ਸ਼ਹਿਰੀਆਂ ਨੂੰ ਦਿਨੇ ਐੱਸਪੀ ਨੇ ਦਿੱਤਾ ਭਰੋਸਾ, ਰਾਤ ਨੂੰ ਚੋਰਾਂ ਨੇ ਫਿਰ ਕਈ ਦੁਕਾਨਾਂ ਤੋਂ ਹੱਥ ਕੀਤੇ ਸਾਫ਼
ਸ਼ਹਿਰੀਆਂ ਨੂੰ ਦਿਨੇਂ ਐਸ ਪੀ ਨੇ ਦੁਆਇਆ ਭਰੋਸਾ, ਰਾਤ ਚੋਰਾਂ ਨੇ ਫਿਰ ਕਈ ਦੁਕਾਨਾਂ ਤੋਂ ਹੱਥ ਕੀਤੇ ਸਾਫ
Publish Date: Mon, 02 Feb 2026 07:07 PM (IST)
Updated Date: Mon, 02 Feb 2026 07:07 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫ਼ਿਰੋਜ਼ਪੁਰ : ਚੋਰੀਆਂ ਚੱਕਾਰੀਆਂ ਅਤੇ ਲੁੱਟਾਂ ਖੋਹਾਂ ਤੋਂ ਅੱਕੇ ਸ਼ਹਿਰੀਆਂ ਨੂੰ ਬੀਤੇ ਦਿਨ ਐਸਪੀ ਇਨਵੈਸਟੀਗੇਸ਼ਨ ਵੱਲੋਂ ਭਰੋਸਾ ਦੁਆਏ ਜਾਣ ਮਗਰੋਂ ਉਸੇ ਰਾਤ ਹੀ ਚੋਰਾਂ ਵੱਲੋਂ ਕਈ ਥਾਵਾਂ ’ਤੇ ਚੋਰੀ ਕਰ ਲਏ ਜਾਣ ਦੀ ਖਬਰ ਹੈ। ਇਸ ਸਬੰਧੀ ਜਿਥੇ ਆਮ ਸ਼ਹਿਰੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ ਤਾਂ ਵਿਰੋਧੀ ਧਿਰਾਂ ਦੇ ਸਮੱਰਥਕ ਇਕ ਦੂਜੇ ਨੂੰ ਸੁਨੇਹੇ ਭੇਜ ਕੇ ਸੁਆਦ ਲੈ ਰਹੇ ਹਨ।ਅਜਿਹੀਆਂ ਘਟਨਾਵਾਂ ਤੋਂ ਸਹਿਜ਼ੇ ਹੀ ਅੰਦਾਜ਼ਾ ਲਾਇਆ ਜਾ ਸੱਕਦਾ ਹੈ ਕਿ ਗੈਰ ਸਮਾਜੀ ਅਨਸਰਾਂ ਵਿਚ ਖਾਕੀ ਦਾ ਖੌਫ ਬਿਲਕੁੱਲ ਹੀ ਖਤਮ ਹੋ ਗਿਆ ਹੈ। ਜਿਕਰਯੋਗ ਹੈ ਕਿ ਬੀਤੇ ਕੁੱਝ ਦਿਨਾਂ ਤੋਂ ਫ਼ਿਰੋਜ਼ਪੁਰ ਵਿਚ ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਅੱਕੇ ਸ਼ਹਿਰ ਅਤੇ ਛਾਉਣੀ ਵਾਸੀਆਂ ਵੱਲੋਂ ਦੋ ਦਿਨ ਪਹਿਲਾਂ ਇਕੱਤਰ ਹੋ ਕੇ ਪੁਲਿਸ ਪ੍ਰਸ਼ਾਸਨ ਖਿਲਾਫ ਰੋਸ ਮਾਰਚ ਕਰਨ ਦਾ ਐਲਾਣ ਕੀਤਾ ਗਿਆ ਸੀ। ਸ਼ਹਿਰੀਆਂ ਵਿਚ ਪਸਰੇ ਇਸ ਰੋਸ ਦਾ ਅੰਦਾਜ਼ਾ ਹੁੰਦਿਆਂ ਹੀ ਜ਼ਿਲ੍ਹਾ ਪੁਲਿਸ ਵੱਲੋਂ ਐਸ ਪੀ ਇਨਵੈਸਟੀਗੇਸ਼ਨ ਬਲਜੀਤ ਸਿੰਘ ਉਕਤ ਸਮਾਜ ਸੇਵੀਆਂ ,ਦੁਕਾਨਦਾਰਾਂ ਤੇ ਵਿਰੋਧੀ ਧਿਰ ਦੇ ਆਗੂਆਂ ਕੋਲ ਪਹੁੰਚੇ ਤੇ ਚੋਰੀਆਂ, ਲੁੱਟਾਂ ਖੋਹਾਂ ‘ਤੇ ਨਕੇਲ ਪਾਉਣ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਪਰ ਦਿਨ ਵੇਲੇ ਐਸ ਪੀ ਸਾਬ ਵੱਲੋਂ ਦਿੱਤੇ ਭਰੋਸੇ ਸਬੰਧੀ ਖ਼ਬਰਾਂ ਅਜੇ ਅਗਲੇ ਦਿਨ ਦੇ ਅਖ਼ਬਾਰਾਂ ਵਿਚ ਛਪੀਆਂ ਵੀ ਨਹੀਂ ਸਨ ਕਿ ਇਹ ਖ਼ਬਰਾਂ ਆ ਗਈਆਂ ਕਿ ਬੀਤੀ ਰਾਤ ਨੂੰ ਸ਼ਹਿਰ ਦੇ ਰੁਝੇਵਿਆਂ ਵਾਲੇ ਇਲਾਕਿਆਂ ਵਿਚ ਕਈ ਥਾਈਂ ਚੋਰਾਂ ਨੇ ਹੱਥ ਸਾਫ ਕਰ ਦਿੱਤੇ। ਇਸੇ ਦੋਰਾਨ ਬੱਸ ਤੋਂ ਉਤਰੀ ਇਕ ਲੜਕੀ ਕੋਲੋਂ ਰਾਹਜਨੀ ਕਰਦਿਆਂ ਲੂਟੇਰੇ ਇਕ ਮੋਬਾਈਲ ਫੋਨ ਖੋਹ ਕੇ ਲੈ ਗਏ। ਐਸਐਚੳ ਸਿਟੀ ਨੇ ਦੱਸਿਆ ਕਿ ਕਰੀਬ ਚਾਰ ਵਜੇ ਤਿੰਨ ਚੋਰ ਦੁਕਾਨ ਅੰਦਰ ਵੜੇ ਸਨ ਪਰ ਪੀਸੀਆਰ ਦਾ ਸਾਇਰਨ ਸੁਣ ਕੇ ਭੱਜ ਗਏ । ਦੋ ਦੁਕਾਨਾਂ ਤੋਂ ਚੋਰੀ, ਲੜਕੀ ਤੋਂ ਖੋਹਿਆ ਮੋਬਾਇਲ ਤੇ ਬੈਂਕ ਦੇ ਬਾਹਰੋਂ ਬਜ਼ੁਰਗ ਦਾ ਸਕੂਟਰ ਚੋਰੀ ਪੁਲਿਸ ਨੂੰ ਟਿੱਚਰ ਕਰਦੀਆਂ ਵੱਖ ਵੱਖ ਵਾਰਦਾਤਾਂ ਅੰਜਾਮ ਦਿੰਦਿਆਂ ਬੇਖੌਫ ਚੋਰਾਂ ਨੇ ਜਿਥੇ ਇਹ ਸਾਬਤ ਕਰ ਦਿੱਤਾ ਕਿ ਉਨ੍ਹਾਂ ਨੂੰ ਕਨੂੰਨ ਨਾਂਅ ਦੀ ਕਿਸੇ ਵੀ ਸ਼ੈਅ ਦਾ ਕੋਈ ਡਰ ਨਹੀਂ ਹੈ, ਉਥੇ ਇਸੇ ਵਿਚਾਲੇ ਕੁੱਝ ਪੁਲਸੀਆਂ ਦੀਆਂ ਗੈਰ ਸਮਾਜੀ ਅਨਸਰਾਂ ਨਾਲ ਸਾਂਝ ਦੀਆਂ ਖ਼ਬਰਾਂ ਵੀ ਆਮ ਲੋਕਾਂ ਨੂੰ ਪਰੇਸ਼ਾਨ ਕਰ ਰਹੀਆਂ ਹਨ। ਚੋਰੀ ਦੇ ਤਾਜ਼ਾ ਮਾਮਲੇ ਵਿਚ ਚੋਰਾਂ ਨੇ ਸਥਾਨਕ ਮੋਦੀ ਮਿਲ ਰੋਡ ’ਤੇ ਇੱਕ ਹਾਰਡ ਵੇਅਰ ਦੀ ਦੁਕਾਨ ਤੋਂ ਚੋਰੀ ਕਰ ਲਈ । ਇਸ ਤੋਂ ਇਲਾਵਾ ਇਕ ਖੰਡ ਘਿੳ ਵਾਲੀ ਦੁਕਾਨ ਅੰਦਰੋਂ ਵੀ ਚੋਰ ਸਮਾਨ ਅਤੇ ਨਗਦੀ ਚੋਰੀ ਕਰਕੇ ਲੈ ਗਏ । ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਸਥਾਨਕ ਮੋਦੀ ਮਿੱਲ ਇਲਾਕੇ ਵਿੱਚ ਸਥਿਤ ‘ਗੌਰਵ ਟ੍ਰੇਡਿੰਗ ਕੰਪਨੀ’ ਦੇ ਚੋਰਾਂ ਨੇ ਸ਼ਟਰ ਤੋੜ ਕੇ ਅੰਦਰੋਂ ਨਕਦੀ ਚੋਰੀ ਕਰ ਲਈ। ਦੁਕਾਨ ਦੇ ਮਾਲਕ ਨੇ ਦੱਸਿਆ ਕਿ ਚੋਰਾਂ ਨੇ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ। ਗੱਲੇ ਵਿੱਚ ਪਈ ਨਕਦੀ ਗਾਇਬ ਸੀ ਅਤੇ ਸਾਮਾਨ ਖਿਲਰਿਆ ਹੋਇਆ ਸੀ। ਦੁਕਾਨ ਮਾਲਕ ਨੇ ਦੱਸਿਆ ਕਿ ਇਸ ਤੋਂ ਪਹਿਲੋਂ ਬੰਟੀ ਗਰੋਵਰ ਦੇ ਚੋਰੀ ਹੋਈ, ਹਿੰਦ ਸੋਪ ਵਾਲਿਆਂ ਦੇ ਚੋਰੀ ਹੋਈ, ਸ਼੍ਰੀ ਰਾਮ ਕਰਿਆਣਾ ਸਟੋਰ, ਉਡੀਕ ਸਿੰਘ ਦੇ ਚੋਰੀ ਹੋਈ ਹੈ। ਪੰਜ ਦਿਨ ਬੀਤ ਜਾਣ ’ਤੇ ਵੀ ਐਕਟਿਵਾ ਚੋਰਾਂ ’ਤੇ ਨਹੀਂ ਹੋਈ ਕਾਰਵਾਈ ਇਕ ਹੋਰ ਮਾਮਲੇ ਵਿਚ ਸਥਾਨਕ ਜੱਸਾ ਸਿੰਘ ਰਾਮਗੜੀਆ ਗੇਟ ਇਲਾਕੇ ਦੇ ਪੀਐਨਬੀ ਬੈਂਕ ਦੇ ਬਾਹਰੋਂ ਇਕ ਸੀਨੀਅਰ ਸਿਟੀਜ਼ਨ ਰਮੇਸ਼ ਕੁਮਾਰ ਦਾ ਐਕਟਿਵਾ ਸਕੂਟਰ ਪੀਬੀ 05 ਏਜੀ 1379 ਚੋਰੀ ਹੋ ਗਿਆ । ਰਮੇਸ਼ ਕੁਮਾਰ ਨੇ ਦੱਸਿਆ ਕਿ ਉਹ ਕੁਝ ਮਿੰਟਾਂ ਲਈ ਬੈਂਕ ਅੰਦਰ ਗਿਆ ਸੀ, ਜਦੋਂ ਬਾਹਰ ਆਇਆ ਤਾਂ ਸਕੂਟਰ ਗਾਇਬ ਸੀ। ਉਸ ਨੇ ਦੱਸਿਆ ਕਿ 28 ਜਨਵਰੀ ਨੂੰ ਸ਼ਿਕਾਇਤ ਦਿੱਤੀ ਸੀ, ਪਰ 5 ਦਿਨ ਬੀਤ ਜਾਣ ’ਤੇ ਵੀ ਕੋਈ ਕਾਰਵਾਈ ਨਹੀਂ ਹੋਈ।