ਨੇਕ ਦਿਲ ਤੇ ਮਿਲਾਪੜੇ ਸੁਭਾਅ ਦੇ ਮਾਲਕ ਸਨ ਮਾਤਾ ਲਾਜਵੰਤ ਕੌਰ
ਭੋਗ ’ਤੇ ਵਿਸ਼ੇਸ਼ ਭੋਗ ’ਤੇ ਵਿਸ਼ੇਸ਼ ਭੋਗ ’ਤੇ ਵਿਸ਼ੇਸ਼ ਭੋਗ ’ਤੇ ਵਿਸ਼ੇਸ਼
Publish Date: Tue, 21 Apr 2026 05:27 PM (IST)
Updated Date: Tue, 21 Apr 2026 05:31 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਮਨੁੱਖ ਦੇ ਜਾਣ ਤੋਂ ਬਾਅਦ ਉਸ ਦੇ ਚੰਗੇ ਕਰਮ ਅਤੇ ਮਿੱਠਾ ਸੁਭਾਅ ਹੀ ਦੁਨੀਆਂ ਵਿਚ ਯਾਦ ਰਹਿ ਜਾਂਦਾ ਹੈ। ਅਜਿਹੀ ਹੀ ਇਕ ਸਤਿਕਾਰਯੋਗ ਸ਼ਖਸੀਅਤ ਸਨ ਸਵਰਗਵਾਸੀ ਮਾਤਾ ਲਾਜਵੰਤ ਕੌਰ, ਜੋ ਆਪਣੇ ਪਿੱਛੇ ਪਿਆਰ ਅਤੇ ਨਿੱਘੀਆਂ ਯਾਦਾਂ ਦਾ ਵਡਮੁੱਲਾ ਸਰਮਾਇਆ ਛੱਡ ਗਏ ਹਨ। ਉਹ ਬੇਹੱਦ ਮਿਲਾਪੜੇ ਸੁਭਾਅ ਦੇ ਮਾਲਕ ਸਨ ਅਤੇ ਇਲਾਕੇ ਵਿਚ ਉਨ੍ਹਾਂ ਦਾ ਇੰਨਾ ਸਤਿਕਾਰ ਸੀ ਕਿ ਹਰ ਕੋਈ ਕੋਈ ਵੀ ਅਹਿਮ ਕੰਮ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਸਲਾਹ ਲੈਣੀ ਜ਼ਰੂਰੀ ਸਮਝਦਾ ਸੀ। ਮਾਤਾ ਲਾਜਵੰਤ ਕੌਰ ਦਾ ਜਨਮ ਫਿਰੋਜ਼ਪੁਰ ਸ਼ਹਿਰ ਦੀ ਬਸਤੀ ਕੰਬੋਜ਼ ਨਗਰ ਵਿਖੇ ਪਿਤਾ ਝੰਡਾ ਸਿੰਘ ਅਤੇ ਮਾਤਾ ਹੁਕਮ ਕੌਰ ਦੇ ਗ੍ਰਹਿ ਵਿਖੇ ਹੋਇਆ। ਦੇਸ਼ ਦੀ ਵੰਡ ਦੇ ਕਾਲੇ ਦੌਰ ਸਮੇਂ ਉਹ ਮਹਿਜ਼ ਦੋ ਸਾਲ ਦੇ ਸਨ। ਛੇ ਭੈਣ-ਭਰਾਵਾਂ ਦੇ ਭਰੂ-ਪੂਰੇ ਪਰਿਵਾਰ ਵਿਚ ਉਨ੍ਹਾਂ ਦਾ ਬਚਪਨ ਕੰਬੋਜ਼ ਨਗਰ ਦੀਆਂ ਗਲੀਆਂ ਵਿਚ ਖੇਡਦਿਆਂ ਬੀਤਿਆ। ਉਨ੍ਹਾਂ ਦਾ ਵਿਆਹ ਜੀਤ ਸਿੰਘ ਨਾਲ ਹੋਇਆ। ਮਾਤਾ ਜੀ ਦਾ ਜੀਵਨ ਅਧਿਆਤਮਿਕਤਾ ਨਾਲ ਓਤ-ਪੋਤ ਸੀ। ਉਹ ਹਮੇਸ਼ਾ ਗੁਰਬਾਣੀ ਦੇ ਲੜ ਲੱਗੇ ਰਹੇ ਅਤੇ ਆਪਣੇ ਬੱਚਿਆਂ ਨੂੰ ਵੀ ਉੱਚੇ ਨੈਤਿਕ ਮੁੱਲਾਂ ਦੀ ਸਿੱਖਿਆ ਦਿੱਤੀ। ਉਨ੍ਹਾਂ ਦੇ ਪਰਿਵਾਰ ਵਿਚ ਪੰਜ ਧੀਆਂ ਅਤੇ ਦੋ ਪੁੱਤਰ ਹਨ। ਉਨ੍ਹਾਂ ਦਾ ਵੱਡਾ ਸਪੁੱਤਰ ਭਾਰਤੀ ਫੌਜ ਵਿਚ ਦੇਸ਼ ਦੀ ਸੇਵਾ ਕਰਨ ਤੋਂ ਬਾਅਦ ਹੁਣ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲੱਖਾ ਹਾਜੀ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ। ਮਾਤਾ ਜੀ ਆਪਣੇ ਦੋਹਤੇ-ਦੋਹਤਰੀਆਂ ਅਤੇ ਪੋਤੇ-ਪੋਤਰੀਆਂ ਦੇ ਬੇਹੱਦ ਲਾਡਲੇ ਸਨ। ਹਰ ਸਾਲ ਜੂਨ ਦੀਆਂ ਛੁੱਟੀਆਂ ਵਿਚ ਜਦੋਂ ਸਾਰਾ ਪਰਿਵਾਰ ਇਕੱਠਾ ਹੁੰਦਾ ਤੇ ਉਹ ਬੱਚਿਆਂ ਨੂੰ ਅਥਾਹ ਪਿਆਰ ਅਤੇ ਅਸੀਸਾਂ ਨਾਲ ਨਿਵਾਜਦੇ ਸਨ। ਪਿਛਲੇ ਦਿਨੀਂ ਮਾਤਾ ਲਾਜਵੰਤ ਕੌਰ ਜੀ ਅਚਾਨਕ ਅਕਾਲ ਚਲਾਣਾ ਕਰ ਗਏ, ਜਿਸ ਨਾਲ ਪਰਿਵਾਰ ਅਤੇ ਇਲਾਕੇ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਨਮਿੱਤ ਰੱਖੇ ਗਏ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 22 ਅਪ੍ਰੈਲ 2026, ਦਿਨ ਬੁੱਧਵਾਰ ਨੂੰ ਗੁਰਦੁਆਰਾ ਜੱਜਾ ਵਾਲਾ (ਜੰਝ ਘਰ) ਨੇੜੇ ਬਾਂਸੀ ਗੇਟ, ਫਿਰੋਜ਼ਪੁਰ ਸ਼ਹਿਰ ਵਿਖੇ ਹੋਵੇਗੀ। ਇਸ ਮੌਕੇ ਸਮੂਹ ਰਿਸ਼ਤੇਦਾਰ, ਸਾਕ-ਸਬੰਧੀ ਅਤੇ ਇਲਾਕਾ ਨਿਵਾਸੀ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ।