ਸਰੀਰ ਦਾਨ ਰਾਹੀਂ ਮਨੁੱਖਤਾ ਦੀ ਮਿਸਾਲ ਕੀਤੀ ਕਾਇਮ
ਸਰੀਰ ਦਾਨ ਰਾਹੀਂ ਮਨੁੱਖਤਾ ਦੀ ਮਿਸਾਲ ਕਾਇਮ
Publish Date: Wed, 18 Mar 2026 04:31 PM (IST)
Updated Date: Wed, 18 Mar 2026 04:34 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ: ਐਂਟੀ ਕਰੱਪਸ਼ਨ ਫਾਉਂਡੇਸ਼ਨ ਆਫ ਇੰਡੀਆ ਬ੍ਰਾਂਚ ਜ਼ੀਰਾ ਦੇ ਜ਼ਿਲ੍ਹਾ ਡਾਇਰੈਕਟਰ ਰਮੇਸ਼ ਚੰਦਰ ਦੀ ਪ੍ਰੇਰਣਾ ਸਦਕਾ ਮਾਸਟਰ ਹਰਬੰਸ ਸਿੰਘ ਗਿੱਲ ਵਾਸੀ ਵਾੜਾ ਵਰਿਆਮ ਸਿੰਘ ਵਾਲਾ ਜ਼ੀਰਾ ਵੱਲੋਂ ਸਰੀਰ ਦਾਨ ਕਰਨ ਦਾ ਲਿਆ ਗਿਆ ਫੈਸਲਾ ਸਮਾਜ ਲਈ ਇੱਕ ਉੱਚੀ ਮਿਸਾਲ ਬਣ ਗਿਆ ਹੈ। ਉਨ੍ਹਾਂ ਨੇ ਆਪਣੇ ਜੀਵਨ ਦੌਰਾਨ ਹੀ ਆਪਣੇ ਬੇਟੇ ਮਨਜਿੰਦਰ ਸਿੰਘ ਗਿੱਲ ਦੀ ਹਾਜ਼ਰੀ ਵਿੱਚ ਮਰਨ ਉਪਰੰਤ ਆਪਣਾ ਸਰੀਰ ਏਮਜ਼ ਹਸਪਤਾਲ (ਮੈਡੀਕਲ ਕਾਲਜ) ਬਠਿੰਡਾ ਦੇ ਵਿਦਿਆਰਥੀਆਂ ਲਈ ਖੋਜ ਅਤੇ ਡਾਕਟਰੀ ਪੜ੍ਹਾਈ ਵਾਸਤੇ ਦਾਨ ਕਰਨ ਦੀ ਸਹਿਮਤੀ ਦਿੱਤੀ ਸੀ। ਬੀਤੇ ਦਿਨੀਂ ਮਾਸਟਰ ਹਰਬੰਸ ਸਿੰਘ ਗਿੱਲ ਦੇ ਅਚਾਨਕ ਆਕਾਲ ਚਲਾਣੇ ਮਗਰੋਂ ਐਂਟੀ ਕਰੱਪਸ਼ਨ ਫਾਉਂਡੇਸ਼ਨ ਆਫ ਇੰਡੀਆ ਬ੍ਰਾਂਚ ਜ਼ੀਰਾ ਦੇ ਅਹੁਦੇਦਾਰ ਪਿੰਡ ਵਾੜਾ ਵਰਿਆਮ ਸਿੰਘ ਵਾਲਾ ਪਹੁੰਚੇ, ਉਨ੍ਹਾਂ ਮਾਸਟਰ ਹਰਬੰਸ ਸਿੰਘ ਗਿੱਲ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਦਰਸ਼ਨ ਸਿੰਘ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਰਿਟਾ. ਮਾਸਟਰ ਮੇਘਰਾਜ ਰੱਲਾ ਰਮੇਸ਼ ਚੰਦਰ ਆਰੀਆ ਆਦਿ ਨੇ ਉਨ੍ਹਾਂ ਦੀ ਸੇਵਾ-ਭਾਵਨਾ ਭਰੀ ਜੀਵਨ ਯਾਤਰਾ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਦੀ ਪਵਿੱਤਰ ਦੇਹ ਨੂੰ ਏਮਜ਼ ਹਸਪਤਾਲ ਮੈਡੀਕਲ ਕਾਲਜ ਬਠਿੰਡਾ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਪੁੱਤਰ ਮਨਜਿੰਦਰ ਸਿੰਘ ਗਿੱਲ, ਡਾਇਰੈਕਟਰ ਨਰਿੰਦਰ ਕੁਮਾਰ ਨਾਰੰਗ, ਜ਼ਿਲ੍ਹਾ ਡਾਇਰੈਕਟਰ ਅਸ਼ੋਕ ਕਥੂਰੀਆ,ਕਿਰਨ ਗੌੜ ਅਤੇ ਪੰਜਾਬ ਡਾਇਰੈਕਟਰ ਕਰਨ ਬਾਂਸਲ, ਗੁਰਪ੍ਰੀਤ ਸਿੰਘ ਸੇਖੋਂ ਮੁਦਕੀ ਆਦਿ ਹਾਜ਼ਰ ਸਨ।