ਗਿਆਨ ਭਾਰਤਮ ਮਿਸ਼ਨ ਤਹਿਤ ਪੁਰਾਣੀਆਂ ਹੱਥ ਲਿਖਤਾਂ ਸੰਭਾਲਣ ਲਈ ਵਿਸ਼ੇਸ਼ ਮੁਹਿੰਮ
ਗਿਆਨ ਭਾਰਤਮ ਮਿਸ਼ਨ ਤਹਿਤ ਪੁਰਾਣੀਆਂ ਹੱਥ ਲਿਖਤਾਂ ਸੰਭਾਲਣ ਲਈ ਵਿਸ਼ੇਸ਼ ਮੁਹਿੰਮ
Publish Date: Mon, 20 Apr 2026 07:29 PM (IST)
Updated Date: Mon, 20 Apr 2026 07:33 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਭਾਰਤ ਸਰਕਾਰ ਵੱਲੋਂ ‘ਗਿਆਨ ਭਾਰਤਮ ਮਿਸ਼ਨ’ ਤਹਿਤ ਵੱਖ-ਵੱਖ ਥਾਵਾਂ ’ਤੇ ਮੌਜ਼ੂਦ ਸਾਂਭਣਯੋਗ ਪੁਰਾਣੀਆਂ ਹੱਥ ਲਿਖਤਾਂ (ਮੈਨੂਸਕ੍ਰਿਪਟਸ) ਨੂੰ ਖੋਜਣ, ਸਨਮਾਨ ਦੇਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲਣ ਦਾ ਸੁਹਿਰਦ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਇਸ ਮਿਸ਼ਨ ਤਹਿਤ ਪੁਰਾਣੀਆਂ ਹੱਥ ਲਿਖਤਾਂ ਤੇ ਖਰੜੇ ਆਦਿ ਨੂੰ ਸਾਂਭਣ ਦਾ ਕਾਰਜ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਸਾਰੀਆਂ ਹੱਥ ਲਿਖਤਾਂ ਖੋਜਣ ਉਪਰੰਤ ਗਿਆਨ ਭਾਰਤਮ ਐਪ ਉੱਪਰ ਜਾ ਕੇ ਇਹਨਾਂ ਦੀ ਜਾਣਕਾਰੀ ਅਪਲੋਡ ਕੀਤੀ ਜਾਵੇਗੀ। ਇਸ ਕਾਰਜ ਲਈ ਜ਼ਿਲ੍ਹੇ ਵਿਚ ਸਰਵੇ ਟੀਮਾਂ ਦਾ ਗਠਨ ਕੀਤਾ ਗਿਆ ਹੈ। ਸਰਵੇ ਟੀਮਾਂ ਵੱਲੋਂ ਇਹ ਹੱਥ ਲਿਖਤਾਂ ਦੀ ਨਿਸ਼ਾਨਦੇਹੀ ਕਰਕੇ ਇਸਦੀ ਜਾਣਕਾਰੀ ਗਿਆਨ ਭਾਰਤਮ ਐਪ ਉਪਰ ਅਪਲੋਡ ਕੀਤੀ ਜਾਵੇਗੀ। ਵਧੀਕ ਡਿਪਟੀ ਕਮਿਸ਼ਨਰ ਡਾ. ਅਮਨਦੀਪ ਕੌਰ ਨੇ ਜਿਲ੍ਹੇ ਦੇ ਵਸਨੀਕਾਂ ਨੂੰ ਇਸ ਮਿਸ਼ਨ ਲਈ ਸਹਿਯੋਗ ਕਰਨ ਦੀ ਅਪੀਲ ਕਰਦਿਆ ਕਿਹਾ ਕਿ ਜੇਕਰ ਕਿਸੇ ਵਿਅਕਤੀ ਪਾਸ ਜਾ ਕਿਸੇ ਸੰਸਥਾ, ਲਾਇਬਰੇਰੀ, ਸ੍ਰੀ ਗੁਰਦੁਆਰਾ ਸਾਹਿਬ, ਮੰਦਿਰ, ਡੇਰਾ ਜਾਂ ਕਿਸੇ ਵੀ ਹੋਰ ਸਥਾਨ ਉੱਪਰ ਅਜਿਹੀ ਕੋਈ ਦੁਰਲੱਭ ਹੱਥ ਲਿਖਤ ਮੌਜ਼ੂਦ ਹੈ ਤਾਂ ਇਸ ਦੀ ਜਾਣਕਾਰੀ ਇਸ ਮਿਸ਼ਨ ਲਈ ਤਾਇਨਾਤ ਕੀਤੇ ਗਏ ਸਹਾਇਕ ਨੋਡਲ ਅਫ਼ਸਰ ਕਮ ਜ਼ਿਲ੍ਹਾ ਭਾਸ਼ਾ ਅਫਸਰ ਡਾ. ਜਗਦੀਪ ਸਿੰਘ ਸੰਧੂ ਦੇ ਮੋਬਾਇਲ ਨੰਬਰ ਜਾਂ ਆਈਡੀ ’ਤੇ ਸਾਂਝੀ ਕੀਤੀ ਜਾਵੇ ਤਾਂ ਜੋ ਇਸ ਮਿਸ਼ਨ ਨੂੰ ਨੇਪਰੇ ਚਾੜਿਆ ਜਾ ਸਕੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਮਿਸ਼ਨ ਦੀ ਕਾਮਯਾਬੀ ਲਈ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ, ਰਜਿਸਟਰਾਰ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਡਾ. ਰਾਜੀਵ ਅਰੋੜਾ, ਬੀਐੱਸਐੱਫ ਦੇ ਅਧਿਕਾਰੀ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਆਦਿ ਹਾਜ਼ਰ ਸਨ।