੱਕ ਦੇ ਸਬਮਰਸੀਬਲ ਪੰਪ ਲਗਾਉਣੇ ਪੈਂਦੇ ਹਨ। ਪੰਜਾਬ ਵਿੱਚ ਲਗਭਗ ਪੂਰੀ ਜ਼ਮੀਨ ਸਿੰਚਾਈ ਹੇਠ ਹੈ, ਪਰ ਦਰਿਆ ਅਤੇ ਨਹਿਰਾਂ ਦੀ ਮੌਜ਼ੂਦਗੀ ਦੇ ਬਾਵਜੂਦ 70 ਪ੍ਰਤੀਸ਼ਤ ਤੋਂ ਵੱਧ ਸਿੰਚਾਈ ਭੂ-ਜਲ ਰਾਹੀਂ ਕੀਤੀ ਜਾ ਰਹੀ ਹੈ। ਰਾਜ ਵਿਚ ਕਰੀਬ 30 ਲੱਖ ਹੈਕਟੇਅਰ ਜ਼ਮੀਨ ’ਤੇ ਝੋਨੇ ਦੀ ਫ਼ਸਲ ਉਗਾਈ ਜਾਂਦੀ ਹੈ, ਜਿਸ ਦੀ ਸਿੰਚਾਈ ਲਈ 11.68 ਲੱਖ ਟਿਊਬਵੈੱਲ ਵਰਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸੂਬੇ ਵਿੱਚ ਜ਼ਮੀਨੀ ਪਾਣੀ ਨੂੰ 145 ਪ੍ਰਤੀਸ਼ਤ ਦੀ ਦਰ ਨਾਲ ਖਿੱਚਿਆ ਜਾ ਰਿਹਾ ਹੈ, ਜੋ ਕਿ ਬਹੁਤ ਹੀ ਚਿੰਤਾਜਨਕ ਹੈ। ਕੁੱਲ 138 ਬਲਾਕਾਂ ਵਿੱਚੋਂ 110 ਬਲਾਕ ਅਜਿਹੇ ਹਨ ਜਿੱਥੇ ਪਾਣੀ ਦੀ ਖਪਤ ਖ਼ਤਰੇ ਦੀ ਹੱਦ ਤੋਂ ਵੀ ਵੱਧ ਹੋ ਚੁੱਕੀ ਹੈ। ਪਰਮਿੰਦਰ ਸਿੰਘ ਜੱਜ, ਡਾਇਰੈਕਟਰ ਕਿਸਾਨ ਆਊਟਲੈਟ ਫਿਰੋਜ਼ਪੁਰ ਪਾਣੀ ਮਨੁੱਖੀ ਜੀਵਨ ਦੇ ਹਰ ਪੱਖ ਨਾਲ ਗਹਿਰਾਈ ਨਾਲ ਜੁੜਿਆ ਹੋਇਆ ਹੈ। ਇਹ ਨਾ ਸਿਰਫ਼ ਸਮਾਜਿਕ ਅਤੇ ਸਭਿਆਚਾਰਕ ਤਰੱਕੀ ਦਾ ਆਧਾਰ ਹੈ, ਸਗੋਂ ਵਾਤਾਵਰਣ ਦੀ ਸੰਤੁਲਨਤਾ, ਕੁਦਰਤੀ ਪ੍ਰਣਾਲੀਆਂ ਦੀ ਸਥਿਰਤਾ, ਦੇਸ਼ ਦੀ ਆਰਥਿਕ ਮਜ਼ਬੂਤੀ ਅਤੇ ਸਿਹਤਮੰਦ ਜੀਵਨ ਲਈ ਵੀ ਬੇਹੱਦ ਜਰੂਰੀ ਹੈ। ਇਸਦੀ ਮਹੱਤਤਾ ਦੇ ਬਾਵਜੂਦ ਅਸੀਂ ਇਸ ਕੀਮਤੀ ਦਾਤ ਦੀ ਸੰਭਾਲ ਕਰਨ ਦੀ ਬਜਾਏ ਇਸਦੀ ਅਣਗਹਿਲੀ ਕਰ ਰਹੇ ਹਾਂ, ਜਿਸ ਕਾਰਨ ਪਾਣੀ ਦੀ ਉਪਲਬਧਤਾ ਅਤੇ ਗੁਣਵੱਤਾ ਦੋਵਾਂ ਵਿਚ ਘਾਟ ਆ ਰਹੀ ਹੈ। ਭਾਵੇਂ ਪਾਣੀ ਦਾ ਸੰਕਟ ਵਿਸ਼ਵ ਪੱਧਰ ’ਤੇ ਹੈ, ਪਰ ਸਾਡੇ ਦੇਸ਼ ਵਿਚ ਇਹ ਸਮੱਸਿਆ ਹੋਰ ਵੀ ਗੰਭੀਰ ਰੂਪ ਧਾਰ ਚੁੱਕੀ ਹੈ। ਕਮਜ਼ੋਰ ਜਲ ਨੀਤੀਆਂ ਅਤੇ ਗਲਤ ਵਰਤੋਂ ਦੇ ਤਰੀਕਿਆਂ ਨੇ ਹਾਲਾਤਾਂ ਨੂੰ ਹੋਰ ਬਦਤਰ ਕਰ ਦਿੱਤਾ ਹੈ। ਜਲ ਸਰੋਤ ਤੇਜ਼ੀ ਨਾਲ ਸੁੱਕ ਰਹੇ ਹਨ ਅਤੇ ਆਜ਼ਾਦੀ ਤੋਂ ਬਾਅਦ ਦੇ ਸਾਲਾਂ ਵਿੱਚ ਖੇਤੀਬਾੜੀ ਸਿੰਚਾਈ ਅਤੇ ਪੀਣ ਵਾਲੇ ਪਾਣੀ ਦੀ ਕਮੀ ਕਈ ਗੁਣਾ ਵੱਧ ਗਈ ਹੈ। ਕੁਦਰਤੀ ਸੰਸਾਧਨਾਂ ਦੀ ਰੱਖਿਆ ਕਰਨ ਦੀ ਥਾਂ ਮਨੁੱਖ ਪਦਾਰਥਵਾਦੀ ਸੋਚ ਵੱਲ ਵੱਧ ਗਿਆ ਹੈ, ਜਿੱਥੇ ਲਾਭ ਕਮਾਉਣ ਦੀ ਦੌੜ ਵਿੱਚ ਜਲ ਸਰੋਤਾਂ ਦੀ ਬੇਹਿਸਾਬ ਖਪਤ ਕੀਤੀ ਗਈ ਹੈ। ਇਸਦਾ ਨਤੀਜਾ ਇਹ ਨਿਕਲਿਆ ਹੈ ਕਿ ਦੇਸ਼ ਦੇ ਵੱਡੇ ਹਿੱਸੇ ਵਿੱਚ ਪਾਣੀ ਦੇ ਭੰਡਾਰ ਘੱਟ ਚੁੱਕੇ ਹਨ। ਇੰਦਰਜੀਤ ਸਿੰਘ ਸਿੱਧੂ, ਡਾਇਰੈਕਟਰ ਕਿਸਾਨ ਆਊਟਲੈਟ ਫਿਰੋਜ਼ਪੁਰ ਵਿਸ਼ਵ ਪੱਧਰ ’ਤੇ ਪਾਣੀ ਦਾ ਸੰਕਟ ਦਿਨੋਂ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਦੁਨੀਆ ਦੀ ਵੱਡੀ ਅਬਾਦੀ ਪਾਣੀ ਦੀ ਘਾਟ ਨਾਲ ਜੂਝ ਰਹੀ ਹੈ। ਅੱਜ ਮਨੁੱਖ ਪਾਣੀ ਦੀ ਸੰਭਾਲ ਕਰਨ ਦੀ ਬਜਾਏ ਉਸਦਾ ਗਲਤ ਇਸਤੇਮਾਲ ਵੱਧ ਕਰ ਰਿਹਾ ਹੈ ਅਤੇ ਨਦੀਆਂ ਤੇ ਹੋਰ ਜਲ ਸਰੋਤਾਂ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ। ਇਸ ਕਰਕੇ ਸਾਫ਼ ਪਾਣੀ ਦੀ ਰੱਖਿਆ ਅਤੇ ਇਸਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਤੁਰੰਤ ਕਦਮ ਚੁੱਕਣ ਬਹੁਤ ਜਰੂਰੀ ਹਨ। ਪੰਜਾਬ ਜਿਸਨੂੰ ਕਦੇ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ, ਅੱਜ ਪਾਣੀ ਦੀ ਕਮੀ ਅਤੇ ਪ੍ਰਦੂਸ਼ਣ ਦੀ ਭਾਰੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਹਾਲਾਤ ਇਹ ਹਨ ਕਿ ਲੋਕਾਂ ਨੂੰ ਪੀਣ ਲਈ ਵੀ ਪਾਣੀ ਖਰੀਦਣਾ ਪੈਂਦਾ ਹੈ। ਇੱਥੋਂ ਤੱਕ ਕਿ ਗਰਮੀ ਦੇ ਮੌਸਮ ਵਿੱਚ ਕਈ ਬੇਸਹਾਰਾ ਪੰਛੀ ਵੀ ਪਾਣੀ ਦੀ ਕਮੀ ਕਾਰਨ ਆਪਣੀ ਜਾਨ ਗੁਆ ਬੈਠਦੇ ਹਨ। ਇਹ ਸਥਿਤੀ ਸਾਨੂੰ ਗੰਭੀਰਤਾ ਨਾਲ ਸੋਚਣ ਅਤੇ ਕਾਰਵਾਈ ਕਰਨ ਲਈ ਮਜ਼ਬੂਰ ਕਰਦੀ ਹੈ।ਜੇ ਮਨੁੱਖ ਸਮੇਂ ਰਹਿੰਦੇ ਜਾਗਰੂਕ ਨਾ ਹੋਇਆ, ਤਾਂ ਭਵਿੱਖ ਵਿੱਚ ਪਾਣੀ ਦੀ ਕਮੀ ਵੱਡੇ ਸੰਘਰਸ਼ਾਂ ਦਾ ਕਾਰਣ ਬਣ ਸਕਦੀ ਹੈ, ਇੱਥੋਂ ਤੱਕ ਕਿ ਵਿਸ਼ਵ ਪੱਧਰ ’ਤੇ ਟਕਰਾਅ ਵੀ ਹੋ ਸਕਦਾ ਹੈ। ਭੁਪਿੰਦਰ ਸਿੰਘ ਸੰਧੂ, ਮੈਨੇਜਿੰਗ ਡਾਇਰੈਕਟਰ ਕਲਾਸੀਕ ਕੈਸਲ, ਗ੍ਰੀਨ ਫੀਲਡ ਰਿਜੋਰਟਸ ਸਾਡੇ ਗੁਰੂ ਸਾਹਿਬਾਨਾਂ ਨੇ ਪਾਣੀ ਨੂੰ ਪਿਤਾ ਦਾ ਦਰਜਾ ਦੇ ਕੇ ਇਸਦੀ ਮਹਾਨਤਾ ਨੂੰ ਉੱਚਾ ਸਥਾਨ ਦਿੱਤਾ ਹੈ ਅਤੇ ਅਨੇਕਾਂ ਉਦਾਹਰਣਾਂ ਰਾਹੀਂ ਇਸਦੀ ਮਹੱਤਤਾ ਸਮਝਾਈ ਹੈ। ਪਰ ਅੱਜ ਇਹ ਸੋਚਣ ਦੀ ਲੋੜ ਹੈ ਕਿ ਅਸੀਂ ਪਾਣੀ ਦੀ ਸੰਭਾਲ ਲਈ ਕਿੰਨੇ ਜ਼ਿੰਮੇਵਾਰ ਹਾਂ। ਅਸੀਂ ਪਾਣੀ ਬਚਾਉਣ ਦੀ ਗੱਲ ਤਾਂ ਕਰਦੇ ਹਾਂ, ਪਰ ਅਸਲ ਵਿੱਚ ਪਾਣੀ ਨਾਲ ਪਿਆਰ ਅਤੇ ਉਸਦੀ ਕਦਰ ਕਰਨੀ ਹੋਰ ਵੀ ਜ਼ਰੂਰੀ ਹੈ। ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਘਟ ਰਿਹਾ ਹੈ ਅਤੇ ਉਦਯੋਗਿਕ ਪ੍ਰਦੂਸ਼ਣ ਨੇ ਜਲ ਸਰੋਤਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਲੋਕ ਡੂੰਘੀਆਂ ਸਬਮਰਸੀਬਲ ਮੋਟਰਾਂ ਨਾਲ ਬੇਤਹਾਸ਼ਾ ਪਾਣੀ ਖਿੱਚ ਰਹੇ ਹਨ, ਪਰ ਕੁਦਰਤ ਵੱਲੋਂ ਮਿਲੀਆਂ ਨਹਿਰਾਂ, ਦਰਿਆਵਾਂ ਅਤੇ ਮੀਂਹ ਦੇ ਪਾਣੀ ਨੂੰ ਸੰਭਾਲਣ ਵੱਲ ਧਿਆਨ ਨਹੀਂ ਦੇ ਰਹੇ।