ਚੋਰੀਆਂ ਤੇ ਝਪਟਮਾਰੀਆਂ ’ਤੇ ਕੱਸਿਆ ਜਾਵੇਗਾ ਸ਼ਿਕੰਜਾ : ਐੱਸਪੀ ਡੀ
ਐੱਸਪੀ ਡੀ ਨੇ ਸ਼ਹਿਰ ਵਾਸੀਆਂ ਨਾਲ ਕੀਤੀ ਅਹਿਮ ਮੀਟਿੰਗ
Publish Date: Sun, 01 Feb 2026 04:58 PM (IST)
Updated Date: Sun, 01 Feb 2026 04:58 PM (IST)

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਸ਼ਹਿਰ ਵਿਚ ਲਗਾਤਾਰ ਵੱਧ ਰਹੀਆਂ ਚੋਰੀਆਂ, ਲੁੱਟਾਂ ਅਤੇ ਝਪਟਮਾਰੀਆਂ ਦੀਆਂ ਘਟਨਾਵਾਂ ਨੂੰ ਲੈ ਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੁਲਿਸ ਪ੍ਰਸ਼ਾਸਨ ਦੀ ਕਥਿਤ ਢਿੱਲੀ ਕਾਰਗੁਜ਼ਾਰੀ ਕਾਰਨ ਆਮ ਨਾਗਰਿਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਇਨ੍ਹਾਂ ਹਾਲਾਤਾਂ ਦੇ ਚੱਲਦਿਆਂ ਸ਼ਹਿਰ ਦੇ ਵੱਖ-ਵੱਖ ਸਮਾਜਸੇਵੀ, ਧਾਰਮਿਕ, ਵਪਾਰਕ ਸੰਗਠਨਾਂ, ਵਕੀਲਾਂ ਅਤੇ ਸੀਏਜ਼ ਵੱਲੋਂ ਸ਼ਨੀਵਾਰ ਨੂੰ ਇਕ ਮੀਟਿੰਗ ਕਰਕੇ ਆਪਣੀ ਅਗਲੀ ਰਣਨੀਤੀ ਤਿਆਰ ਕੀਤੀ ਗਈ। ਇਸ ਦੇ ਤਹਿਤ ਐਤਵਾਰ ਨੂੰ ਫਿਰੋਜ਼ਪੁਰ ਫਰੰਟ ਦੇ ਅਧਿਕਾਰੀਆਂ ਅਤੇ ਸ਼ਹਿਰ ਵਾਸੀਆਂ ਦੀ ਐੱਸਪੀ ਡੀ ਮਨਜੀਤ ਸਿੰਘ ਨਾਲ ਸਤਲੁਜ ਪ੍ਰੈਸ ਕਲੱਬ ਵਿਚ ਮੀਟਿੰਗ ਹੋਈ। ਮੀਟਿੰਗ ਦੌਰਾਨ ਸ਼ਹਿਰਵਾਸੀਆਂ ਅਤੇ ਵੱਖ-ਵੱਖ ਸੰਗਠਨਾਂ ਦੇ ਨੁਮਾਇੰਦਿਆਂ ਨੇ ਐੱਸਪੀ ਡੀ ਸਾਹਮਣੇ ਆਪਣੇ ਮੁੱਦੇ ਰੱਖੇ ਅਤੇ ਪੁਲਿਸ ਦੀ ਕਾਰਗੁਜ਼ਾਰੀ ’ਤੇ ਨਾਰਾਜ਼ਗੀ ਜਤਾਈ। ਲੋਕਾਂ ਨੇ ਦੋਸ਼ ਲਗਾਇਆ ਕਿ ਚੋਰ ਅਤੇ ਝਪਟਮਾਰ ਬੇਖੌਫ਼ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਜਦਕਿ ਪੁਲਿਸ ਵੱਲੋਂ ਢੁੱਕਵੇਂ ਕਦਮ ਨਹੀਂ ਚੁੱਕੇ ਜਾ ਰਹੇ। ਮੀਟਿੰਗ ਵਿੱਚ ਹਾਜ਼ਰ ਬੋਲਣ ਵਾਲਿਆਂ ਨੇ ਕਿਹਾ ਕਿ ਜੇਕਰ ਹਾਲਾਤਾਂ ਵਿੱਚ ਜਲਦੀ ਸੁਧਾਰ ਨਾ ਆਇਆ ਤਾਂ ਆਮ ਲੋਕਾਂ ਦਾ ਪੁਲਿਸ ਤੋਂ ਭਰੋਸਾ ਪੂਰੀ ਤਰ੍ਹਾਂ ਉੱਠ ਸਕਦਾ ਹੈ। ਇਸ ਮੌਕੇ ਫਿਰੋਜ਼ਪੁਰ ਫਰੰਟ ਦੇ ਬੈਨਰ ਹੇਠ 7 ਫਰਵਰੀ ਨੂੰ ਇਕ ਵੱਡਾ ਇਕੱਠ ਕਰਨ ਦਾ ਐਲਾਨ ਕੀਤਾ ਗਿਆ। ਸੰਗਠਨਾਂ ਨੇ ਕਿਹਾ ਕਿ ਇਸ ਇਕੱਠ ਵਿੱਚ ਕੇਵਲ ਸ਼ਹਿਰ ਹੀ ਨਹੀਂ, ਸਗੋਂ ਪੂਰੇ ਜ਼ਿਲ੍ਹੇ ਤੋਂ ਲੋਕ ਸ਼ਾਮਲ ਹੋਣਗੇ ਅਤੇ ਅਗਲੇ ਸੰਘਰਸ਼ ਦੀ ਰੂਪਰੇਖਾ ਤਿਆਰ ਕੀਤੀ ਜਾਵੇਗੀ, ਤਾਂ ਜੋ ‘ਕੁੰਭਕਰਣੀ ਨੀਂਦ’ ਵਿਚ ਸੁੱਤੀ ਪੁਲਿਸ ਨੂੰ ਜਗਾਇਆ ਜਾ ਸਕੇ। ਮੀਟਿੰਗ ਦੌਰਾਨ ਐੱਸਪੀ ਡੀ ਮਨਜੀਤ ਸਿੰਘ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪੁਲਿਸ ਵੱਲੋਂ ਚੋਰੀਆਂ ਅਤੇ ਝਪਟਮਾਰੀਆਂ ’ਤੇ ਕਾਬੂ ਪਾਉਣ ਲਈ ਪੂਰੀ ਯੋਜਨਾ ਤਿਆਰ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਅਪਰਾਧੀਆਂ ਨੂੰ ਕਾਬੂ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਐੱਸਪੀ ਡੀ ਨੇ ਸ਼ਹਿਰਵਾਸੀਆਂ ਨੂੰ ਵੀ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਜਿੱਥੇ ਕੈਮਰੇ ਲੱਗੇ ਹੋਏ ਹਨ, ਉਥੇ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਫੁਟੇਜ ਸਾਫ਼ ਆ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਬਾਜ਼ਾਰਾਂ ਅਤੇ ਰਿਹਾਇਸ਼ੀ ਕਾਲੋਨੀਆਂ ਵਿਚ ਚੌਕੀਦਾਰ ਤੈਨਾਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਜਲਦੀ ਹੀ ਪੈਟਰੋਲ ਪੰਪ ਮਾਲਕਾਂ, ਜਵੈਲਰਾਂ, ਕਬਾੜੀਆਂ ਅਤੇ ਚੌਕੀਦਾਰਾਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ। ਐੱਸਪੀ ਡੀ ਨੇ ਸਪਸ਼ਟ ਕੀਤਾ ਕਿ ਜੇਕਰ ਕੋਈ ਵਿਅਕਤੀ ਚੋਰੀ ਦਾ ਸਮਾਨ ਖਰੀਦਦਾ ਜਾਂ ਵੇਚਦਾ ਪਾਇਆ ਗਿਆ, ਤਾਂ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪੈਟਰੋਲ ਪੰਪ ਮਾਲਕਾਂ ਨੂੰ ਬਿਨ੍ਹਾ ਨੰਬਰ ਪਲੇਟ ਵਾਲੇ ਵਾਹਨਾਂ ਨੂੰ ਪੈਟਰੋਲ ਨਾ ਪਾਉਣ ਲਈ ਕਿਹਾ ਜਾਵੇਗਾ, ਤਾਂ ਜੋ ਅਪਰਾਧਿਕ ਗਤਿਵਿਧੀਆਂ ਵਿਚ ਵਰਤੇ ਜਾਣ ਵਾਲੇ ਵਾਹਨਾਂ ’ਤੇ ਰੋਕ ਲੱਗ ਸਕੇ। ਇਸ ਮੀਟਿੰਗ ਵਿਚ ਸ਼ਲਿੰਦਰ ਲਾਰੋਇਆ, ਅਸ਼ੋਕ ਬਹਿਲ, ਐਡਵੋਕੇਟ ਰੋਹਿਤ ਅਰੋੜਾ, ਐਡਵੋਕੇਟ ਜੇਐੱਸ ਸੋਢੀ, ਵਿਪੁਲ ਨਾਰੰਗ, ਨਿਤਿਨ ਜੇਟਲੀ, ਵਪਾਰ ਮੰਡਲ ਪ੍ਰਧਾਨ ਡਿੰਪਲ ਕੰਤੋੜ, ਸ਼ਾਪਕੀਪਰ ਐਸੋਸੀਏਸ਼ਨ ਦੇ ਪ੍ਰਧਾਨ ਅਨੁਜ ਮਿੱਤਲ, ਨਿਰਮਲਜੀਤ ਅਰੋੜਾ, ਸੂਰਜ ਮਿਹਤਾ, ਸੁਨੀਰ ਮੋਂਗਾ, ਰਾਕੇਸ਼ ਅਗਰਵਾਲ ਬੱਬਲੀ, ਦੀਪਕ ਜੋਸ਼ੀ, ਫਿਰੋਜ਼ਪੁਰ ਪ੍ਰੈਸ ਕਲੱਬ ਦੇ ਪ੍ਰਧਾਨ ਮਨਦੀਪ ਕੁਮਾਰ, ਸਤਲੁਜ ਪ੍ਰੈਸ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਗਾਮਾ, ਚੇਅਰਮੈਨ ਵਿਜੈ ਸ਼ਰਮਾ ਸਮੇਤ ਕਈ ਸਮਾਜਿਕ ਸੰਗਠਨਾਂ ਦੇ ਅਹੁਦੇਦਾਰ ਅਤੇ ਕਾਰਕੁੰਨ ਮੌਜ਼ੂਦ ਰਹੇ।