ਸਮਾਜ ਸੇਵਾ ਹੀ ਸੱਚੀ ਇਬਾਦਤ ਹੈ : ਗੁਰਪ੍ਰੀਤ ਸਿੰਘ ਸੇਖੋ
ਸੇਵਾ ਹੀ ਸੱਚੀ ਇਬਾਦਤ ਹੈ, ਸਮਾਜ ਦੇ ਹਰ ਵਰਗ ਤੱਕ ਮਦਦ ਪਹੁੰਚਾਉਣਾ ਸਾਡਾ ਫਰਜ਼: ਗੁਰਪ੍ਰੀਤ ਸਿੰਘ ਸੇਖੋ
Publish Date: Sun, 11 Jan 2026 04:04 PM (IST)
Updated Date: Sun, 11 Jan 2026 04:06 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਦੇਰ ਸ਼ਾਮ ਸਮਾਜਿਕ ਸੇਵਾ ਦੇ ਖੇਤਰ ਵਿਚ ਅਹਿਮ ਭੂਮਿਕਾ ਨਿਭਾ ਰਹੀ ਹੈਲਪਿੰਗ ਹੈਂਡ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਸ੍ਰੀ ਗੁਰੂ ਨਾਨਕ ਮੋਦੀਖਾਨਾ ਵਿਖੇ ਪ੍ਰਮੁੱਖ ਸਮਾਜਸੇਵੀ ਗੁਰਪ੍ਰੀਤ ਸਿੰਘ ਸੇਖੋ ਦੇ ਪਹੁੰਚਣ ‘ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਹੈਲਪਿੰਗ ਹੈਂਡ ਸੁਸਾਇਟੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਬੱਬਲੂ, ਸਰਪ੍ਰਸਤ ਗੁਰਪ੍ਰੀਤ ਸਿੰਘ ਗੋਰਾ, ਆਸ਼ੂ ਸੱਚਦੇਵਾ ਅਤੇ ਗੁਰਪ੍ਰੀਤ ਸਿੰਘ ਨਾਮਦੇਵ ਵੱਲੋਂ ਉਨ੍ਹਾਂ ਦਾ ਗਰਮਜੋਸ਼ੀ ਸਵਾਗਤ ਕੀਤਾ ਗਿਆ। ਮੋਦੀਖਾਨਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਸੇਖੋ ਨੇ ਕਿਹਾ ਕਿ ਹੈਲਪਿੰਗ ਹੈਂਡ ਸੁਸਾਇਟੀ ਵੱਲੋਂ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਅੱਜ ਦੇ ਸਮਾਜ ਲਈ ਇਕ ਮਿਸਾਲ ਹੈ। ਉਨ੍ਹਾਂ ਕਿਹਾ ਕਿ ਗਰੀਬ, ਮਜ਼ਲੂਮ ਅਤੇ ਲੋੜਵੰਦ ਲੋਕਾਂ ਲਈ ਰਾਸ਼ਨ, ਦਵਾਈਆਂ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਸੱਚੀ ਮਨੁੱਖਤਾ ਦੀ ਪਛਾਣ ਹੈ। ਗੁਰਪ੍ਰੀਤ ਸੇਖੋ ਨੇ ਕਿਹਾ ਕਿ ਅਜਿਹੀਆਂ ਸੰਸਥਾਵਾਂ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੀਆਂ ਹਨ ਜੋ ਮੁਸ਼ਕਲ ਸਮਿਆਂ ਵਿਚ ਗਰੀਬਾਂ ਅਤੇ ਲੋੜਵੰਦਾਂ ਦਾ ਸਹਾਰਾ ਬਣਦੀਆਂ ਹਨ। ਉਨ੍ਹਾਂ ਕਿਹਾ ਕਿ ਸਮਾਜ ਦੀ ਤਰੱਕੀ ਓਦੋਂ ਹੀ ਸੰਭਵ ਹੈ ਜਦੋਂ ਹਰ ਵਿਅਕਤੀ ਦੂਜੇ ਦੇ ਦੁੱਖ ਦਰਦ ਨੂੰ ਆਪਣਾ ਸਮਝੇ। ਹੈਲਪਿੰਗ ਹੈਂਡ ਸੁਸਾਇਟੀ ਵੱਲੋਂ ਚਲਾਇਆ ਜਾ ਰਿਹਾ ਸ੍ਰੀ ਗੁਰੂ ਨਾਨਕ ਮੋਦੀਖਾਨਾ ਸਿਰਫ਼ ਇਕ ਸੇਵਾ ਕੇਂਦਰ ਨਹੀਂ, ਸਗੋਂ ਮਨੁੱਖਤਾ ਦਾ ਮੰਦਰ ਹੈ। ਗੁਰਪ੍ਰੀਤ ਸਿੰਘ ਸੇਖੋਂ ਨੇ ਐਲਾਨ ਕੀਤਾ ਕਿ ਭਵਿੱਖ ਵਿਚ ਹੈਲਪਿੰਗ ਹੈਂਡ ਸੁਸਾਇਟੀ ਵੱਲੋਂ ਕੀਤੇ ਜਾਣ ਵਾਲੇ ਸਮਾਜ ਭਲਾਈ ਦੇ ਕੰਮਾਂ ਵਿਚ ਉਹ ਆਪਣਾ ਪੂਰਾ ਯੋਗਦਾਨ ਦੇਣਗੇ ਅਤੇ ਹਰ ਵੇਲੇ ਲੋਕਾਂ ਦੀ ਸੇਵਾ ਲਈ ਤਿਆਰ ਰਹਿਣਗੇ। ਇਸ ਮੌਕੇ ਹੈਲਪਿੰਗ ਹੈਂਡ ਸੁਸਾਇਟੀ ਵੱਲੋਂ ਗੁਰਪ੍ਰੀਤ ਸਿੰਘ ਸੇਖੋ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਗੋਰਾ ਟੀਮ ਸ੍ਰਪਰਸਤ, ਗੁਰਪ੍ਰੀਤ ਸਿੰਘ ਨਾਮਦੇਵ ਚੇਅਰਮੈਨ, ਦੀਪਕ ਸਿੰਘ, ਬਲਜਿੰਦਰ ਸਿੰਘ ਖਜ਼ਾਨਚੀ, ਆਸ਼ੂ ਸੱਚਦੇਵਾ, ਵਰਿੰਦਰ ਪਾਲ ਸਿੰਘ ਟਿੰਕੂ, ਸੁੱਖ ਸਨ੍ਹੇਰ, ਰਿੰਕੂ ਅਹੂਜਾ, ਮਿੰਟੂ ਅਹੂਜਾ, ਅਰਸ਼ ਸ਼ਰਮਾ, ਰਾਕੇਸ਼ ਬਜਾਜ ਆਦਿ ਹਾਜ਼ਰ ਸਨ।