ਢਹਿ-ਢੇਰੀ ਹੋ ਰਹੇ ‘ਲਾਅ ਐਂਡ ਆਰਡਰ’ ਕਾਰਨ ਫਿਰੋਜ਼ਪੁਰ ਦੇ ਦੁਕਾਨਦਾਰਾਂ ’ਚ ਹਾਹਾਕਾਰ
ਢਹਿ-ਢੇਰੀ ਹੋ ਰਹੇ ‘ਲਾਅ ਐਂਡ ਆਰਡਰ’ ਕਾਰਣ ਫਿਰੋਜ਼ਪੁਰ ਦੇ ਦੁਕਾਨਦਾਰਾਂ ’ਚ ਹਾਹਾਕਾਰ
Publish Date: Tue, 20 Jan 2026 07:29 PM (IST)
Updated Date: Tue, 20 Jan 2026 07:30 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਸ਼ਹਿਰ ਵਿੱਚ ਲਗਾਤਾਰ ਵਧ ਰਹੀ ਕਤਲੋਗਾਰਤ, ਲੁੱਟਾਂ, ਖੋਹਾਂ ਅਤੇ ਚੋਰੀਆਂ ਨੇ ਅਮਨ-ਕਾਨੂੰਨ ਦੀ ਹਕੀਕਤ ਨੂੰ ਬੇਨਕਾਬ ਕਰ ਦਿੱਤਾ ਹੈ। ਬੀਤੇ ਇਕ ਹਫ਼ਤੇ ਦੌਰਾਨ ਅੱਧੀ ਦਰਜਨ ਤੋਂ ਵੱਧ ਚੋਰੀਆਂ ਦੀਆਂ ਵਾਰਦਾਤਾਂ ਸਾਹਮਣੇ ਆਉਣ ਨਾਲ ਸ਼ਹਿਰ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਤਾਜ਼ਾ ਮਾਮਲੇ ਵਿੱਚ ਚੋਰਾਂ ਨੇ ਸਰਕੁਲਰ ਰੋਡ ’ਤੇ ਸਥਿਤ ਇਕ ਰੈਡੀਮੇਡ ਕੱਪੜਿਆਂ ਦੇ ਸ਼ੋਰੂਮ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦੇ ਬ੍ਰਾਂਡਿਡ ਕੱਪੜੇ ਅਤੇ ਕੀਮਤੀ ਅਸੈਸਰੀਆਂ ਚੋਰੀ ਕਰ ਲਈਆਂ। ਪੀੜਤ ਦੁਕਾਨਦਾਰ ਜਸਕਰਨ ਸਿੰਘ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਦੁਕਾਨ ਖੋਲ੍ਹਣ ਪਹੁੰਚੇ ਤਾਂ ਸ਼ਟਰ ਟੁੱਟਿਆ ਹੋਇਆ ਸੀ ਅਤੇ ਅੰਦਰ ਪਿਆ ਸਾਰਾ ਕੀਮਤੀ ਸਮਾਨ ਗਾਇਬ ਸੀ। ਚੋਰ ਇਤਨੇ ਸ਼ਾਤਰ ਸਨ ਕਿ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਆਪਣੇ ਨਾਲ ਲੈ ਗਏ। ਉਨ੍ਹਾਂ ਆਖਿਆ ਕਿ ਇਹ ਕੋਈ ਇਕੱਲੀ ਵਾਰਦਾਤ ਨਹੀਂ, ਪਿਛਲੇ ਦਸ ਦਿਨਾਂ ਵਿੱਚ ਹੀ ਸ਼ਹਿਰ ਅੰਦਰ ਚੋਰੀਆਂ ਦੀ ਲੜੀ ਬਣ ਚੁੱਕੀ ਹੈ। ਲਗਾਤਾਰ ਵਾਰਦਾਤਾਂ ਤੋਂ ਤੰਗ ਆ ਕੇ ਵਪਾਰ ਮੰਡਲ ਦੇ ਪ੍ਰਧਾਨ ਅਸ਼ਵਨੀ ਮਹਿਤਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਸ਼ਵਨੀ ਗਰੋਵਰ ਅਤੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਦਵਿੰਦਰ ਬਜਾਜ ਦੀ ਅਗਵਾਈ ਹੇਠ ਦੁਕਾਨਦਾਰਾਂ ਦੇ ਇਕ ਵਫ਼ਦ ਨੇ ਐਸਐਸਪੀ ਦਫ਼ਤਰ ਪਹੁੰਚ ਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਰੋਸ ਜ਼ਾਹਰ ਕੀਤਾ। ਵਪਾਰੀਆਂ ਨੇ ਦੋਸ਼ ਲਗਾਇਆ ਕਿ ਹੇਠਲਾ ਅਮਲਾ ਐਸਐਸਪੀ ਦੇ ਹੁਕਮਾਂ ਦੇ ਨੂੰ ਗੰਭੀਰਤਾ ਨਾਲ ਲੈਂਦਾ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਵਪਾਰੀਆਂ ਨੇ ਕਿਹਾ ਕਿ ਦਿਨ ਰਾਤ ਮਿਹਨਤ ਕਰਕੇ ਕਮਾਈ ਗਈ ਰੋਜ਼ੀ ਰਾਤਾਂ ਨੂੰ ਚੋਰ ਲੈ ਜਾਂਦੇ ਹਨ, ਜਦਕਿ ਪੁਲਿਸ ਵੱਲੋਂ ਨਾਂ ਤਾਂ ਸਮੇਂ ਸਿਰ ਮੌਕੇ ’ਤੇ ਪਹੁੰਚਿਆ ਜਾਂਦਾ ਹੈ ਅਤੇ ਨਾਂ ਹੀ ਦੋਸ਼ੀਆਂ ਖ਼ਿਲਾਫ਼ ਢੁੱਕਵੀਂ ਕਾਰਵਾਈ ਹੁੰਦੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਹਾਲਾਤ ਅਜਿਹੇ ਹੀ ਰਹੇ ਤਾਂ ਲੋਕ ਫਿਰੋਜ਼ਪੁਰ ਛੱਡਣ ਲਈ ਮਜਬੂਰ ਹੋ ਜਾਣਗੇ। ਉਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਰਦਾਤ ਦੀ ਸੂਚਨਾ ਮਿਲਦੇ ਹੀ ਟੀਮ ਮੌਕੇ ’ਤੇ ਪਹੁੰਚੀ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਚੋਰਾਂ ਦੇ ਆਉਣ-ਜਾਣ ਦੇ ਰਸਤੇ ਦਾ ਪਤਾ ਲਗਾਇਆ ਜਾ ਸਕੇ। ਹਾਲਾਂਕਿ ਜਦੋਂ ਉੱਚ ਅਧਿਕਾਰੀਆਂ ਤੋਂ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਐਸਐਸਪੀ ਨਾਲ ਮੁਲਾਕਾਤ ਨਹੀਂ ਹੋ ਸਕੀ ਅਤੇ ਡੀਐਸਪੀ ਵੱਲੋਂ ਵੀ ਫੋਨ ਰਿਸੀਵ ਨਹੀਂ ਕੀਤਾ ਗਿਆ। ਪੁਲਿਸ ਪ੍ਰਸ਼ਾਸਨ ਟੋਟਲ ਫੇਲ੍ਹ : ਦਵਿੰਦਰ ਬਜਾਜ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਦਵਿੰਦਰ ਬਜਾਜ ਨੇ ਦੋਸ਼ ਲਗਾਇਆ ਕਿ ਰਾਤ ਸਮੇਂ ਪੁਲਿਸ ਦੀ ਗਸ਼ਤ ਨਾਮਾਤਰ ਹੈ ਅਤੇ ਚੋਰਾਂ ਵਿੱਚ ਕਾਨੂੰਨ ਦਾ ਕੋਈ ਡਰ ਨਹੀਂ ਰਹਿ ਗਿਆ। ਬਜ਼ਾਰਾਂ ਵਿੱਚ ਮਹਿਲਾਵਾਂ ਨਾਲ ਲੁੱਟਾਂ ਦੀਆਂ ਘਟਨਾਵਾਂ ਆਮ ਹੋ ਚੁੱਕੀਆਂ ਹਨ। ਹਾਲਾਤ ਨਾ ਸੁਧਰੇ ਤਾਂ ਬਸੰਤ ਤੋਂ ਬਾਅਦ ਬਜ਼ਾਰ ਬੰਦ : ਵਪਾਰ ਮੰਡਲ ਵਪਾਰ ਮੰਡਲ ਦੇ ਪ੍ਰਧਾਨ ਅਸ਼ਵਨੀ ਮਹਿਤਾ ਨੇ ਕਿਹਾ ਕਿ ਚੋਰਾਂ ਵਿਚ ਪੁਲਿਸ ਦਾ ਕੋਈ ਖੌਫ ਨਹੀਂ ਹੈ, ਪੁਲਿਸ ਮੁਲਾਜ਼ਮ ਉਨ੍ਹਾਂ ਨੂੰ ਥੱਪੜ ਤੱਕ ਨਹੀਂ ਮਾਰਦੇ । ਜੇਕਰ ਜਲਦ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਤੇ ਪੀੜਤਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਬਸੰਤ ਤੋਂ ਬਾਅਦ ਫਿਰੋਜ਼ਪੁਰ ਦੇ ਬਜ਼ਾਰ ਬੰਦ ਕਰਨ ਲਈ ਮਜਬੂਰ ਹੋਣਾ ਪਵੇਗਾ। ਚੋਰਾਂ ਦੇ ਪੀੜਤ ਲੋਕਾਂ ’ਚ ਨਾਰਾਜ਼ਗੀ ਵਪਾਰ ਮੰਡਲ ਪ੍ਰਧਾਨ ਅਸ਼ਵਨੀ ਮਹਿਤਾ ਨੇ ਦੱਸਿਆ ਕਿ ਕੁੱਝ ਦਿਨ ਪਹਿਲੋਂ ਅਨਮੋਲ ਐਨਕਲੇਵ ਵਾਸੀ ਰਣਜੀਤ ਸਿੰਘ ਦੇ ਘਰ ਚੋਰੀ ਹੋਈ ।ਇਤਲਾਹ ਦੇਣ ਦੇ ਬਾਵਜੂਦ ਚਾਰ ਦਿਨ ਪੁਲਿਸ ਮੋਕਾ ਵੇਖਣ ਹੀ ਨਹੀਂ ਆਈ।ਇਸੇ ਤਰਾਂ ਗਰੋਵਰ ਮੈਡੀਕਲ ਸ਼ਾਪ ਅਤੇ ਇਕ ਲੈਬ ’ਤੇ ਹੋਈ ਚੋਰੀ ਤੋਂ ਦੁਕਾਨ ਮਾਲਕ ਨੇ ਦੱਸਿਆ ਕਿ ਆਨ ਲਾਈਨ ਸ਼ਿਕਾਇਤ ਕਰਨ ਦੇ ਬਾਵਜੂਦ ਪੁਲਿਸ ਮੌਕਾ ਵੇਖਣ ਹੀ ਨਹੀਂ ਆਈ । ਇਸ ਤੋਂ ਇਲਾਵਾ ਬੀਤੇ ਇਕ ਹਫਤੇ ਵਿਚ ਚੋਰਾਂ ਦੇ ਸ਼ਿਕਾਰ ਹੋਏ ਲੋਕਾਂ ਵਿਚੋਂ ਜਸਕਰਨ ਸਿੰਘ, ਬਜਾਜ ਸੈਨੇਟਰੀ , ਕਰਿਆਣਾ ਸਟੋਰ ਅਤੇ ਹੋਰ ਵੀ ਦੁਕਾਨਦਾਰ ਸ਼ਾਮਲ ਸਨ।