ਸੀਐੱਚਸੀ ਫਿਰੋਜ਼ਸ਼ਾਹ ਵਿਖੇ ਗਰਭਵਤੀਆਂ ਲਈ ਲਗਾਇਆ ਵਿਸ਼ੇਸ਼ ਕੈਂਪ
ਸੀਐੱਚਸੀ ਫਿਰੋਜ਼ਸ਼ਾਹ ਵਿਖੇ ਗਰਭਵਤੀਆਂ ਲਈ ਲਗਾਇਆ ਵਿਸ਼ੇਸ਼ ਕੈਂਪ
Publish Date: Mon, 09 Mar 2026 04:17 PM (IST)
Updated Date: Mon, 09 Mar 2026 04:21 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਜੀਵ ਪਰਾਸ਼ਰ ਦੇ ਹੁਕਮਾਂ ’ਤੇ ਸੀਐੱਚਸੀ ਫਿਰੋਜ਼ਸ਼ਾਹ ਵਿਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰੀਤਵ ਅਭਿਆਨ ਤਹਿਤ ਗਰਭਵਤੀ ਔਰਤਾਂ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ। ਸੀਨੀਅਰ ਮੈਡੀਕਲ ਅਫਸਰ ਡਾ. ਅਭੈਜੀਤ ਸਿੰਘ ਦੀ ਅਗਵਾਈ ਹੇਠ ਲਗਾਏ ਗਏ ਵਿਸ਼ੇਸ਼ ਕੈਂਪ ਵਿੱਚ ਮੈਡੀਕਲ ਅਫਸਰ ਡਾ. ਰਿਤੇਸ਼ ਅਤੇ ਪ੍ਰਵੀਨ ਕੌਰ ਅਤੇ 35 ਗਰਭਵਤੀ ਔਰਤਾਂ ਦੀ ਜਾਂਚ ਅਤੇ ਮੁਫਤ ਟੈਸਟ ਕੀਤੇ ਗਏ । ਇਸ ਮੌਕੇ ਬੋਲਦਿਆਂ ਡਾ. ਅਭੈਜੀਤ ਸਿੰਘ ਨੇ ਕਿਹਾ ਕਿ ਮਾਂ ਦੀ ਸਿਹਤ ਜੇਕਰ ਤੰਦਰੁਸਤ ਹੋਵੇਗੀ ਤਾਂ ਹੀ ਉਸਦਾ ਬੱਚਾ ਸਿਹਤ ਪੱਖੋਂ ਨਿਰੋਗ ਅਤੇ ਸਿਹਤਮੰਦ ਹੋਵੇਗਾ। ਉਨ੍ਹਾਂ ਕਿਹਾ ਕਿ ਗਰਭਵਤੀ ਔਰਤ ਨੂੰ ਬੱਚੇ ਦੀ ਤੰਦਰੁਸਤੀ ਲਈ ਜਿਥੇ ਆਪਣੀ ਸਿਹਤ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ, ਉਥੇ ਬੱਚੇ ਦੇ ਜਨਮ ਤੋਂ ਛੇ ਮਹੀਨੇ ਤੱਕ ਅਪਣੇ ਦੁੱਧ ਨਾਲ ਪਾਲਣ ਕਰਨਾ ਚਾਹੀਦਾ ਹੈ, ਜੋ ਬੱਚੇ ਲਈ ਅੰਮ੍ਰਿਤ ਵਾਂਗ ਸਾਬਤ ਹੁੰਦਾ ਹੈ। ਗਰਭਵਤੀ ਮਹਿਲਾਵਾਂ ਲਈ ਸਿਹਤ ਵਿਭਾਗ ਵੱਲੋਂ ਜੇ ਐੱਸਐੱਸਕੇ, ਜੇਐੱਸਵਾਈ ਸਮੇਤ ਕਈ ਸਿਹਤਪੱਖੀ ਸਕੀਮਾਂ ਚਲਾਈਆਂ ਗਈਆਂ ਹਨ, ਜਿਸ ਤਹਿਤ ਸਰਕਾਰੀ ਹਸਪਤਾਲਾਂ ਵਿਚ ਮੁਫਤ ਇਲਾਜ ਤੇ ਜਣੇਪੇ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਮੈਡੀਕਲ ਅਫਸਰ ਡਾ. ਪ੍ਰਵੀਨ ਕੌਰ ਨੇ ਕਿਹਾ ਕਿ ਸਿਵਲ ਹਸਪਤਾਲਾਂ ਵਿਚ ਗਰਭਵਤੀ ਔਰਤ ਨੂੰ ਜਿਥੇ ਸੂਬਾ ਸਰਕਾਰ ਵੱਲੋਂ 108 ਨੰਬਰ ਐਬੂਲੈਂਸ ਰਾਹੀਂ ਲਿਆਉਣ ਤੇ ਲਿਜਾਣ ਦੀ ਸੁਵਿਧਾ ਹੈ, ਉਥੇ ਡਲੀਵਰੀ ਕੇਸ ਵੀ ਮੁਫਤ ਵਿਚ ਕਰਨ ਦੇ ਨਾਲ-ਨਾਲ ਰਹਿਣ-ਸਹਿਣ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ। ਸਿਵਲ ਹਸਪਤਾਲਾਂ ਵਿਚ ਡਲੀਵਰੀ ਕਰਵਾਉਣ ਵਾਲੀ ਔਰਤ ਦਾ ਮਾਹਿਰ ਡਾਕਟਰਾਂ ਤੋਂ ਇਲਾਜ ਅਤੇ ਮੁਫਤ ਦਵਾਈਆਂ ਤੇ ਖਾਣਾ ਮੁਹੱਈਆ ਕਰਵਾਇਆ ਜਾਂਦਾ ਹੈ ਤਾਂ ਜੋ ਪਰਿਵਾਰ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਪੇਸ਼ ਨਾ ਹੋਵੇ। ਇਸ ਮੌਕੇ ਬੀਈਈ ਹਰਦੀਪ ਸਿੰਘ ਸੰਧੂ ਨੇ ਕਿਹਾ ਕਿ ਸਿਵਲ ਹਸਪਤਾਲਾਂ ਵਿਚ ਗਰਭਵਤੀ ਔਰਤਾਂ ਦੇ ਨਾਲ-ਨਾਲ ਹਰੇਕ ਮਨੁੱਖ ਨੂੰ ਬਚਾਉਣ ਲਈ ਪੂਰੇ ਪ੍ਰਬੰਧ ਹਨ। ਉਨ੍ਹਾਂ ਕਿਹਾ ਕਿ ਜਿਥੇ ਸਰਕਾਰੀ ਹਸਪਤਾਲਾਂ ਵਿਚ ਮਾਹਿਰ ਡਾਕਟਰਾਂ ਵੱਲੋਂ ਆਧੁਨਿਕ ਮਸ਼ੀਨਾਂ ਨਾਲ ਮਰੀਜ਼ਾਂ ਦਾ ਚੈੱਕਅੱਪ ਕੀਤਾ ਜਾਂਦਾ ਹੈ, ਉਥੇ ਬਹੁਤੀਆਂ ਬਿਮਾਰੀਆਂ ਦੀ ਦਵਾਈ ਹਸਪਤਾਲ ਵਿੱਚੋਂ ਮੁਫਤ ਦੇ ਕੇ ਮਰੀਜ਼ ਨੂੰ ਬਚਾਉਣ ਦਾ ਹਰ ਉਪਰਾਲਾ ਕੀਤਾ ਜਾਂਦਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਜਨਮ ਤੋਂ ਲੈ ਕੇ ਛੇ ਮਹੀਨੇ ਤੱਕ ਮਾਂ ਦਾ ਦੁੱਧ ਹੀ ਬੱਚੇ ਲਈ ਮੁਕੰਮਲ ਖੁਰਾਕ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲ ਵਿਚ 1 ਸਾਲ ਤੱਕ ਦੇ ਲੜਕੇ ਅਤੇ 5 ਸਾਲ ਤੱਕ ਦੀਆਂ ਲੜਕੀਆਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰੀ ਸਹੂਲਤਾਂ ਦਾ ਵੱਧ ਤੋਂ ਵੱਧ ਲਾਹਾ ਲੈ ਕੇ ਸਿਹਤਮੰਤ ਸਮਾਜ ਦੀ ਸਿਰਜਨਾ ਵਿਚ ਆਪਣਾ ਯੋਗਦਾਨ ਪਾਉਣ। ਇਕ ਤੋਂ ਦੂਸਰੇ ਬੱਚੇ ਦੀ ਪਲਾਨਿੰਗ ਵਿਚ 3 ਸਾਲ ਦਾ ਫਰਕ ਹੋਣਾ ਚਾਹੀਦਾ ਹੈ, ਉਥੇ ਔਰਤ ਨੂੰ 20 ਤੋਂ 35 ਸਾਲ ਤੱਕ ਦੀ ਉਮਰ ਵਿਚ ਹੀ ਗਰਭਧਾਰਨ ਕਰਨਾ ਚਾਹੀਦਾ ਹੈ, ਜੋ ਬੱਚੇ ਤੇ ਮਾਂ ਲਈ ਸਹੀ ਸਿੱਧ ਹੁੰਦਾ ਹੈ।