ਧਰਤੀ ਮਾਂ ਦੀ ਸੰਭਾਲ ਲਈ ਸੰਜੀਦਾ ਹੋ ਕੰਮ ਕਰਨਾ ਸਭ ਦੀ ਇਖਲਾਕੀ ਜ਼ਿੰਮੇਵਾਰੀ
ਵਿਸ਼ਵ ਧਰਤੀ ਦਿਵਸ ’ਤੇ ਵਿਸ਼ੇਸ਼
Publish Date: Tue, 21 Apr 2026 05:37 PM (IST)
Updated Date: Tue, 21 Apr 2026 05:40 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਧਰਤੀ ਸਿਰਫ ਇਕ ਗ੍ਰਹਿ ਨਹੀਂ, ਸਗੋਂ ਮਨੁੱਖੀ ਜੀਵਨ ਦੀ ਨੀਂਹ ਹੈ। ਧਰਤੀ ਬ੍ਰਹਿਮੰਡ ਦੇ ਅਨੇਕਾਂ ਗ੍ਰਹਿਆਂ ਵਿੱਚੋਂ ਇਹੋ ਇਕ ਹੈ ਜਿੱਥੇ ਜੀਵਨ ਸੰਭਵ ਹੋਇਆ ਹੈ। ਮਨੁੱਖ, ਪਸ਼ੂ-ਪੰਛੀ, ਰੁੱਖ-ਬੂਟੇ ਅਤੇ ਜਨ-ਜੀਵਨ ਇਕ ਦੂਜੇ ਨਾਲ ਗਹਿਰੇ ਤੌਰ ’ਤੇ ਜੁੜੇ ਹੋਏ ਹਨ। ਇਹ ਸਾਰੇ ਤੱਤ ਮਿਲ ਕੇ ਕੁਦਰਤ ਦਾ ਸੰਤੁਲਨ ਬਣਾਈ ਰੱਖਦੇ ਹਨ। ਧਰਤੀ ਮਾਂ ਵਾਂਗ ਸਾਰੇ ਜੀਵਾਂ ਨੂੰ ਪਾਲਦੀ ਹੈ, ਪਰ ਅੱਜ ਇਸਦੀ ਸਿਹਤ ਖਤਰੇ ਵਿਚ ਹੈ। ਅੱਜ ਵਿਸ਼ਵ ਵਾਤਾਵਰਣ ਵਿਚ ਹੋ ਰਿਹਾ ਬਦਲਾਅ ਬੇਹੱਦ ਚਿੰਤਾਜਨਕ ਵਿਸ਼ਾ ਹੈ। ਅਮਰੀਕ ਸਿੰਘ ਜ਼ਿਲ੍ਹਾ ਲੋਕ ਸੰਪਰਕ ਅਫਸਰ ਫਰੀਦਕੋਟ ਦਾ ਮੰਨਣਾ ਹੈ ਕਿ ਧਰਤੀ ਨੂੰ ਬਚਾਉਣ ਲਈ ਸਾਨੂੰ ਅਮਲੀ ਕਦਮ ਚੁੱਕਣੇ ਪੈਣਗੇ। ਵੱਧ ਤੋਂ ਵੱਧ ਦਰੱਖਤ ਲਗਾਉਣ, ਪਲਾਸਟਿਕ ਦੀ ਵਰਤੋਂ ਘਟਾਉਣ, ਵਾਹਨਾਂ ਦੀ ਸੰਖਿਆ ਘਟਾਉਣ ਅਤੇ ਬਿਜਲੀ ਦੀ ਬਚਤ ਵਰਗੇ ਛੋਟੇ ਕਦਮ ਵੱਡਾ ਬਦਲਾਅ ਲਿਆ ਸਕਦੇ ਹਨ। ਅੰਤ ਵਿਚ ਧਰਤੀ ਦੀ ਸੰਭਾਲ ਸਿਰਫ ਸਰਕਾਰਾਂ ਦੀ ਨਹੀਂ, ਸਗੋਂ ਹਰ ਇਕ ਵਿਅਕਤੀ ਦੀ ਜ਼ਿੰਮੇਵਾਰੀ ਹੈ। ਸਾਨੂੰ ਆਪਣੇ ਘਰ ਤੋਂ ਹੀ ਇਸਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਪਾਣੀ ਬਚਾਉਣਾ, ਰੁੱਖ ਲਗਾਉਣਾ, ਪ੍ਰਦੂਸ਼ਣ ਘਟਾਉਣਾ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਕਰਨੀ।ਧਰਤੀ ਦਿਵਸ ਸਾਨੂੰ ਇਹ ਸਿੱਖ ਦਿੰਦਾ ਹੈ ਕਿ ਜੇ ਅਸੀਂ ਅੱਜ ਜਾਗਰੂਕ ਹੋ ਜਾਵਾਂਗੇ ਤਾਂ ਹੀ ਭਵਿੱਖ ਦੀਆਂ ਪੀੜ੍ਹੀਆਂ ਨੂੰ ਇੱਕ ਸੁੱਚੀ, ਹਰੀ-ਭਰੀ ਅਤੇ ਸਿਹਤਮੰਦ ਧਰਤੀ ਮਿਲੇਗੀ। ................ ਡਾ. ਸਤਿੰਦਰ ਸਿੰਘ ਪ੍ਰਿੰਸੀਪਲ, ਨੈਸ਼ਨਲ ਐਵਾਰਡੀ ਅਨੁਸਾਰ ਦੁਨੀਆਂ ਦੇ 800 ਕਰੋੜ ਤੋਂ ਵੱਧ ਲੋਕ ਧਰਤੀ ’ਤੇ ਨਿਰਭਰ ਹਨ। ਕੁਦਰਤ ਨੇ ਮਨੁੱਖ ਨੂੰ ਸੁੱਧ ਹਵਾ, ਪਾਣੀ ਤੇ ਰੌਸ਼ਨੀ ਵਰਗੇ ਅਨਮੋਲ ਤੋਹਫੇ ਦਿੱਤੇ ਹਨ। ਧਾਰਮਿਕ ਗ੍ਰੰਥਾਂ ਵਿੱਚ ਵੀ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ, ਪਰ ਮਨੁੱਖੀ ਲਾਲਚ ਨੇ ਇਸਨੂੰ ਪ੍ਰਦੂਸ਼ਿਤ ਕਰ ਦਿੱਤਾ ਹੈ। ਇਸ ਲਈ 22 ਅਪ੍ਰੈਲ ਨੂੰ ਮਨਾਇਆ ਜਾਣ ਵਾਲਾ ਧਰਤੀ ਦਿਵਸ ਸਾਨੂੰ ਆਪਣੀ ਜ਼ਿੰਮੇਵਾਰੀ ਯਾਦ ਕਰਵਾਉਂਦਾ ਹੈ।ਸਕੂਲਾਂ ਅਤੇ ਕਾਲਜਾਂ ਵਿਚ ਸੈਮੀਨਾਰਾਂ, ਭਾਸ਼ਣ ਮੁਕਾਬਲਿਆਂ ਅਤੇ ਜਾਗਰੂਕਤਾ ਰੈਲੀਆਂ ਰਾਹੀਂ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ। ਪਰ ਇਹ ਯਤਨ ਸਿਰਫ ਇਕ ਦਿਨ ਤੱਕ ਸੀਮਿਤ ਨਹੀਂ ਰਹਿਣੇ ਚਾਹੀਦੇ।ਧਰਤੀ ਨੂੰ ਸੁਰੱਖਿਅਤ ਰੱਖਣ ਲਈ ਪ੍ਰਦੂਸ਼ਣ ਅਤੇ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਨੂੰ ਰੋਕਣ ਲਈ ਜਾਗਰੂਕਤਾ ਪੈਦਾ ਕਰਨ ਲਈ ਜਾਗਰੂਕਤਾ ਪ੍ਰੋਗਰਾਮ ਕਰਨ ਦੇ ਯਤਨ ਕੀਤੇ ਜਾਣ ਦੀ ਲੋੜ ਹੈ, ਤਾਂ ਜੋ ਧਰਤੀ ਖੁਸ਼ਹਾਲ ਅਤੇ ਸਿਹਤਮੰਦ ਰਹਿ ਸਕੇ। ................ ਡਾ. ਆਰਐੱਸ ਸੰਧੂ, ਡਾਇਰੈਕਟਰ ਸੰਧੂ ਹਸਪਤਾਲ ਫਿਰੋਜ਼ਪੁਰ, ਹਵਾ ਅਤੇ ਪਾਣੀ ਦਾ ਪ੍ਰਦੂਸ਼ਣ ਮਨੁੱਖੀ ਸਿਹਤ ਲਈ ਖਤਰਾ ਬਣ ਚੁੱਕਾ ਹੈ। ਉਦਯੋਗਿਕ ਧੂੰਆਂ, ਵਾਹਨਾਂ ਦੀ ਗੈਸ ਅਤੇ ਖੇਤੀ ਵਿੱਚ ਰਸਾਇਨਕ ਪਦਾਰਥਾਂ ਦੀ ਅੰਨ੍ਹੇਵਾਹ ਵਰਤੋਂ ਨਾਲ ਬਿਮਾਰੀਆਂ ਵੱਧ ਰਹੀਆਂ ਹਨ। ਪਰਾਲੀ ਸਾੜਨ ਵਰਗੀਆਂ ਪ੍ਰਥਾਵਾਂ ਵੀ ਵਾਤਾਵਰਣ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ।ਹਵਾ ਵਿਚ ਨਾਈਟਰੋਜਨ ਆਕਸਾਈਡ ਕਾਰਬਨ ਡਾਈਆਂਕਸਾਈਡ, ਸਲਫਰਡਾਈਆਕਸਾਈਡ ਅਤੇ ਕਲੌਰੋ ਫਲੋਰੋ ਕਾਰਬਨ ਵਰਗੀਆਂ ਜ਼ਹਿਰੀਲੀਆਂ ਗੈਸਾ ਦੀ ਵੱਧਦੀ ਮਾਤਰਾ ਕਰਨ ਅਨੇਕਾ ਲਾਇਲਾਜ ਬਿਮਾਰੀਆ ਤੋਂ ਪੀੜਤ ਲੋਕਾਂ ਦੀ ਗਿਣਤੀ ਤੇਜੀ ਨਾਲ ਵੱਧ ਰਹੀ ਹੈ। ਮਨੁੱਖੀ ਗਲਤੀਆਂ ਦੇ ਕਾਰਨ ਫੈਲ ਰਹੀਆਂ ਮਹਾਂਮਾਰੀਆਂ ਦਾ ਸਾਹਮਣਾ ਪੂਰੇ ਵਿਸ਼ਵ ਨੂੰ ਕਰਨਾ ਪੈ ਰਿਹਾ ਹੈ। ਹਵਾਂ ਪ੍ਰਦਸ਼ਨ ਦੇ ਕਾਰਨ ਮਨੁੱਖਤਾ ਦੀ ਅਰੋਗਤਾ ਨੂੰ ਬਹੁਤ ਵੱਡਾ ਧੱਕਾ ਲੱਗਿਆ ਹੈ। .............. ਬਲਜੀਤ ਕੌਰ ਬੰਗੜ ਡਾਇਰੈਕਟਰ, ਬੰਗੜ ਸੁਪਰ ਸਪੈਸ਼ਲਿਟੀ ਹਸਪਤਾਲ ਫਿਰੋਜ਼ਪੁਰ ਅਨੁਸਾਰ ਪਾਣੀ ਦੀ ਸੰਭਾਲ ਸਭ ਤੋਂ ਵੱਡੀ ਚੁਣੌਤੀ ਹੈ। ਧਰਤੀ ’ਤੇ ਪਾਣੀ ਦੀ ਭਰਮਾਰ ਹੋਣ ਦੇ ਬਾਵਜੂਦ ਸਾਫ਼ ਪਾਣੀ ਦੀ ਘਾਟ ਵੱਧ ਰਹੀ ਹੈ। ਭੂਗਰਭ ਜਲ ਪੱਧਰ ਲਗਾਤਾਰ ਘੱਟ ਰਿਹਾ ਹੈ ਅਤੇ ਜਲ ਸਰੋਤ ਪ੍ਰਦੂਸ਼ਿਤ ਹੋ ਰਹੇ ਹਨ। ਇਸ ਲਈ ਪਾਣੀ ਦੀ ਹਰ ਬੂੰਦ ਦੀ ਕਦਰ ਕਰਨੀ ਲਾਜ਼ਮੀ ਹੈ। ਉਨ੍ਹਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਜੰਗਲਾਂ ਦੀ ਕਟਾਈ ਨਾਲ ਵਾਤਾਵਰਣ ਸੰਤੁਲਨ ਖਰਾਬ ਹੋ ਰਿਹਾ ਹੈ। ਜੰਗਲਾਂ ਦਾ ਖੇਤਰ ਘਟ ਕੇ ਖਤਰੇ ਦੇ ਪੱਧਰ ’ਤੇ ਪਹੁੰਚ ਗਿਆ ਹੈ, ਜੋ ਚਿੰਤਾਜਨਕ ਹੈ। ਵਧਦਾ ਤਾਪਮਾਨ ਅਤੇ ਗਲੋਬਲ ਵਾਰਮਿੰਗ ਦੇ ਪ੍ਰਭਾਵ ਸਪੱਸ਼ਟ ਦਿਖਾਈ ਦੇ ਰਹੇ ਹਨ। ਗਲੇਸ਼ੀਅਰ ਪਿਘਲ ਰਹੇ ਹਨ, ਸਮੁੰਦਰੀ ਪੱਧਰ ਵੱਧ ਰਿਹਾ ਹੈ ਅਤੇ ਖੇਤੀ ’ਤੇ ਵੀ ਇਸਦਾ ਨਕਾਰਾਤਮਕ ਅਸਰ ਪੈ ਰਿਹਾ ਹੈ।