ਕਣਕ ਸਟੋਰੇਜ ’ਚ ਮਿਲੀ-ਭੁਗਤ ਦੀ ਖੇਡ, ਟਰੱਕ ਯੂਨੀਅਨ ਨੇ ਖੋਲ੍ਹੀ ਘਪਲੇਬਾਜ਼ੀ ਦੀ ਪੋਲ
ਜ਼ੀਰਾ ਦੀਆਂ ਪ੍ਰਾਈਵੇਟ ਪਲੰਥਾਂ ’ਤੇ ਕਣਕ ਘਪਲੇ ਦੇ ਗੰਭੀਰ ਦੋਸ਼, ਸਰਕਾਰੀ ਖਜ਼ਾਨੇ ਨੂੰ ਕਰੋੜਾਂ ਦਾ ਨੁਕਸਾਨ
Publish Date: Fri, 06 Mar 2026 05:35 PM (IST)
Updated Date: Fri, 06 Mar 2026 05:39 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜ਼ੀਰਾ ਵਿੱਚ ਪ੍ਰਾਈਵੇਟ ਪਲੰਥਾਂ ’ਤੇ ਸਟੋਰ ਕੀਤੀ ਜਾ ਰਹੀ ਵੱਖ-ਵੱਖ ਖਰੀਦ ਏਜੰਸੀਆਂ ਦੀ ਕਣਕ ਸਬੰਧੀ ਵੱਡੇ ਪੱਧਰ ’ਤੇ ਘਪਲੇਬਾਜੀ ਦੇ ਦੋਸ਼ ਸਾਹਮਣੇ ਆਏ ਹਨ। ਟਰੱਕ ਯੂਨੀਅਨ ਜ਼ੀਰਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ, ਪ੍ਰਧਾਨ ਰਿਸ਼ੀ ਕੁਮਾਰ ਬੱਬਲੂ, ਗੁਰਚਰਨ ਸਿੰਘ ਸੰਧੂ, ਬਲਵੰਤ ਸਿੰਘ ਢਿੱਲੋਂ ਸਾਬਕਾ ਪ੍ਰਧਾਨ ਨਗਰ ਕੌਂਸਲ ਅਤੇ ਜਸਬੀਰ ਸਿੰਘ ਭੁੱਟੋ ਨੇ ਗੰਭੀਰ ਇਲਜ਼ਾਮ ਲਗਾਏ ਹਨ ਕਿ ਉਨ੍ਹਾਂ ਦੱਸਿਆ ਕਿ ਅਪ੍ਰੈਲ 2025 ਦੌਰਾਨ ਜ਼ੀਰਾ ਮੰਡੀਆਂ ਤੋਂ ਕਣਕ ਲੋਡ ਕਰਕੇ ਮਨਸੂਰਦੇਵਾ ਪਲੰਥ ਵਿਖੇ ਭੇਜੀ ਗਈ ਸੀ। ਟਰੱਕ ਯੂਨੀਅਨ ਵੱਲੋਂ ਭੇਜੇ ਗਏ ਇਕ ਟਰੱਕ ਵਿੱਚ 360 ਗੱਟੇ (ਪ੍ਰਤੀ ਗੱਟਾ 50 ਕਿਲੋ) ਲੋਡ ਕੀਤੇ ਗਏ ਸਨ, ਜਿਸ ਦਾ ਕੁੱਲ ਵਜ਼ਨ ਗੱਟਿਆਂ ਸਮੇਤ 182 ਕੁਇੰਟਲ 600 ਗ੍ਰਾਮ ਬਣਦਾ ਹੈ। ਆਗੂਆਂ ਦਾ ਦੋਸ਼ ਹੈ ਕਿ ਜੇਕਰ ਥੋੜ੍ਹੀ ਬਹੁਤੀ ਸ਼ਾਰਟੇਜ ਹੁੰਦੀ ਸੀ ਤਾਂ ਉਹ ਟਰੱਕ ਆਪਰੇਟਰਾਂ ਅਤੇ ਆੜ੍ਹਤੀਆਂ ਤੋਂ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਵੱਲੋਂ ਵਸੂਲ ਕੀਤੀ ਜਾਂਦੀ ਸੀ ਪਰ ਪ੍ਰਾਈਵੇਟ ਪਲੰਥਾਂ ਵਿੱਚ ਉਲਟ ਤਸਵੀਰ ਨਜ਼ਰ ਆ ਰਹੀ ਹੈ। ਟਰੱਕ ਯੂਨੀਅਨ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਪਲੰਥ ਮਾਲਕਾਂ ਅਤੇ ਕੁਝ ਇੰਸਪੈਕਟਰਾਂ ਦੀ ਮਿਲੀ-ਭੁਗਤ ਨਾਲ ‘ਸਪੈਸ਼ਲਾਂ’ ਦੌਰਾਨ ਕਣਕ ਦੇ ਗੱਟਿਆਂ ’ਤੇ ਪਾਣੀ ਛਿੜਕ ਕੇ ਉਨ੍ਹਾਂ ਦਾ ਵਜ਼ਨ ਵਧਾਇਆ ਜਾਂਦਾ ਹੈ,ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਡਿੰਗ ਸਮੇਂ ਕਣਕ ਦੀ ਨਮੀ ਅਤੇ ਵਜ਼ਨ ਵਿੱਚ ਅਸਧਾਰਣ ਵਾਧਾ ਸਾਫ਼ ਤੌਰ ’ਤੇ ਘਪਲੇ ਵੱਲ ਇਸ਼ਾਰਾ ਕਰਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਸਟੋਰੇਜ ਦੌਰਾਨ ਨਵਾਂ ਬਾਰਦਾਨਾ ਲਗਾ ਕੇ ਬਾਅਦ ਵਿਚ ਉਸ ਨੂੰ ਬਦਲ ਕੇ ਪੁਰਾਣਾ ਬਾਰਦਾਨਾ ਵਰਤਿਆ ਜਾਂਦਾ ਹੈ ਅਤੇ ਉਹੀ ਗੱਟੇ ਸਪੈਸ਼ਲਾਂ ਵਿੱਚ ਲੋਡ ਕਰ ਦਿੱਤੇ ਜਾਂਦੇ ਹਨ। ਟਰੱਕ ਯੂਨੀਅਨ ਨੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ,ਫੂਡ ਸਪਲਾਈ ਵਿਭਾਗ,ਵਿਜੀਲੈਂਸ ਵਿਭਾਗ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਕਰਵਾਈ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਉਹ ਮਾਣਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਉਣ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਇਸ ਸਬੰਧੀ ਜਦ ਡੀਐੱਫਐੱਸਸੀ ਜਤਿਨ ਵਰਮਾ ਨਾਲ ਫੋਨ ਤੇ ਰਾਬਤਾ ਕਾਇਮ ਕੀਤਾ ਤਾਂ ਉਨਾਂ ਨੇ ਮੀਟਿੰਗ ਵਿੱਚ ਬਿਜ਼ੀ ਹੋਣ ਦਾ ਕਹਿ ਕੇ ਫੋਨ ਕੱਟ ਦਿੱਤਾ।