ਪੰਜਾਬ ਬਚਾਓ ਰੈਲੀ ’ਚ ਸੋਈ ਦੀ ਰਹੀ ਭਰਵੀਂ ਹਾਜ਼ਰੀ
ਪੰਜਾਬ ਬਚਾਓ ਰੈਲੀ ਵਿਚ ਸੋਈ ਦੀ ਰਹੀ ਭਰਵੀਂ ਹਾਜ਼ਰੀ
Publish Date: Wed, 25 Feb 2026 03:40 PM (IST)
Updated Date: Wed, 25 Feb 2026 03:43 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ ’ਚ ਫ਼ਿਰੋਜ਼ਪੁਰ ਵਿਖੇ ਹੋਈ ਪੰਜਾਬ ਬਚਾਓ ਰੈਲੀ ਵਿਚ ਜਿੱਥੇ ਸਮੁੱਚੇ ਅਕਾਲੀ ਵਰਕਰਾਂ ਨੇ ਅਹਿਮ ਯੋਗਦਾਨ ਪਾਇਆ ਹੈ, ਉੱਥੇ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ (ਸੋਈ) ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਕੌਮੀ ਪ੍ਰਧਾਨ ਰਣਬੀਰ ਸਿੰਘ ਢਿੱਲੋਂ ਦੀ ਅਗਵਾਈ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਵਹੀਕਲ ਲੈ ਕੇ ਪੁੱਜੇ ਨੌਜਵਾਨਾਂ ਨੇ ਰੈਲੀ ਵਿਚ ਸ਼ਮੂਲੀਅਤ ਕਰਕੇ ਰੈਲੀ ਵਿਚ ਨਵੀਂ ਰੂਹ ਫੂਕੀ ਹੈ। ਫ਼ਿਰੋਜ਼ਪੁਰ ਦੇ ਹਲਕਾ ਦਿਹਾਤੀ ਦੀ ਇਸ ਪੰਜਾਬ ਬਚਾਓ ਰੈਲੀ ਜਿਸ ਨੂੰ ਹਲਕਾ ਇੰਚਾਰਜ਼ ਜੋਗਿੰਦਰ ਸਿੰਘ ਜਿੰਦੂ ਲੀਡ ਕਰ ਰਹੇ ਸਨ, ਵਿਚ ਵਿਦਿਆਰਥੀਆਂ ਦਾ ਵੱਡੀ ਗਿਣਤੀ ਵੀ ਪੁੱਜਣਾ ਅਕਾਲੀ ਦਲ ਵਾਸਤੇ ਲਾਹੇਵੰਦ ਸਾਬਤ ਹੋ ਸਕਦਾ ਹੈ। ਸੁਖਬੀਰ ਬਾਦਲ ਦੇ ਕਾਫ਼ਲੇ ਦਾ ਗਰਮਜੋਸ਼ੀ ਨਾਲ ਸੁਆਗਤ ਕਰਨ ਤੋਂ ਬਾਅਦ ਸੋਈ ਦੇ ਕੌਮੀ ਪ੍ਰਧਾਨ ਰਣਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬੀ ਫਿਰ ਤੋਂ ਪੰਥਕ ਸਰਕਾਰ ਬਣਾਉਣ ਵੱਲ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਝਾੜੂ ਸਰਕਾਰ ਤੋਂ ਲੋਕ ਅੱਕ ਤੇ ਥੱਕ ਚੁੱਕੇ ਹਨ ਅਤੇ 2027 ਦੀਆਂ ਚੋਣਾਂ ਇਕ ਪਾਸੜ ਹੋਣ ਜਾ ਰਹੀਆਂ ਹਨ। ਢਿੱਲੋਂ ਨੇ ਕਿਹਾ ਕਿ ਇਸ ਵਾਰ ਦੀਆਂ ਚੋਣਾਂ ਵਿਚ ਵਿਦਿਆਰਥੀ ਜਥੇਬੰਦੀ ਦੀ ਭੂਮਿਕਾ ਅਹਿਮ ਰਹੇਗੀ। ਉਨ੍ਹਾਂ ਕਿਹਾ ਕਿ ਜਦੋਂ ਪੜ੍ਹਿਆ-ਲਿਖਿਆ ਵਰਗ ਅੱਗੇ ਆਉਂਦਾ ਹੈ ਤਾਂ ਨਿਰਸੰਦੇਹ ਚੰਗੀ ਸਰਕਾਰ ਦੀ ਆਮਦ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਸੋਈ ਪ੍ਰਧਾਨ ਨੇ ਕਿਹਾ ਕਿ ਉਹ ਜਲਦ ਵੱਡੇ ਪੱਧਰ ’ਤੇ ਮੈਪਰੋਡ ਤਿਆਰ ਕਰ ਰਹੇ ਹਨ ਜਿਸ ਨਾਲ ਲੱਖਾਂ ਦੀ ਤਦਾਦ ਵਿਚ ਵਿਦਿਆਰਥੀ ਸੋਈ ਨਾਲ ਜੋੜੇ ਜਾਣਗੇ। ਇਸ ਮੌਕੇ ਸੋਈ ਦੇ ਸੀਨੀਅਰ ਆਗੂ ਸੌਰਵਦੀਪ, ਦਿਕਸ਼ਿਤ ਭੱਟੀ, ਰਮਨ ਆਲੇਵਾਲਾ, ਮਨਪ੍ਰੀਤ ਮਨੀ, ਗੁਰਜੰਟ ਢਿੱਲੋਂ ਸਮੇਤ ਵੱਡੀ ਗਿਣਤੀ ਨੌਜਵਾਨ ਹਾਜ਼ਰ ਸਨ।