ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਿਰੋਜ਼ਪੁਰ ਵਿਖੇ ਸੀਵਰੇਜ ਓਵਰਫਲੋ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਿਰੋਜ਼ਪੁਰ ਵਿਖੇ ਸੀਵਰੇਜ ਓਵਰਫਲੋ
Publish Date: Sat, 07 Feb 2026 06:25 PM (IST)
Updated Date: Sat, 07 Feb 2026 06:29 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਆਮ ਲੋਕਾਂ ਨੂੰ ਸਾਫ਼ ਸੁੱਥਰਾ ਵਾਤਾਵਰਣ, ਪਾਣੀ ਅਤੇ ਵਧੀਆ ਸੀਵਰੇਜ਼ ਸਿਸਟਮ ਦੇਣ ਦੇ ਹਰ ਰੋਜ਼ ਦਮਗਜ਼ੇ ਮਾਰਦਾ ਜਿਲ੍ਹਾ ਪ੍ਰਸ਼ਾਸਨ ਲੱਗਦਾ ਆਪਣੀ ਮੰਜੀ ਹੇਠਾਂ ਕਦੇ ਵੀ ਸੋਟੀ ਮਾਰ ਕੇ ਨਹੀਂ ਵੇਖਦਾ। ਜਿਹੜੀ ਥਾਂ ਤੇ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ, ਐੱਸਡੀਐੱਮ, ਸਿਵਲ ਸਰਜਨ ਅਤੇ ਸੀਵਰੇਜ਼ ਬੋਰਡ ਦੇ ਵੱਡੇ ਅਧਿਕਾਰੀ ਦਿਨ ਦੇ 8 ਘੰਟੇ ਬਹਿ ਕੇ ਮੀਟਿੰਗਾਂ ਰਾਹੀਂ ਲੋਕਾਂ ਦੀ ਸਿਹਤ ਚਿੰਤਾ ਕਰਦੇ ਵੱਡੇ ਵੱਡੇ ਫ਼ੈਸਲੇ ਹਨ, ਉਸ ਥਾਂ ਦੇ ਆਲੇ ਦੁਆਲੇ ਹੋਇਆ ਬੂਰਾ ਹਾਲ ਉਨ੍ਹਾਂ ਨੂੰ ਵਿਖਾਈ ਨਹੀਂ ਦਿੰਦਾ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਇਹ ਵਤੀਰਾ ਦੀਵੇ ਥੱਲੇ ਹਨ੍ਹੇਰਾ ਦੀ ਕਹਾਵਤ ਨੂੰ ਸੱਚ ਸਾਬਤ ਕਰਦਾ ਵਿਖਾਈ ਦੇ ਰਿਹਾ ਹੈ। ਇਸਦਾ ਪ੍ਰਤੱਖ ਪ੍ਰਮਾਣ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੇਖਣ ਨੂੰ ਮਿਲਿਆ ਹੈ। ਦੱਸਣਯੋਗ ਹੈ ਕਿ ਗਵਰਨਰ ਪੰਜਾਬ ਵੱਲੋਂ ਫਿਰੋਜ਼ਪੁਰ ਵਿਖੇ ਵਿਜ਼ਿਟ ਕੀਤੀ ਜਾਣੀ ਹੈ ਅਤੇ ਪ੍ਰਸ਼ਾਸਨ ਵੱਲੋ ਸ਼ਹਿਰ ਦੀ ਦਿੱਖ ਨੂੰ ਸਾਫ਼ ਸੁਥਰਾ ਵਿਖਾਉਣ ਵਾਸਤੇ ਟਿੱਲ ਦਾ ਜ਼ੋਰ ਲਗਾਇਆ ਹੋਇਆ ਹੈ ਪਰ ਦੀਵੇ ਥੱਲੇ ਹਨੇਰਾ ਦੀ ਅਖਾਣ ਇਥੇ ਸਹੀ ਢੁਕਦੀ ਹੈ । ਜੇਕਰ ਪ੍ਰਸ਼ਾਸਨ ਆਪਣੇ ਕੰਪਲੈਕਸ ਵਿਚ ਝਾਤ ਮਾਰੇ ਤਾਂ ਸਹਿਰ ਦੇ ਮਾੜੇ ਹਲਾਤਾਂ ਦੀ ਤਸਵੀਰ ਸਾਫ਼ ਹੋ ਜਾਵੇਗੀ।ਇਸ ਕੰਪਲੈਕਸ ਵਿਚ ਕੰਮ ਕਰਦੇ ਮੁਲਾਜ਼ਮ ਭਾਵੇਂ ਕੈਮਰੇ ਸਾਹਮਣੇ ਤਾ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ ਪਰ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਪਾਣੀ ਹੁਣ ਬਿਲਡਿੰਗ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਿਰੋਜ਼ਪੁਰ ਵਿਖੇ ਪਿਛਲੇ ਕਾਫ਼ੀ ਸਮੇਂ ਤੋਂ ਸੀਵਰੇਜ ਜਾਮ ਹੋਣ ਦੀ ਵਜ੍ਹਾ ਨਾਲ ਗੰਦਾ ਬਦਬੂਦਾਰ ਪਾਣੀ ਓਵਰਫਲੋ ਹੋਣ ਨਾਲ਼ ਵੱਖ ਵੱਖ ਵਿਭਾਗਾਂ ਵਿਚ ਕੰਮ ਕਰਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਚ ਬਿਮਾਰੀਆਂ ਫੈਲਣ ਦਾ ਖ਼ਤਰਾ ਹਮੇਸ਼ਾਂ ਮੰਡਰਾਉਂਦਾ ਰਹਿੰਦਾ ਹੈ। ਪਰ ਜਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਅਤੇ ਸੀਵਰੇਜ਼ ਵਿਭਾਗ ਦੇ ਕੰਨਾਂ ਤੇ ਜੂੰ ਵੀ ਸਰਕਦੀ ਨਜ਼ਰ ਨਹੀਂ ਆ ਰਹੀ। ਲੰਮੇ ਸਮੇਂ ਤੋਂ ਸੀਵਰੇਜ ਜਾਮ ਹੋਣ ਕਾਰਨ ਬਦਬੂਦਾਰ ਗੰਦਾ ਪਾਣੀ ਓਵਰਫਲੋ ਕਰਕੇ ਇਕੱਠਾ ਹੋਇਆ ਪਿਆ ਹੈ। ਇਸ ਨਾਲ ਨਾ ਸਿਰਫ਼ ਭਿਆਨਕ ਬਦਬੂ ਫੈਲ ਰਹੀ ਹੈ, ਸਗੋਂ ਮੱਛਰਾਂ ਦੀ ਭਰਮਾਰ ਕਾਰਨ ਡੇਂਗੂ, ਮਲੇਰੀਆ ਵਰਗੀਆਂ ਗੰਭੀਰ ਬਿਮਾਰੀਆਂ ਫੈਲਣ ਦਾ ਵੀ ਵੱਡਾ ਖ਼ਤਰਾ ਬਣਿਆ ਹੋਇਆ ਹੈ। ਦਫ਼ਤਰ ਵਿਚ ਕੰਮ ਕਰ ਰਹੇ ਮੁਲਾਜ਼ਮ ਇਸ ਗੰਭੀਰ ਸਮੱਸਿਆ ਕਾਰਨ ਬਹੁਤ ਪਰੇਸ਼ਾਨ ਹਨ। ਹੈਰਾਨੀਜਨਕ ਗੱਲ ਇਹ ਹੈ ਕਿ ਬਾਰ-ਬਾਰ ਸ਼ਿਕਾਇਤਾਂ ਦੇ ਬਾਵਜੂਦ ਸਬੰਧਤ ਵਿਭਾਗ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ, ਜੋ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਦਰਸਾਉਂਦਾ ਹੈ।ਮੁਲਾਜ਼ਮਾਂ ਅਤੇ ਆਮ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੀਵਰੇਜ ਜਾਮ ਦੀ ਸਮੱਸਿਆ ਦਾ ਤੁਰੰਤ ਨੋਟਿਸ ਲਿਆ ਜਾਵੇ, ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਇਲਾਕੇ ਵਿੱਚ ਤੁਰੰਤ ਸਫ਼ਾਈ ਅਤੇ ਸਿਹਤ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਜਾਣ। ਇਸ ਸਬੰਧੀ ਗੱਲਬਾਤ ਕਰਨ ਲਈ ਡਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਨਾਲ ਵਾਰ ਵਾਰ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆਪਣੇ ਰੁਝੇਵਿਆਂ ਕਰਨ ਫੋਨ ਨਹੀਂ ਚੁੱਕਿਆ।