ਸਰਹਿੰਦ ਧਮਾਕਾ ਪੰਜਾਬ ਦੀ ਅਮਨ ਸੁਰੱਖਿਆ ਨੂੰ ਗੰਭੀਰ ਚੁਨੌਤੀ : ਜੌੜਾ
ਸਰਹਿੰਦ ਧਮਾਕਾ ਪੰਜਾਬ ਦੀ ਅਮਨ ਸੁਰੱਖਿਆ ਨੂੰ ਗੰਭੀਰ ਚੁਨੌਤੀ: ਜੌੜਾ
Publish Date: Wed, 28 Jan 2026 04:44 PM (IST)
Updated Date: Wed, 28 Jan 2026 04:46 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਸਰਹਿੰਦ ਵਿਚ ਰੇਲਵੇ ਲਾਈਨ ’ਤੇ ਹੋਇਆ ਧਮਾਕਾ ਸਿਰਫ਼ ਇੱਕ ਅਪਰਾਧਕ ਘਟਨਾ ਨਹੀਂ, ਬਲਕਿ ਪੰਜਾਬ ਦੀ ਅਮਨ-ਚੈਨ ਭਰੀ ਫ਼ਿਜ਼ਾ ਨੂੰ ਹਿਲਾ ਦੇਣ ਵਾਲਾ ਸਿੱਧਾ ਹਮਲਾ ਹੈ। ਇਸ ਵਾਕਏ ਵਿਚ ਰੇਲ ਡਰਾਈਵਰ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਾਲ ਹੀ ਸੂਬੇ ਭਰ ਵਿੱਚ ਦਹਿਸ਼ਤ ਅਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ। ਲੋਕਾਂ ਦੇ ਮਨਾਂ ਵਿੱਚ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਗਏ ਹਨ। ਇਸ ਘਟਨਾ ’ਤੇ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸੁਰਿੰਦਰ ਸਿੰਘ ਜੌੜਾ ਨੇ ਕਿਹਾ ਕਿ ਅਜਿਹੇ ਧਮਾਕੇ ਪੰਜਾਬ ਨੂੰ ਅਸਥਿਰ ਕਰਨ ਦੀ ਸੋਚੀ-ਸਮਝੀ ਸਾਜ਼ਿਸ਼ ਦਾ ਨਤੀਜਾ ਲੱਗਦੇ ਹਨ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਤੱਤ ਜਾਣਬੁੱਝ ਕੇ ਸੂਬੇ ਵਿੱਚ ਮੁੜ ਅੱਤਵਾਦ ਵਰਗਾ ਮਾਹੌਲ ਬਣਾਉਣਾ ਚਾਹੁੰਦੇ ਹਨ, ਪਰ ਪੰਜਾਬ ਦੀ ਅਮਨ-ਪਸੰਦ ਧਰਤੀ ਇਹ ਸਹਿਣ ਵਾਲੀ ਨਹੀਂ। ਜੌੜਾ ਨੇ ਕਿਹਾ ਕਿ ਪੰਜਾਬ ਨੇ ਪਹਿਲਾਂ ਵੀ ਕਾਲਾ ਦੌਰ ਦੇਖਿਆ ਹੈ, ਜਿੱਥੇ ਹਜ਼ਾਰਾਂ ਸ਼ਹੀਦਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਅਮਨ ਕਾਇਮ ਕੀਤਾ। ਉਹਨਾਂ ਕੁਰਬਾਨੀਆਂ ਨੂੰ ਕਿਸੇ ਵੀ ਕੀਮਤ ’ਤੇ ਅਜਾਈ ਨਹੀਂ ਜਾਣ ਦਿੱਤਾ ਜਾਵੇਗਾ। ਸੂਬੇ ਦੀ ਜਨਤਾ ਹਰ ਤਰ੍ਹਾਂ ਦੇ ਸ਼ਰਾਰਤੀ ਤੱਤਾਂ ਨੂੰ ਸਖ਼ਤੀ ਨਾਲ ਨਕਾਰਦੀ ਹੈ ਅਤੇ ਆਪਣੇ ਪੰਜਾਬ ਦੀ ਸ਼ਾਂਤੀ ਦੀ ਰੱਖਿਆ ਲਈ ਇਕਜੁਟ ਹੈ।ਮੌਜ਼ੂਦਾ ਆਮ ਆਦਮੀ ਪਾਰਟੀ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਜਿਹੀਆਂ ਗੰਭੀਰ ਵਾਰਦਾਤਾਂ ਨੂੰ ਰੋਕਣ ਵਿੱਚ ਨਾਕਾਮ ਸਾਬਤ ਹੋ ਰਿਹਾ ਹੈ। ਨਾ ਢੁਕਵੇਂ ਸੁਰੱਖਿਆ ਪ੍ਰਬੰਧ ਹਨ ਅਤੇ ਨਾ ਹੀ ਅਪਰਾਧ ਰੋਕਣ ਲਈ ਕੋਈ ਠੋਸ ਨੀਤੀ। ਇਸ ਲਾਪਰਵਾਹੀ ਕਾਰਨ ਹੀ ਧਮਾਕਿਆਂ, ਲੁੱਟ-ਖੋਹ ਅਤੇ ਹੋਰ ਅਪਰਾਧਾਂ ਵਿੱਚ ਵਾਧਾ ਹੋ ਰਿਹਾ ਹੈ, ਜੋ ਭਵਿੱਖ ਲਈ ਖ਼ਤਰਨਾਕ ਸੰਕੇਤ ਹੈ। ਉਨ੍ਹਾਂ ਮੰਗ ਕੀਤੀ ਕਿ ਸਰਹਿੰਦ ਰੇਲਵੇ ਲਾਈਨ ਧਮਾਕੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ, ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ, ਤਾਂ ਜੋ ਲੋਕਾਂ ਦਾ ਭਰੋਸਾ ਮੁੜ ਕਾਇਮ ਹੋ ਸਕੇ ਅਤੇ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਮਜ਼ਬੂਤ ਬਣੇ।